ਅਧਿਆਪਕ 'ਤੇ ਲੱਗੇ ਬੱਚੇ ਦੀ ਕੁੱਟਮਾਰ ਦੇ ਦੋਸ਼
Friday, Mar 08, 2019 - 10:24 AM (IST)

ਫਤਿਹਗੜ੍ਹ ਸਾਹਿਬ(ਵਿਪਨ)— ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਲੋਹਾਰ ਮਾਜਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਅਧਿਆਪਕ ਵੱਲੋਂ ਵਿਦਿਆਰਥੀ ਨਾਲ ਅਣਮਨੁੱਖੀ ਵਤੀਰਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅਧਿਆਪਕ ਵੱਲੋਂ 9ਵੀਂ ਕਲਾਸ ਦੇ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ, ਜਿਸ ਤੋਂ ਬਾਅਦ ਵਿਦਿਆਰਥੀ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਾਉਣਾ ਪਿਆ, ਜਿੱਥੇ ਡਾਕਟਰਾਂ ਨੇ ਬੱਚੇ ਦੇ ਦਿਮਾਗ ਵਿਚ ਸੋਜ ਆਉਣ ਦੀ ਗੱਲ ਕਹਿੰਦੇ ਹੋਏ ਉਸ ਦਾ ਇਲਾਜ ਚੰਡੀਗੜ੍ਹ ਪੀ.ਜੀ.ਆਈ. ਵਿਚ ਕਰਾਉਣ ਲਈ ਕਿਹਾ। ਦੁਖੀ ਪਰਿਵਾਰਕ ਮੈਂਬਰਾਂ ਨੇ ਪੁਲਸ ਪ੍ਰਸ਼ਾਸਨ ਤੋਂ ਅਧਿਆਪਕ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਉਥੇ ਹੀ ਪੁਲਸ ਨੇ ਜਾਂਚ ਉਪਰੰਤ ਕਾਰਵਾਈ ਦੀ ਗੱਲ ਕਹੀ ਹੈ।
ਪੀੜਤ ਬੱਚੇ ਦੇ ਮਾਤਾ-ਪਿਤਾ ਨੇ ਅਧਿਆਪਕ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਸਿਰਫ ਸਾਡੇ ਬੱਚੇ ਨਾਲ ਹੀ ਨਹੀਂ ਸਗੋਂ ਇਸ ਤੋਂ ਪਹਿਲਾਂ ਵੀ ਕਈ ਬੱਚਿਆਂ ਨਾਲ ਅਜਿਹਾ ਵਤੀਰਾ ਕਰ ਚੁੱਕਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਬੱਚਾ ਪਹਿਲਾਂ ਬੀਮਾਰ ਜ਼ਰੂਰ ਸੀ ਪਰ 2015 ਤੋਂ ਉਹ ਬਿਲਕੁੱਲ ਠੀਕ ਹੋ ਗਿਆ ਸੀ ਅਤੇ ਉਸ ਦੀਆਂ ਦਵਾਈਆਂ ਵੀ ਬੰਦ ਸਨ ਪਰ ਫਰਵਰੀ 2019 ਵਿਚ ਅਚਾਨਕ ਜਗਜੀਤ ਘਰ ਵਿਚ ਚੱਕਰ ਖਾ ਕੇ ਡਿੱਗ ਪਿਆ। ਪੁੱਛਣ 'ਤੇ ਉਸ ਨੇ ਦੱਸਿਆ ਕਿ ਉਸ ਦੇ ਅਧਿਆਪਕ ਜਗਵਿੰਦਰ ਸਿੰਘ ਨੇ ਬਿਨਾਂ ਕਿਸੇ ਕਸੂਰ ਦੇ ਉਸ ਨੂੰ ਕੁੱਟਮਾਰ ਕੀਤੀ ਹੈ, ਜਿਸ ਤੋਂ ਬਾਅਦ ਬੱਚੇ ਦੇ ਟੈਸਟ ਕਰਵਾਏ ਗਏ ਤਾਂ ਡਾਕਟਰਾਂ ਨੇ ਉਸ ਦੇ ਦਿਮਾਗ ਵਿਚ ਸੋਜ ਹੋਣ ਦੀ ਗੱਲ ਦੱਸੀ ਹੈ। ਉਨ੍ਹਾਂ ਕਿਹਾ ਕਿ ਅਸੀਂ ਗਰੀਬ ਲੋਕ ਹਾਂ। ਇਲਾਜ ਲਈ ਖਰਚਾ ਨਹੀਂ ਚੁੱਕ ਸਕਦੇ ਪਰ ਅਸੀਂ ਉਕਤ ਅਧਿਆਪਕ ਵਿਰੁੱਧ ਸਖਤ ਕਾਰਵਾਈ ਚਾਹੁੰਦੇ ਹਾਂ ਤਾਂ ਕਿ ਅੱਜ ਜੋ ਉਸ ਨੇ ਸਾਡੇ ਬੱਚੇ ਨਾਲ ਕੀਤਾ ਹੈ ਉਹ ਕਿਸੇ ਹੋਰ ਬੱਚੇ ਨਾਲ ਵੀ ਅਜਿਹਾ ਨਾ ਕਰ ਸਕੇ।
ਉਥੇ ਹੀ ਜਦੋਂ ਉਕਤ ਅਧਿਆਕ ਜਗਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਬੱਚੇ ਨੂੰ ਪਹਿਲਾਂ ਹੀ ਮਿਰਗੀ ਦੇ ਦੌਰੇ ਪੈਂਦੇ ਸਨ। ਇਸ ਵਿਚ ਕੁੱਟਮਾਰ ਦਾ ਕੋਈ ਕਾਰਨ ਨਹੀਂ ਹੈ। ਉਸ ਦੀ ਬੀਮਾਰੀ ਕਾਰਨ ਹੀ ਉਸ ਨੂੰ ਪਰੇਸ਼ਾਨੀ ਆਈ ਹੈ। ਉਕਤ ਬੱਚੇ ਨੂੰ ਉਨ੍ਹਾਂ ਨੇ ਸਿਰਫ ਝਿੜਕਿਆ ਸੀ।