ਪਿਓ ਨੇ ਖੁਦ ਅਗਵਾ ਕੀਤੀ ਸਾਢੇ ਚਾਰ ਸਾਲਾ ਧੀ, ਇੰਝ ਹੋਇਆ ਖੁਲਾਸਾ
Wednesday, Jul 04, 2018 - 08:19 AM (IST)

ਤਪਾ ਮੰਡੀ (ਸ਼ਾਮ, ਗਰਗ) : ਸਥਾਨਕ ਬਾਜੀਗਰ ਬਸਤੀ 'ਚੋਂ ਗੁੰਮ ਹੋਈ ਸਾਢੇ ਸਾਢੇ ਸਾਲ ਦੀ ਬੱਚੀ ਦੇ ਅਗਵਾ ਹੋਣ ਦੇ ਮਾਮਲੇ ਨੂੰ 12 ਘੰਟਿਆਂ ਦੇ ਅੰਦਰ-ਅੰਦਰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪਤਾ ਲੱਗਾ ਹੈ ਕਿ ਹਰਦੇਵ ਸਿੰਘ ਵਾਸੀ ਤਪਾ ਜੋ ਮਿਸਤਰੀ ਦਾ ਕੰਮ ਕਰਦਾ ਹੈ ਆਪਣੇ ਨਾਨਕੇ ਘਰ ਕਿੱਕਰ ਸਿੰਘ ਕੋਲ ਲਗਭਗ ਡੇਢ ਸਾਲ ਤੋਂ ਰਹਿ ਰਿਹਾ ਸੀ, ਉਸ ਨੇ ਦੱਸਿਆ ਕਿ ਉਹ ਆਪਣੀ ਸਾਢੇ ਚਾਰ ਸਾਲ ਦੀ ਬੱਚੀ ਨੂੰ ਵੀ ਇਥੇ ਲੈ ਆਇਆ, ਜਿਸ ਤੋਂ ਬਾਅਦ ਉਹ ਕੰਮ 'ਤੇ ਚਲਾ ਗਿਆ। ਜਦੋਂ ਉਹ ਕੰਮ ਤੋਂ ਵਾਪਸ ਪਰਤਿਆ ਤਾਂ ਲੜਕੀ ਘਰ ਨਹੀਂ ਸੀ ਤਾਂ ਉਸ ਨੇ ਉਸ ਦੇ ਗੁੰਮ ਹੋਣ ਦੀ ਇਤਲਾਹ ਪੁਲਸ ਨੂੰ ਦਿੱਤੀ।
ਕਿੱਕਰ ਸਿੰਘ ਅਤੇ ਹੋਰ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਹਰਦੇਵ ਸਿੰਘ ਉਰਫ ਦੀਪੂ ਪੁੱਤਰ ਭਾਨ ਸਿੰਘ ਵਾਸੀ ਡਿੱਖਾਂ ਬੱਚੀ ਨੂੰ ਇਥੇ ਲੈਕੇ ਹੀ ਨਹੀਂ ਆਇਆ ਜਦਕਿ ਉਹ ਅਪਣੀ ਇਸ ਗੱਲ 'ਤੇ ਅੜਿਆ ਹੋਇਆ ਸੀ ਕਿ ਉਹ ਬੱਚੀ ਨੂੰ ਤਪਾ ਲੈਕੇ ਆਇਆ ਹੈ ਪਰ ਫਿਰ ਵੀ ਉਨ੍ਹਾਂ ਦੋਸਤਾਂ, ਮਿੱਤਰਾਂ ਅਤੇ ਹੋਰ ਥਾਵਾਂ 'ਤੇ ਇਸ ਦੀ ਤਲਾਸ਼ ਕੀਤੀ ਪਰ ਸਫਲਤਾ ਨਹੀਂ ਮਿਲੀ।
ਘਟਨਾ ਸੰਬੰਧੀ ਡੀ.ਐਸ.ਪੀ ਤਪਾ ਅੱਛਰੂ ਰਾਮ ਸ਼ਰਮਾ, ਐੱਸ.ਐੱਚ.ਓ. ਤਪਾ ਸੁਰਿੰਦਰ ਸਿੰਘ ਅਤੇ ਸਿਟੀ ਇੰਚਾਰਜ ਰਾਮ ਲੁਭਾਇਆ ਦੀ ਅਗਵਾਈ 'ਚ ਪੁਲਸ ਪਾਰਟੀ ਨੇ ਬੱਚੀ ਦੀ ਭਾਲ ਲਈ ਹਰਦੇਵ ਸਿੰਘ ਨੂੰ ਮੋਬਾਇਲ 'ਤੇ ਪੁੱਛਗਿੱਛ ਕਰਨ ਲਈ ਫੋਨ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ ਤਾਂ ਪੁਲਸ ਦੀ ਸੂਈ ਹਰਦੇਵ ਸਿੰਘ 'ਤੇ ਗਈ। ਪੁਲਸ ਨੇ ਹਰਦੇਵ ਸਿੰਘ ਉਰਫ ਦੀਪੂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਤਾਂ ਉਸ ਨੇ ਮੰਨਿਆ ਕਿ ਬੱਚੀ ਨੂੰ ਉਸ ਨੇ ਹੀ ਅਗਵਾ ਕਰਕੇ ਆਪਣੀ ਰਿਸ਼ਤੇਦਾਰੀ 'ਚ ਛੱਡ ਆਇਆ ਹੈ। ਇਸ ਕੇਸ 'ਚ ਉਹ ਆਪਣੇ ਚਾਚੇ ਨਾਨੇ ਕਿੱਕਰ ਸਿੰਘ ਨੂੰ ਸਾਜ਼ਿਸ਼ ਅਧੀਨ ਫਸਾਉਣਾ ਚਾਹੁੰਦਾ ਸੀ ਅਤੇ ਲੜਕੀ ਨੂੰ ਇਥੇ ਲੈਕੇ ਹੀ ਨਹੀਂ ਆਇਆ ਸੀ। ਪੁਲਸ ਨੇ ਦੋਸ਼ੀ ਖਿਲਾਫ ਕਿੰਡਨੈਪਿੰਗ ਦਾ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ।