ਟਾਰਚਰ ਦੇ ਡਰੋਂ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਖਾਧਾ, ਮੌਤ

Saturday, Oct 21, 2017 - 07:12 AM (IST)

ਟਾਰਚਰ ਦੇ ਡਰੋਂ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਖਾਧਾ, ਮੌਤ

ਅੰਮ੍ਰਿਤਸਰ, (ਸੰਜੀਵ)- ਪੁਲਸ ਟਾਰਚਰ ਦੇ ਡਰੋਂ ਥਾਣਾ ਘਰਿੰਡਾ ਦੇ ਪਿੰਡ ਧਨੋਏ ਕਲਾਂ ਦੇ ਰਹਿਣ ਵਾਲੇ ਸਿਕੰਦਰ ਸਿੰਘ ਨੇ ਜ਼ਹਿਰੀਲਾ ਪਦਾਰਥ ਖਾ ਲਿਆ, ਜਿਸ ਦੀ ਛੇਹਰਟਾ ਸਥਿਤ ਇਕ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐੱਸ. ਐੱਸ. ਪੀ. ਦਿਹਾਤੀ ਪਰਮਪਾਲ ਸਿੰਘ ਨੇ ਥਾਣਾ ਘਰਿੰਡਾ ਦੇ ਐੱਸ. ਆਈ. ਧਰਮਿੰਦਰ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰਵਾ ਦਿੱਤੀ ਹੈ। ਕੁਝ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਐੱਸ. ਆਈ. ਧਰਮਿੰਦਰ ਸਿੰਘ ਵਿਰੁੱਧ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਦਰਜ ਹਨ।
ਜਾਣਕਾਰੀ ਅਨੁਸਾਰ ਸਬ-ਇੰਸਪੈਕਟਰ ਧਰਮਿੰਦਰ ਸਿੰਘ ਨੇ 16 ਅਕਤੂਬਰ ਨੂੰ ਸਿਕੰਦਰ ਸਿੰਘ ਦੇ ਘਰ 'ਤੇ ਛਾਪੇ ਮਾਰੇ ਸਨ। ਪੁਲਸ ਨੂੰ ਸ਼ੱਕ ਸੀ ਕਿ ਸਿਕੰਦਰ ਨਸ਼ੇ ਦਾ ਕਾਰੋਬਾਰ ਕਰਦਾ ਹੈ, ਜਿਸ ਉਪਰੰਤ ਸਿਕੰਦਰ ਅਚਾਨਕ ਲਾਪਤਾ ਹੋ ਗਿਆ ਅਤੇ ਉਸ ਨੇ ਪੁਲਸ ਦੇ ਡਰੋਂ ਜ਼ਹਿਰੀਲਾ ਪਦਾਰਥ ਖਾ ਲਿਆ। ਉਸ ਨੂੰ ਇਲਾਜ ਲਈ ਛੇਹਰਟਾ ਦੇ ਇਕ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਉਸ ਨੂੰ ਡਰ ਸੀ ਕਿ ਪੁਲਸ ਉਸ 'ਤੇ ਕੇਸ ਪਾ ਉਸ ਨੂੰ ਟਾਰਚਰ ਕਰੇਗੀ।
ਕੀ ਕਹਿਣਾ ਹੈ ਐੱਸ. ਐੱਸ. ਪੀ.? : ਐੱਸ. ਐੱਸ. ਪੀ. ਦਿਹਾਤੀ ਪਰਮਪਾਲ ਸਿੰਘ ਦਾ ਕਹਿਣਾ ਹੈ ਕਿ ਸਬ-ਇੰਸਪੈਕਟਰ ਧਰਮਿੰਦਰ ਸਿੰਘ ਨੂੰ ਪੁਲਸ ਲਾਈਨ ਭੇਜ ਦਿੱਤਾ ਗਿਆ ਹੈ। ਸਿਕੰਦਰ ਵੱਲੋਂ ਕੀਤੀ ਗਈ ਆਤਮ-ਹੱਤਿਆ ਦੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰਵਾ ਦਿੱਤੀ ਗਈ ਹੈ।


Related News