ਭਾਖੜਾ ਨਹਿਰ ''ਚ ਰੁੜਿਆ 17 ਸਾਲਾ ਨੌਜਵਾਨ, ਭਾਲ ਜਾਰੀ

Monday, Aug 10, 2026 - 06:33 PM (IST)

ਭਾਖੜਾ ਨਹਿਰ ''ਚ ਰੁੜਿਆ 17 ਸਾਲਾ ਨੌਜਵਾਨ, ਭਾਲ ਜਾਰੀ

ਪਟਿਆਲਾ (ਜ. ਬ.): ਪਟਿਆਲਾ ਦੀ ਨਾਭਾ ਰੋਡ ਨੇੜੇ ਭਾਖੜਾ ਨਹਿਰ ਵਿਚ 17 ਸਾਲਾ ਨੌਜਵਾਨ ਵਿੱਕੀ ਦੇ ਡੁੱਬਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਵਿੱਕੀ ਆਪਣੇ ਕੁਝ ਦੋਸਤਾਂ ਨਾਲ ਭਾਖੜਾ ਨਹਿਰ ਨੇੜੇ ਆਇਆ ਸੀ। ਇਸ ਦੌਰਾਨ ਝਾਲ ਦੇ ਕੋਲ ਉਹ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਵਿੱਕੀ ਆਪਣੇ ਦੋਸਤਾਂ ਨਾਲ ਨਹਾਉਣ ਲਈ ਆਇਆ ਸੀ। ਹਾਲਾਂਕਿ, ਵਿੱਕੀ ਦੇ ਦੋਸਤਾਂ ਨੇ ਦੱਸਿਆ ਕਿ ਉਹ ਕੁਝ ਸਮੇਂ ਬਾਅਦ ਉਸ ਨੂੰ ਪਾਰਕ ਦੇ ਕੋਲ ਛੱਡ ਕੇ ਚਲੇ ਗਏ ਸਨ ਅਤੇ ਇਸ ਤੋਂ ਬਾਅਦ ਵਿੱਕੀ ਕਿਸ ਦੇ ਨਾਲ ਗਿਆ, ਇਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਗੋਤਾਖੋਰਾਂ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਵਿੱਕੀ ਦੀ ਭਾਲ ਸ਼ੁਰੂ ਕਰ ਦਿੱਤੀ। ਗੋਤਾਖੋਰ ਟੀਮ ਦੇ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਟੀਮਾਂ ਨੂੰ ਤੁਰੰਤ ਭਾਲ ਲਈ ਲਗਾ ਦਿੱਤਾ ਗਿਆ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਸ਼ੰਕਰ ਭਾਰਦਵਾਜ ਨੇ ਕਿਹਾ ਕਿ ਭਾਖੜਾ ਨਹਿਰ ਵਿੱਚ ਪਾਣੀ ਦਾ ਵਹਾਅ ਕਾਫ਼ੀ ਤੇਜ਼ ਹੈ, ਇਸ ਲਈ ਛੋਟੀ ਉਮਰ ਦੇ ਨੌਜਵਾਨਾਂ ਨੂੰ ਨਹਿਰ ਦੇ ਨੇੜੇ ਜਾਣ ਤੋਂ ਲਗਾਤਾਰ ਸਾਵਧਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿੱਕੀ ਦੀ ਭਾਲ ਲਈ ਗੋਤਾਖੋਰਾਂ ਦੀ ਪੂਰੀ ਟੀਮ ਲਗਾਈ ਗਈ ਹੈ ਅਤੇ ਉਸ ਨੂੰ ਲੱਭਣ ਲਈ ਯਤਨ ਜਾਰੀ ਹਨ।

ਉੱਧਰ, ਮੌਕੇ 'ਤੇ ਪੁਲਸ ਵੀ ਪਹੁੰਚ ਗਈ ਅਤੇ ਵਿੱਕੀ ਦੇ ਨਾਲ ਆਏ ਤਿੰਨ ਨੌਜਵਾਨਾਂ ਨੂੰ ਪੁੱਛਗਿੱਛ ਲਈ ਥਾਣੇ ਲੈ ਕੇ ਗਈ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Anmol Tagra

Content Editor

Related News