ਫਰਨੀਚਰ ਲੈ ਕੇ ਆ ਰਹੇ ਨੌਜਵਾਨ ਦੀ ਸੜਕ ਹਾਦਸੇ ''ਚ ਹੋਈ ਮੌਤ
Friday, Aug 07, 2026 - 04:20 PM (IST)
ਤਪਾ (ਸ਼ਾਮ, ਗਰਗ)- ਤਪਾ-ਢਿੱਲਵਾਂ ਮਾਰਗ ’ਤੇ ਵਾਪਰੇ ਸੜਕ ਹਾਦਸੇ ’ਚ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਮੌੜ ਮੰਡੀ ਤੋਂ ਹੁਸ਼ਿਆਰਪੁਰ ਫਰਨੀਚਰ ਲੈ ਕੇ ਜਾ ਰਹੀ ਪਿਕਅੱਪ ਦਾ ਸਾਮਾਨ ਹਿੱਲਣ ਕਾਰਨ ਰੁਪੇਸ਼ ਕੁਮਾਰ (ਵਾਸੀ ਹੁਸ਼ਿਆਰਪੁਰ) ਹੇਠਾਂ ਉਤਰ ਕੇ ਰੱਸੇ ਨਾਲ ਸਾਮਾਨ ਬੰਨ੍ਹ ਰਿਹਾ ਸੀ। ਇਸੇ ਦੌਰਾਨ ਤਪਾ ਵੱਲੋਂ ਆ ਰਿਹਾ ਇਕ ਮੋਟਰਸਾਈਕਲ, ਜਿਸ ’ਤੇ ਅੱਲਾ ਨਾਥ ਪੁੱਤਰ ਚੌਧਰੀ ਨਾਥ, ਉਸ ਦੀ ਭੈਣ, ਜੀਜਾ ਅਤੇ ਇਕ ਬੱਚਾ ਸਵਾਰ ਸਨ, ਬੇਕਾਬੂ ਹੋ ਕੇ ਰੁਪੇਸ਼ ਕੁਮਾਰ ਨਾਲ ਜਾ ਟਕਰਾਇਆ।
ਹਾਦਸੇ ’ਚ ਰੁਪੇਸ਼ ਕੁਮਾਰ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਉਸ ਦੇ ਸਾਥੀ ਰਾਜੀਵ ਕੁਮਾਰ ਸਮੇਤ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਏ। ਮਿੰਨੀ ਸਹਾਰਾ ਕਲੱਬ ਦੀ ਐਂਬੂਲੈਂਸ ਟੀਮ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਤਪਾ ਪਹੁੰਚਾਇਆ। ਡਾਕਟਰਾਂ ਨੇ ਰੁਪੇਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
