ਨਿੱਜੀ ਸਕੂਲ ’ਤੇ ਪੇਰੈਂਟਸ ਐਸੋਸੀਏਸ਼ਨ ਦਾ ਦੋਸ਼, ਫੀਸ ਨਾ ਦੇਣ ਕਾਰਨ ਵਿਦਿਆਰਥੀਆਂ ਨੂੰ ਸਕੂਲ ਤੋਂ ਕੱਢਿਆ ਬਾਹਰ

04/20/2022 11:49:18 AM

ਅੰਮ੍ਰਿਤਸਰ (ਦਲਜੀਤ) - ਇਕ ਨਿੱਜੀ ਸਕੂਲ ਦੀ ਮਨਮਾਨੀ ’ਤੇ ਪੇਰੈਂਟਸ ਐਸੋਸੀਏਸ਼ਨ ਨੇ ਦੋਸ਼ ਲਾਏ ਹਨ। ਪੇਰੈਂਟਸ ਐਸੋਸੀਏਸ਼ਨ ਨੇ ਕਿਹਾ ਕਿ ਨਿੱਜੀ ਸਕੂਲ ਪ੍ਰਬੰਧਕ ਵਿਦਿਆਰਥੀਆਂ ’ਤੇ ਕਿਤਾਬਾਂ, ਵਰਦੀਆਂ, ਸਕੂਲ ਕੰਪਲੈਕਸ ਤੋਂ ਖਰੀਦਣ ਦਾ ਦਬਾਅ ਬਣਾ ਰਹੇ ਹਨ। ਇਸ ਦੇ ਨਾਲ ਕੋਵਿਡ ਕਾਲ ਦੀਆਂ ਵਧੀਆਂ ਹੋਈਆਂ ਫੀਸਾਂ ਵੀ ਵਿਦਿਆਰਥੀਆਂ ਤੋਂ ਵਸੂਲਣ ਲਈ ਆਪਣਾ ਦਬਾਅ ਬਣਾ ਰਹੇ ਹਨ। ਇਸ ਗੱਲ ਦੀ ਸ਼ਿਕਾਇਤ ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੂੰ ਕੀਤੀ ਹੈ। ਪੇਰੈਂਟਸ ਐਸੋਸੀਏਸ਼ਨ ਦੇ ਬੁਲਾਰੇ ਕਮਲਦੀਪ ਨੇ ਦੱਸਿਆ ਕਿ 18 ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਹੋ ਗਿਆ ਹੈ। ਇਨ੍ਹਾਂ ਬੱਚਿਆਂ ਨੂੰ ਸਕੂਲ ਵਿਚ ਨਹੀਂ ਬਿਠਾਇਆ ਜਾ ਰਿਹਾ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ।

