ਪਿਉ ''ਤੇ ਪਿਸਤੌਲ ਤਾਣ ਕੇ ਪੁੱਤ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦਾ ਦੋਸ਼
Sunday, Jun 28, 2020 - 06:10 PM (IST)
ਅੰਮ੍ਰਿਤਸਰ (ਛੀਨਾ) : ਪਿਉ 'ਤੇ ਪਿਸਤੌਲ ਤਾਣ ਕੇ ਉਸ ਦੇ 5 ਸਾਲਾ ਬੱਚੇ ਨੂੰ ਦਿਨ-ਦਿਹਾੜੇ ਅਗਵਾ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੰਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕੋਟ ਆਤਮਾ ਰਾਮ ਨੇ ਕਿਹਾ ਕਿ ਉਹ ਆਪਣੇ 5 ਸਾਲਾ ਪੁੱਤਰ ਜਸਨੂਰ ਸਿੰਘ ਨਾਲ ਕੱਲ ਗੁ.ਸ਼ਹੀਦਗੰਜ ਸਾਹਿਬ ਵਿਖੇ ਦਰਸ਼ਨ ਕਰਨ ਲਈ ਗਿਆ ਸੀ ਤੇ ਜਦੋਂ ਮੱਥਾ ਟੇਕ ਕੇ ਅਸੀਂ ਦੋਵੇਂ ਬਾਹਰ ਸੜਕ 'ਤੇ ਆਏ ਤਾਂ ਉਥੇ ਆਪਣੇ ਸਾਥੀਆਂ ਨਾਲ ਮੌਜੂਦ ਜਗਜੀਤ ਸਿੰਘ ਪੁੱਤਰ ਜਸਬੀਰ ਸਿੰਘ ਨਿਜਾਮਪੁਰਾ ਨੇ ਮੇਰੇ 'ਤੇ ਪਿਸਤੌਲ ਤਾਣ ਕੇ ਜਸਨੂਰ ਸਿੰਘ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਤੇ ਮੇਰੇ ਹੱਥਾਂ 'ਚੋਂ ਜਸਨੂਰ ਨੂੰ ਖੋਹਣ ਵੇਲੇ ਜਸਨੂਰ ਸੜਕ 'ਤੇ ਡਿੱਗ ਕੇ ਜ਼ਖਮੀ ਵੀ ਹੋ ਗਿਆ।
ਸੰਦੀਪ ਸਿੰਘ ਨੇ ਕਿਹਾ ਕਿ ਮੈਂ ਆਪਣੇ ਪੁੱਤਰ ਨੂੰ ਉਕਤ ਵਿਅਕਤੀਆ ਦੇ ਚੁੰਗਲ 'ਚੋਂ ਬੜੀ ਮੁਸ਼ਕਲ ਨਾਲ ਬਚਾ ਕੇ ਜਦੋਂ ਘਰ ਪੁੱਜਾ ਤਾਂ ਸਾਰੀ ਘਟਨਾ ਦੇ ਬਾਰੇ 'ਚ ਕੰਟਰੋਲ ਰੂਮ 'ਤੇ ਫੋਨ ਕਰਕੇ ਪੁਲਸ ਨੂੰ ਜਾਣਕਾਰੀ ਦਿਤੀ ਅਤੇ ਚੰਦ ਮਿੰਟਾ 'ਚ ਹੀ ਪੀ.ਸੀ.ਆਰ. ਮੁਲਾਜ਼ਮ ਸਾਡੇ ਘਰ ਪਹੁੰਚ ਗਏ ਜਿਨ੍ਹਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਕਤ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਪੁਲਸ ਥਾਣਾ ਬੀ.ਡਵੀਜ਼ਨ ਵਿਖੇ ਸ਼ਿਕਾਇਤ ਦਿਤੀ। ਇਸ ਸਬੰਧੀ ਸੰਦੀਪ ਸਿੰਘ ਨੇ ਦੱਸਿਆ ਕਿ ਅਕਤੂਬਰ 2013 'ਚ ਉਸ ਦਾ ਹਰਪ੍ਰੀਤ ਕੌਰ ਪੁੱਤਰੀ ਜਸਬੀਰ ਸਿੰਘ ਨਿਜਾਮਪੁਰਾ ਨਾਲ ਵਿਆਹ ਹੋਇਆ ਸੀ ਤੇ ਉਨ੍ਹਾਂ ਦਾ ਇਕ 5 ਸਾਲ ਦਾ ਬੇਟਾ ਜਸਨੂਰ ਹੈ, ਵਿਆਹ ਦੇ ਕਰੀਬ 6 ਸਾਲ ਬਾਅਦ ਸਾਡੇ ਦੋਵਾਂ ਪਤੀ-ਪਤਨੀ 'ਚ ਅਣਬਣ ਰਹਿਣ ਲੱਗ ਪਈ ਜਿਸ ਕਾਰਨ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਵੱਖ ਹੋਣ ਲਈ ਤਲਾਕ ਲਈ ਅਦਾਲਤ 'ਚ ਕੇਸ ਵੀ ਦਾਇਰ ਕਰ ਦਿੱਤਾ ਗਿਆ ਹੈ ਜਿਥੇ ਲੜਕੀ ਧਿਰ ਨੇ ਬੇਟੇ ਜਸਨੂਰ ਦੀ ਕਸਟੱਡੀ ਆਪਣੀ ਸਹਿਮਤੀ ਨਾਲ (ਪਿਤਾ ਸੰਦੀਪ ਸਿੰਘ) ਮੇਰੇ ਕੋਲ ਰਹਿਣ ਦੇ ਬਿਆਨ ਵੀ ਦਿੱਤੇ ਹਨ ਪਰ ਕੱਲ ਮੇਰੀ ਪਤਨੀ ਦੇ ਭਰਾ ਜਗਜੀਤ ਸਿੰਘ ਨੇ ਮੇਰੇ ਬੇਟੇ ਨੂੰ ਪਿਸਤੌਲ ਦੀ ਨੋਕ 'ਤੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਸੰਦੀਪ ਸਿੰਘ ਨੇ ਪੁਲਸ ਦੇ ਉਚ ਅਧਿਕਾਰੀਆ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।
ਵਿਰੋਧੀ ਧਿਰ ਨੇ ਦੋਸ਼ਾਂ ਨੂੰ ਨਿਕਾਰਿਆ
ਇਸ ਸਬੰਧ 'ਚ ਜਦੋਂ ਵਿਰੋਧੀ ਧਿਰ ਜਗਜੀਤ ਸਿੰਘ ਦੇ ਪਿਤਾ ਜਸਬੀਰ ਸਿੰਘ ਨਿਜਾਮਪੁਰਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਸੰਦੀਪ ਸਿੰਘ ਵੱਲੋਂ ਜਗਜੀਤ ਸਿੰਘ 'ਤੇ ਜਸਨੂਰ ਨੂੰ ਅਗਵਾ ਕਰਨ ਦੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਕੱਲ ਜਦੋਂ ਜਗਜੀਤ ਸਿੰਘ ਗੁ.ਸ਼ਹੀਦਗੰਜ ਸਾਹਿਬ ਵਿਖੇ ਮੱਥਾ ਟੇਕਣ ਲਈ ਗਿਆ ਸੀ ਤਾਂ ਉਥੇ ਭੈਣ ਹਰਪ੍ਰੀਤ ਕੌਰ ਦਾ ਪੁੱਤਰ ਜਸਨੂਰ ਨਜ਼ਰ ਆਉਣ 'ਤੇ ਜਗਜੀਤ ਨੇ ਉਸ ਨੂੰ ਅੱਗੇ ਵੱਧ ਕੇ ਪਿਆਰ ਦੇਣ ਦਾ ਯਤਨ ਕੀਤਾ ਪਰ ਸੰਦੀਪ ਨੇ ਜਗਜੀਤ ਨੂੰ ਮਨਾ ਕਰ ਦਿਤਾ ਜਿਸ ਤੋਂ ਬਾਅਦ ਜਗਜੀਤ ਸਿੰਘ ਉਥੋਂ ਚੁੱਪਚਾਪ ਵਾਪਸ ਘਰ ਆ ਗਿਆ। ਉਨ੍ਹਾਂ ਕਿਹਾ ਕਿ ਸੰਦੀਪ ਸਿੰਘ ਇਕ ਸਾਜ਼ਿਸ਼ ਤਹਿਤ ਮੇਰੇ ਪੁੱਤਰ ਜਗਜੀਤ ਸਿੰਘ ਨੂੰ ਫਸਾਉਣ ਲਈ ਝੂਠੇ ਦੋਸ਼ ਲਗਾ ਰਿਹਾ ਹੈ।
ਇਸ ਸਬੰਧ 'ਚ ਜਦੋਂ ਪੁਲਸ ਥਾਣਾ.ਬੀ.ਡਵੀਜ਼ਨ ਦੇ ਐੱਸ.ਐੱਚ.ਓ. ਗੁਰਵਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸੰਦੀਪ ਸਿੰਘ ਦਾ ਆਪਣੀ ਪਤਨੀ ਹਰਪ੍ਰੀਤ ਕੌਰ ਨਾਲ ਅਦਾਲਤ 'ਚ ਤਲਾਕ ਦਾ ਕੇਸ ਚੱਲ ਰਿਹਾ ਹੈ ਜਿਸ ਵੱਲੋਂ ਆਪਣੇ ਸਾਲੇ ਜਗਜੀਤ ਸਿੰਘ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਪਿਸਤੌਲ ਦੀ ਨੋਕ 'ਤੇ ਬੱਚਾ ਅਗਵਾ ਕਰਨ ਦੀ ਕੋਸ਼ਿਸ਼ ਦੀ ਸ਼ਿਕਾਇਤ ਦਿੱਤੀ ਗਈ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।