ਗੀਜ਼ਰ ਦੀ ਗੈਸ ਚੜ੍ਹਨ ਕਾਰਨ 16 ਸਾਲਾ ਨੌਜਵਾਨ ਦੀ ਮੌਤ

Monday, Feb 04, 2019 - 04:01 PM (IST)

ਗੀਜ਼ਰ ਦੀ ਗੈਸ ਚੜ੍ਹਨ ਕਾਰਨ 16 ਸਾਲਾ ਨੌਜਵਾਨ ਦੀ ਮੌਤ

ਫਤਿਹਗੜ੍ਹ ਸਾਹਿਬ(ਵਿਪਨ)— ਜ਼ਿਲਾ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਹਮਾਯੂਪੁਰ ਵਿਖੇ ਗੀਜ਼ਰ ਦੀ ਗੈਸ ਚੜਨ ਨਾਲ ਇਕ 16 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਦਾਦਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਨਾਂ ਗੁਰਪ੍ਰੀਤ ਸਿੰਘ, ਉਮਰ 16 ਸਾਲ ਸੀ ਅਤੇ ਦੱਸਵੀਂ ਵਿਚ ਪੜ੍ਹਦਾ ਸੀ। ਐਤਵਾਰ ਸ਼ਾਮ ਨੂੰ 7 ਵਜੇ ਵਾਲ ਕਟਵਾ ਕੇ ਉਹ ਘਰ ਆਉਂਦੇ ਹੀ ਬਾਥਰੂਮ ਵਿਚ ਨਹਾਉਣ ਲਈ ਗਿਆ। ਬਾਥਰੂਮ ਦਾ ਦਰਵਾਜਾ ਅਤੇ ਰੌਸ਼ਨਦਾਨ ਬੰਦ ਹੋਣ ਕਾਰਨ ਅੰਦਰ ਪਹਿਲਾਂ ਤੋਂ ਲੀਕ ਹੋ ਰਹੀ ਗੀਜ਼ਰ ਦੀ ਗੈਸ ਚੜ੍ਹਨ ਕਰਕੇ ਗੁਰਪ੍ਰੀਤ ਬੇਹੋਸ਼ ਹੋ ਗਿਆ, ਜਿਸ ਨੂੰ ਦਰਵਾਜਾ ਤੋੜ ਕੇ ਪਰਿਵਾਰ ਵੱਲੋਂ ਬਾਹਰ ਕੱੱਢਿਆ ਗਿਆ। ਗੁਰਪ੍ਰੀਤ ਨੂੰ ਬੇਹੋਸ਼ੀ ਦੀ ਹਾਲਤ ਵਿਚ ਫਤਿਹਗੜ੍ਹ ਸਾਹਿਬ ਵਿਖੇ ਸਥਿਤ ਇਕ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਸ ਸਬੰਧੀ ਸਕੂਲ ਦੇ ਵਾਈਸ ਪ੍ਰਿੰਸੀਪਲ ਮਲਕੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਗੁਰਪ੍ਰੀਤ ਸਿੰਘ ਦੀ ਮੌਤ ਨਾਲ ਉਨ੍ਹਾਂ ਨੂੰ ਡੂੰਘਾ ਸਦਮਾ ਲੱਗਾ ਹੈ। ਕਿਉਂਕਿ ਗੁਰਪ੍ਰੀਤ ਸਿੰਘ ਸਦਾ ਕਹਿਣੇ ਵਿਚ ਰਹਿਣ ਵਾਲਾ ਅਤੇ ਹੋਣਹਾਰ ਵਿਦਿਆਰਥੀ ਸੀ। ਉਨ੍ਹਾਂ ਦੱਸਿਆ ਕਿ ਸਮੂਹ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ ਵੱਲੋਂ 2 ਮਿੰਟ ਦਾ ਮੋਨ ਧਾਰਨ ਕਰਕੇ ਗੁਰਪ੍ਰੀਤ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ।


author

cherry

Content Editor

Related News