ਗਲੀ-ਮੁਹੱਲਿਆਂ ਵਿਚ ਚੱਲ ਰਹੇ ਹਨ ਛੋਟੇ ਸਕੂਲਾਂ ’ਤੇ ਕੀ ਹੋਵੇਗੀ ਸਰਕਾਰੀ ਕਾਰਵਾਈ?
ਸਰਕਾਰ ਵਲੋਂ ਸਿੱਖਿਆ ਵੱਲ ਧਿਆਨ ਨਾ ਦੇਣ ਕਾਰਨ ਗਲੀਆਂ-ਮੁਹੱਲਿਆਂ ਵਿਚ ਲਗਾਤਾਰ ਛੋਟੇ-ਛੋਟੇ ਸਕੂਲ ਖੁੱਲਦੇ ਜਾ ਰਹੇ ਹਨ। ਅਜਿਹੇ ਸਕੂਲਾਂ ਵਿਚ ਜ਼ਿਆਦਾਤਰ ਨਾ ਤਾਂ ਯੋਗਤਾ ਸਟਾਫ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਹੈ ਅਤੇ ਨਾ ਹੀ ਵਿਦਿਆਰਥੀਆਂ ਦੇ ਸਰੀਰਕ ਵਿਕਾਸ ਲਈ ਕੋਈ ਗਰਾਊਂਡ ਹੈ। ਹਰ ਵਾਰ ਵਿਭਾਗ ਵਲੋਂ ਇਨ੍ਹਾਂ ਸਕੂਲਾਂ ਨੂੰ ਰੈਗੂਲਰ ਕਰਨ ਲਈ ਇਤਰਾਜ ਉਠਾਇਆਂ ਜਾਂਦਾ ਹੈ ਪਰ ਇਨ੍ਹਾਂ ਵਿਚੋਂ ਕੁਝ ਸਕੂਲਾਂ ਦੇ ਮਾਲਿਕਾਂ ਦੇ ਸਿਆਸੀ ਸੰਬੰਧ ਹੋਣ ਕਾਰਨ ਉਹ ਵਿਭਾਗ ਨੂੰ ਮਜ਼ਬੂਰ ਕਰ ਦਿੰਦੇ ਹਨ ਕਿ ਉਨ੍ਹਾਂ ਨੂੰ ਰੈਗੂਲਰ ਕਰ ਦਿੱਤਾ ਜਾਵੇ। ਦੱਸਿਆ ਜਾ ਰਿਹਾ ਹੈ ਕਿ ਪਿਛਲੀ ਸਰਕਾਰ ਵਿੱਚ ਇੱਕ ਸਾਬਕਾ ਕੈਬਨਿਟ ਮੰਤਰੀ ਦੇ ਇਸ਼ਾਰੇ ’ਤੇ ਇਨ੍ਹਾਂ ਸਕੂਲਾਂ ਨੂੰ ਰੈਗੂਲਰ ਕੀਤਾ ਗਿਆ ਸੀ। ਜ਼ਿਲ੍ਹੇ ਵਿਚ ਹੁਣ ਵੀ ਅਜਿਹੇ ਕਈ ਸਕੂਲ ਹਨ, ਜੋ ਬਿਨਾਂ ਮਾਨਤਾ ਅਤੇ ਵਿਭਾਗ ਵਲੋਂ ਰੈਗੂਲਰ ਕਰਨ ਦੇ ਬਿਨਾਂ ਹੀ ਚੱਲ ਰਹੇ ਹਨ। ਇਹ ਸਕੂਲ ਆਪਣੀ ਮਰਜ਼ੀ ਨਾਲ ਫੀਸ ਲੈ ਰਹੇ ਹਨ।

ਵਿਭਾਗ ਦੀ ਕਾਰਵਾਈ ਨਾਲ ਹੜਕੰਪ ਵਿਚ ਆਏ ਸਕੂਲ
ਦੂਜੇ ਪਾਸੇ, ਸਰਕਾਰ ਦੇ ਨਾਦਰਸ਼ਾਹੀ ਫ਼ਰਮਾਨ ਖ਼ਿਲਾਫ਼ ਮਾਨਤਾ ਪ੍ਰਾਪਤ ਸਕੂਲ ਐਸੋਸੀਏਸ਼ਨ (ਰਾਸਾ) ਪੰਜਾਬ ਨੇ ਸਖ਼ਤ ਇਤਰਾਜ਼ ਪ੍ਰਗਟਾਇਆ। ਰਾਸਾ ਅਧਿਕਾਰੀਆਂ ਨੇ ਬੁੱਧਵਾਰ ਨੂੰ 4 ਵਜੇ ਸ਼ਾਮ ਅਜੰਤਾ ਸਕੂਲ ਬੇਰੀ ਗੇਟ ਵਿਖੇ ਇਕ ਬੈਠਕ ਬੁਲਾਈ ਹੈ। ਪ੍ਰਿੰਸੀਪਲਾ ਦੀ ਰਾਏ ਤੋਂ ਬਾਅਦ ਅਗਲੀ ਰਣਨੀਤੀ ਤੈਅ ਕਰਨ ਦਾ ਐਲਾਨ ਕੀਤਾ ਗਿਆ ਹੈ। ਦੂਜੇ ਪਾਸੇ ਪ੍ਰਾਈਵੇਟ ਸਕੂਲਾਂ ਦੀਆਂ ਸੰਸਥਾਵਾਂ ਨੇ ਰੋਸ ਪ੍ਰਗਟਾਉਣ ਦੀ ਤਿਆਰੀ ਕਰ ਲਈ ਹੈ। ਰਾਸਾ ਨਾਲ ਸਬੰਧਤ ਸਕੂਲ ਮਾਮੂਲੀ ਫੀਸ ਲੈ ਕੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੇ ਹਨ। ਵੱਡੇ ਸਕੂਲਾਂ ਵੱਲੋਂ ਵਸੂਲੀ ਜਾ ਰਹੀਆਂ ਮੋਟੀਆਂ ਫੀਸਾਂ ’ਤੇ ਕਾਰਵਾਈ ਕਰਨ ਦੀ ਬਜਾਏ ਸਰਕਾਰ ਉਨ੍ਹਾਂ ਦੇ ਸਕੂਲਾਂ ’ਤੇ ਅੱਖ ਰੱਖ ਰਹੀ ਹੈ। ਜੇਕਰ ਉਨ੍ਹਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕੀਤਾ ਜਾਂਦਾ ਹੈ ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਮਨਮਾਨੀਆਂ ਕਰਨ ਵਾਲੇ ਸਕੂਲਾਂ ਦੀ ਰਿਪੋਰਟ ਆਉਣ ’ਤੇ ਹੋਵੇਗੀ ਕਾਰਵਾਈ
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜੁਗਰਾਜ ਸਿੰਘ ਨੇ ਕਿਹਾ ਕਿ ਜਿਹੜੇ ਸਕੂਲ ਸਰਕਾਰੀ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ ਅਤੇ ਮਨਮਾਨੀਆਂ ਕਰ ਰਹੇ ਹਨ, ਉਨ੍ਹਾਂ ਦੀ ਰਿਪੋਰਟ ਆਉਣ ’ਤੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਵਲੋਂ ਸਾਰੇ ਸਕੂਲਾਂ ਦੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਬਿਨਾਂ ਕਿਸੇ ਕਾਰਨ ਸਕੂਲੀ ਵਿਦਿਆਰਥੀਆਂ ਨੂੰ ਪ੍ਰੇਸਾਨ ਕਰ ਰਹੇ ਹਨ, ਉਨ੍ਹਾਂ ਦੀ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਜੁਗਰਾਜ ਰੰਧਾਵਾ ਨੇ ਕਿਹਾ ਕਿ ਵਿਭਾਗ ਦੀ ਟੀਮ ਪਾਰਦਰਸ਼ੀ ਢੰਗ ਨਾਲ ਕੰਮ ਕਰ ਰਹੀ ਹੈ। ਜੇਕਰ ਮਾਪਿਆਂ ਨੂੰ ਕਿਸੇ ਸਕੂਲ ਵਿਰੁੱਧ ਕੋਈ ਸ਼ਿਕਾਇਤ ਹੈ ਤਾਂ ਉਹ ਸਬੰਧਤ ਨੋਡਲ ਅਫ਼ਸਰ ਨਾਲ ਸੰਪਰਕ ਕਰਕੇ ਸਬੂਤਾਂ ਸਮੇਤ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ, ਵਿਭਾਗ ਇਸ ਦੀ ਜਾਂਚ ਕਰੇਗਾ।

ਜਾਂਚ ਟੀਮਾਂ ਵਲੋਂ ਲਗਾਤਾਰ ਕੀਤੀ ਜਾ ਰਹੀ ਹੈ ਨਿਗਰਾਨੀ
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਜਾਂਚ ਦੌਰਾਨ ਉਹ ਲਗਾਤਾਰ ਸਕੂਲਾਂ ਦੀ ਚੈਕਿੰਗ ਕਰ ਰਹੇ ਹਨ ਅਤੇ ਉਨ੍ਹਾਂ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਅਧਿਕਾਰੀਆਂ ਦੀਆਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਮਨਮਾਨੀ ਕਰਨ ਵਾਲੇ ਸਕੂਲ ਬਾਰੇ ਕੋਈ ਵੀ ਜਾਣਕਾਰੀ ਗੁਪਤ ਨਾ ਰਹੇ, ਰਾਜੇਸ਼ ਸ਼ਰਮਾ ਨੇ ਕਿਹਾ ਕਿ ਵਿਭਾਗ ਦਾ ਮੁੱਖ ਉਦੇਸ਼ ਸਰਕਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਹੈ। ਸਰਕਾਰ ਵਲੋਂ ਲਗਾਤਾਰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕੀਤਾ ਜਾਵੇਗਾ, ਜੇਕਰ ਕਿਸੇ ਵੀ ਮਾਤਾ-ਪਿਤਾ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਜ਼ਿਲ੍ਹਾ ਸਿੱਖਿਆ ਦਫ਼ਤਰ ਵਿਖੇ ਆ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਮਾਪਿਆਂ ਦਾ ਨਾਮ ਗੁਪਤ ਰੱਖਿਆ ਜਾਵੇਗਾ।


rajwinder kaur

Content Editor

Related News