ਝਗੜੇ ''ਚ ਪਿਓ-ਪੁੱਤਰ ਹੋਏ ਜ਼ਖਮੀ
Sunday, Aug 13, 2017 - 02:32 AM (IST)
ਜਲਾਲਾਬਾਦ, (ਟੀਨੂੰ, ਦੀਪਕ, ਬੰਟੀ, ਸੇਤੀਆ, ਬਜਾਜ, ਨਿਖੰਜ)— ਪਿੰਡ ਸੁਖੇਰਾ ਬੋਦਲਾਂ ਵਿਖੇ ਹੋਏ ਝਗੜੇ 'ਚ ਪਿਓ-ਪੁੱਤਰ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਨ੍ਹਾਂ ਨੂੰ ਇਲਾਜ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਸਰਕਾਰੀ ਹਸਪਤਾਲ 'ਚ ਇਲਾਜ ਲਈ ਦਾਖ਼ਲ ਅਮਰਨਾਥ ਪੁੱਤਰ ਮੁਨਸ਼ੀ ਰਾਮ ਵਾਸੀ ਪਿੰਡ ਲੱਧੂਵਾਲਾ ਹਿਠਾੜ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਪਿੰਡ ਸੁਖੇਰਾ ਬੋਦਲਾਂ ਵਿਖੇ ਹੈ ਅਤੇ ਜ਼ਮੀਨ ਦੇ ਨਾਲ ਪਿਛਲੇ ਲੰਮੇਂ ਸਮੇਂ ਤੋਂ ਨਾਜਾਇਜ਼ ਤੌਰ 'ਤੇ ਰੇਤ ਦਾ ਖੱਡਾ ਚੱਲ ਰਿਹਾ ਹੈ। ਉਸ ਰੇਤ ਦੇ ਖੱਡੇ 'ਚੋਂ ਰੇਤਾ ਦਾ ਧੰਦਾ ਕਰ ਰਹੇ ਵਿਅਕਤੀ ਸਾਡੀ ਜ਼ਮੀਨ ਦੇ ਬਿਲਕੁਲ ਨਾਲ ਤੱਕ ਪੁੱਜ ਚੁੱਕੇ ਹਨ, ਜਿਸ ਕਰ ਕੇ ਸਾਡੀ ਜ਼ਮੀਨ ਨੂੰ ਨੁਕਸਾਨ ਪੁੱਜਣ ਦਾ ਖਦਸ਼ਾ ਬਣਿਆ ਹੈ।
ਅਮਰਨਾਥ ਨੇ ਦੱਸਿਆ ਕਿ ਸਾਡੇ ਵੱਲੋਂ ਉਕਤ ਵਿਅਕਤੀਆਂ ਨੂੰ ਇਸ ਸਬੰਧੀ ਕਈ ਵਾਰ ਸਮਝਾਇਆ ਗਿਆ, ਪਰ ਉਕਤ ਵਿਅਕਤੀਆਂ ਨੇ ਸਾਡੀ ਗੱਲ ਨਹੀਂ ਮੰਨੀ ਅਤੇ ਰੇਤ ਦੀ ਨਾਜਾਇਜ਼ ਤੌਰ 'ਤੇ ਨਿਕਾਸੀ ਜਾਰੀ ਰੱਖੀ। ਅੱਜ ਸਵੇਰੇ ਜਦੋਂ ਮੈਂ ਅਤੇ ਮੇਰਾ ਪਿਤਾ ਮੁਨਸ਼ੀ ਰਾਮ ਖੇਤ ਵਿਚ ਕੰਮ ਕਰਨ ਦੇ ਲਈ ਗਏ ਤਾਂ ਉਕਤ ਵਿਅਕਤੀਆਂ ਨੇ ਸਾਡੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਸਾਡੇ ਵੱਲੋਂ ਉਕਤ ਵਿਅਕਤੀਆਂ ਨੂੰ ਝਗੜਾ ਕਰਨ ਤੋਂ ਰੋਕਿਆ ਗਿਆ ਤਾਂ ਉਨ੍ਹਾਂ ਨੇ ਸਾਡੇ 'ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਕੇ ਸਾਨੂੰ ਜ਼ਖਮੀ ਕਰ ਦਿੱਤਾ। ਝਗੜੇ 'ਚ ਜ਼ਖਮੀ ਹੋਏ ਅਮਰਨਾਥ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਸਬੰਧੀ ਦੋਸ਼ੀਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
