ਪੁਲਸ ਦੀ ਅਣਗਹਿਲੀ : ਮੁੱਖ ਗਵਾਹ ਫਿਰ ਵੀ ਫਾਦਰ ਕੁਰੀਆਕੋਸ ਨੂੰ ਨਹੀਂ ਦਿੱਤੀ ਗਈ ਸੁਰੱਖਿਆ

10/24/2018 1:53:42 PM

ਜਲੰਧਰ/ਦਸੂਹਾ (ਕਮਲੇਸ਼, ਝਾਵਰ)— ਬੀਤੇ ਦਿਨੀਂ ਫਾਦਰ ਕੁਰਿਆਕੋਸ ਦੀ ਲਾਸ਼ ਫਾਦਰ ਹਾਊਸ 'ਚੋਂ ਮਿਲੀ ਸੀ। ਫਾਦਰ ਦੀ ਮੌਤ ਸ਼ੱਕੀ ਤੌਰ 'ਤੇ ਦੇਖੀ ਜਾ ਰਹੀ ਹੈ। ਮੰਗਲਵਾਰ ਡਾਕਟਰਾਂ ਦੇ ਬੋਰਡ ਨੇ ਫਾਦਰ ਕੁਰੀਆਕੋਸ ਦੀ ਲਾਸ਼ ਦਾ ਪੋਸਟਮਾਰਟਮ ਕੀਤਾ। ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ ਅਤੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ। ਫਾਦਰ ਕੁਰੀਆਕੋਸ ਦਾ ਫਿਊਨਰਲ ਕੇਰਲ 'ਚ ਹੋਵੇਗਾ।
ਡੀ. ਐੈੱਸ. ਪੀ. ਏ. ਕੇ. ਸ਼ਰਮਾ ਨੇ ਬੀਤੀ ਸ਼ਾਮ ਫਾਦਰ ਹਾਊਸ ਦੇ ਕਮਰੇ ਦੀ ਜਾਂਚ ਕੀਤੀ ਅਤੇ ਚੀਜ਼ਾਂ ਨੂੰ ਜੋੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਾਦਰ ਹਾਊਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀ ਜਾਂਚ ਕੀਤੀ ਜਾਵੇਗੀ। ਨੰਨ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਫਾਦਰ ਕੁਰੀਆਕੋਸ ਮੁੱਖ ਗਵਾਹ ਸਨ ਪਰ ਫਿਰ ਵੀ ਉਨ੍ਹਾਂ ਨੂੰ ਪੁਲਸ ਵੱਲੋਂ ਕੋਈ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ ਸੀ। ਕੇਸ ਹਾਈ-ਪ੍ਰੋਫਾਈਲ ਹੋਣ ਦੇ ਬਾਵਜੂਦ ਵੀ ਸੁਰੱਖਿਆ ਮੁਹੱਈਆ ਨਾ ਕਰਵਾਏ ਜਾਣਾ ਪੁਲਸ ਦੀ ਵੱਡੀ ਅਣਗਹਿਲੀ ਹੈ। ਕੇਰਲ ਦੀ ਰਹਿਣ ਵਾਲੀ ਨੰਨ ਨੇ ਡਾ. ਫਰੈਂਕੋ ਮੁਲੱਕਲ 'ਤੇ 13 ਵਾਰ ਜਬਰ-ਜ਼ਨਾਹ ਦੇ ਦੋਸ਼ ਲਗਾਏ ਸਨ। ਫਰੈਂਕੋ ਮੁਲੱਕਲ ਖਿਲਾਫ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਪਹਿਲਾਂ ਕੇਰਲ 'ਚ ਪ੍ਰੋਟੈਸਟ ਕੀਤਾ ਗਿਆ ਸੀ। ਪ੍ਰੋਟੈਸਟ 'ਚ ਫਾਦਰ ਕੁਰੀਆਕੋਸ ਵੀ ਸ਼ਾਮਲ ਸਨ। ਮੁਲੱਕਲ ਦੀ ਗ੍ਰਿਫਤਾਰੀ ਤੋਂ ਬਾਅਦ ਕੁਰੀਆਕੋਸ ਨੇ ਇਕ ਟੀ. ਵੀ. ਚੈਨਲ ਨੂੰ ਇੰਟਰਵਿਊ ਦਿੱਤੀ ਸੀ, ਜਿਸ 'ਚ ਉਨ੍ਹਾਂ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਅਤੇ ਜੇਕਰ ਮੁਲੱਕਲ ਜ਼ਮਾਨਤ 'ਤੇ ਆਉਂਦੇ ਹਨ ਤਾਂ ਉਨ੍ਹਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ।

PunjabKesari

ਪੀੜਤ ਨੰਨ ਨੂੰ ਕੁਰੀਆਕੋਸ ਨੇ ਹੀ ਕਰਵਾਇਆ ਸੀ ਨੰਨ ਦਾ ਕੋਰਸ
ਫਾਦਰ ਕੁਰੀਆਕੋਸ ਨੰਨਾਂ ਦੇ ਟ੍ਰੇਨਰ ਸਨ ਅਤੇ ਬਿਸ਼ਪ ਫਰੈਂਕੋ ਮੁਲੱਕਲ 'ਤੇ ਜਬਰ-ਜ਼ਨਾਹ ਦੇ ਦੋਸ਼ ਲਗਾਉਣ ਵਾਲੀ ਨੰਨ ਨੂੰ ਵੀ ਉਨ੍ਹਾਂ ਨੇ ਹੀ ਨੰਨ ਕੋਰਸ ਲਈ ਟਰੇਂਡ ਕੀਤਾ ਸੀ। ਫਾਦਰ ਕੁਰਿਆਕੋਸ ਮੂਲ ਤੌਰ 'ਤੇ ਕੇਰਲ ਦੇ ਹੀ ਰਹਿਣ ਵਾਲੇ ਸਨ ਅਤੇ ਜਲੰਧਰ ਡਾਇਓਸਿਸ ਦਾ ਹਿੱਸਾ ਸਨ। ਕੁਰਿਆਕੋਸ ਪੀੜਤ ਨੰਨ ਦੇ ਕਰੀਬੀ ਸਨ ਅਤੇ ਪੁਲਸ ਕੋਲ ਕੰਪਲੇਂਟ ਦੇਣ ਤੋਂ ਪਹਿਲਾਂ ਨੰਨ ਨੇ ਉਨ੍ਹਾਂ ਨੂੰ ਜਬਰ-ਜ਼ਨਾਹ ਦੇ ਮਾਮਲੇ 'ਚ ਆਪਣੀ ਹੱਡਬੀਤੀ ਸੁਣਾਈ ਸੀ। ਕੁਰਿਆਕੋਸ ਨੇ ਨੰਨ ਦਾ ਪੂਰਾ ਸਾਥ ਦਿੱਤਾ ਸੀ ਅਤੇ ਪੁਲਸ ਕੰਪਲੇਂਟ ਕਰਾਉਣ ਦੀ ਹਿੰਮਤ ਦਿੱਤੀ ਸੀ। ਕੁਰੀਆਕੋਸ ਖੁੱਲ੍ਹ ਕੇ ਡਾਕਟਰ ਮੁਲੱਕਲ ਦੇ ਖਿਲਾਫ ਸਾਹਮਣੇ ਆਏ ਸਨ ਤੇ ਉਨ੍ਹਾਂ ਨੰਨ ਨੂੰ ਇਨਸਾਫ ਦਿਵਾਉਣ ਦਾ ਬੀੜਾ ਚੁੱਕਿਆ ਸੀ।

ਨੰਨ ਜਬਰ-ਜ਼ਨਾਹ ਮਾਮਲੇ 'ਚ ਚੁੱਪ ਕਰਾਉਣ ਦਾ ਸੁਨੇਹਾ ਹੋ ਸਕਦੀ ਹੈ ਕੁਰੀਆਕੋਸ ਦੀ ਮੌਤ
ਪੀੜਤ ਨੰਨ ਦੇ ਹੱਕ 'ਚ ਉਤਰੀਆਂ ਨੰਨਾਂ ਨੇ ਫਾਦਰ ਕੁਰੀਆਕੋਸ ਦੀ ਮੌਤ ਤੋਂ ਬਾਅਦ ਇਹ ਬਿਆਨ ਦਿੱਤਾ ਹੈ ਕਿ ਉਨ੍ਹਾਂ ਦੀ ਮੌਤ ਨੰਨ ਜਬਰ-ਜ਼ਨਾਹ ਮਾਮਲੇ 'ਚ ਚੁੱਪ ਕਰਾਉਣ ਦਾ ਸੁਨੇਹਾ ਹੋ ਸਕਦੀ ਹੈ। ਨੰਨਾਂ ਨੇ ਕਿਹਾ ਕਿ ਉਹ ਡਰਨ ਵਾਲੀਆਂ ਨਹੀਂ ਹਨ ਅਤੇ ਅਜੇ ਵੀ ਡਟ ਕੇ ਪੀੜਤ ਨੰਨ ਦੇ ਨਾਲ ਖੜ੍ਹੀਆਂ ਹਨ। ਨਾ ਹੀ ਕੋਈ ਮੌਤ ਤੋਂ ਡਰੇਗਾ ਅਤੇ ਨਾ ਹੀ ਕੋਈ ਲਾਲਚ ਵਿਚ ਆਵੇਗਾ। ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਕੋਰਟ ਇਨਸਾਫ ਦੇਵੇਗੀ।

ਪੰਜਾਬ ਪੁਲਸ 'ਤੇ ਨਹੀਂ ਭਰੋਸਾ, ਕੇਰਲ ਪੁਲਸ ਟੀਮ ਕੋਲੋਂ ਕਰਵਾਈ ਜਾਵੇਗੀ ਜਾਂਚ
ਫਾਦਰ ਕੁਰੀਆਕੋਸ ਦੇ ਭਰਾ ਜੋਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੰਜਾਬ ਪੁਲਸ 'ਤੇ ਭਰੋਸਾ ਨਹੀਂ ਹੈ। ਉਨ੍ਹਾਂ ਦੇ ਭਰਾ ਦੀ ਮੌਤ ਦੀ ਜਾਂਚ ਕੇਰਲ ਪੁਲਸ ਵਲੋਂ ਕੀਤੀ ਜਾਵੇ। ਜੋਸ ਨੇ ਇਹ ਵੀ ਅਪੀਲ ਕੀਤੀ ਹੈ ਕਿ ਪੋਸਟਮਾਰਟਮ ਰਿਪੋਰਟ ਵਿਚ ਕੇਰਲ ਦੇ ਡਾਕਟਰਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕੁਰਿਆਕੋਸ ਦੀ ਮੌਤ ਨੂੰ ਸ਼ੱਕੀ ਕਰਾਰ ਦਿੱਤਾ ਹੈ।

ਕੀ ਹੋਰ ਗਵਾਹਾਂ ਨੂੰ ਮਿਲੇਗੀ ਸੁਰੱਖਿਆ?
ਹੁਣ ਵੱਡਾ ਸਵਾਲ ਇਹ ਹੈ ਕਿ ਨੰਨ ਜਬਰ-ਜ਼ਨਾਹ ਮਾਮਲੇ 'ਚ ਮੁੱਖ ਗਵਾਹ ਕੁਰੀਆਕੋਸ ਦੀ ਮੌਤ ਤੋਂ ਬਾਅਦ ਪੁਲਸ ਅਤੇ ਸਰਕਾਰ ਹੋਰ ਗਵਾਹਾਂ ਨੂੰ ਸੁਰੱਖਿਆ ਦੇਵੇਗੀ ਜਾਂ ਨਹੀਂ। ਡਾ. ਫਰੈਂਕੋ ਮੁਲੱਕਲ ਅਜੇ ਜ਼ਮਾਨਤ 'ਤੇ ਹਨ ਅਤੇ ਕੋਰਟ ਵੱਲੋਂ ਉਨ੍ਹਾਂ ਨੂੰ ਹਰ ਦੋ ਹਫਤੇ 'ਚ ਜਾਂਚ ਕਮੇਟੀ ਸਾਹਮਣੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਉਹ ਕੇਰਲ ਵਿਚ ਐਂਟਰ ਨਹੀਂ ਹੋ ਸਕਦੇ।


Related News