ਨੌਜਵਾਨ ਨੇ ਪੀਤੀ ਕੀਟਨਾਸ਼ਕ ਦਵਾਈ , 8 ਦਿਨਾਂ ਬਾਅਦ ਹੋਈ ਮੌਤ
Saturday, Aug 08, 2026 - 10:46 AM (IST)
ਅਬੋਹਰ (ਸੁਨੀਲ) : ਇੱਥੋਂ ਦੇ ਨੇੜਲੇ ਪਿੰਡ ਬਜੀਤਪੁਰ ਭੋਮਾ ਦੇ ਇਕ ਨੌਜਵਾਨ ਨੇ ਬੀਤੇ ਦਿਨੀਂ ਸ਼ਰਾਬ ਦੇ ਨਸ਼ੇ ’ਚ ਕੀਟਨਾਸ਼ਕ ਦਵਾਈ ਪੀ ਲਈ ਸੀ। ਉਸ ਦੀ ਸ਼੍ਰੀ ਗੰਗਾਨਗਰ ਦੇ ਇਕ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਦੁਪਹਿਰ ਸਥਾਨਕ ਹਸਪਤਾਲ ਦੇ ਮੁਰਦਾਘਰ ’ਚ ਲਿਆਂਦੀ ਗਈ ਅਤੇ ਪੋਸਟਮਾਰਟਮ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਜਾਣਕਾਰੀ ਅਨੁਸਾਰ ਗਗਨਦੀਪ ਸਿੰਘ (31) ਪੁੱਤਰ ਤਰਸੇਮ ਸਿੰਘ ਦੇ ਤਾਯਾ ਸੁਖਪਾਲ ਸਿੰਘ ਨੇ ਦੱਸਿਆ ਕਿ ਗਗਨਦੀਪ ਸਿੰਘ ਤਿੰਨ ਭਰਾਵਾਂ ਵਿਚੋਂ ਸਭ ਤੋਂ ਵੱਡਾ ਸੀ ਅਤੇ ਪਿੰਡ ’ਚ ਇਕ ਜ਼ਿਮੀਂਦਾਰ ਕੋਲ ਮਜ਼ਦੂਰੀ ਕਰਦਾ ਸੀ। ਉਸ ਦਾ ਪਿਤਾ ਵੀ ਮਜ਼ਦੂਰੀ ਦਾ ਕੰਮ ਕਰਦਾ ਹੈ।
ਉਸ ਨੇ ਕਿਹਾ ਕਿ ਗਗਨਦੀਪ ਸ਼ਰਾਬ ਦਾ ਆਦੀ ਸੀ। ਜਸਪਾਲ ਸਿੰਘ ਨੇ ਕਿਹਾ ਕਿ ਉਹ ਇਸ ਸਮੇਂ ਖੇਤ ’ਚ ਇਕ ਛੋਟਾ ਜਿਹਾ ਘਰ ਬਣਾ ਰਹੇ ਸਨ। ਲੱਗਭਗ ਇਕ ਹਫਤਾ ਪਹਿਲਾਂ ਸ਼ਰਾਬ ਦੇ ਨਸ਼ੇ ’ਚ ਗਗਨਦੀਪ ਸਿੰਘ ਨੇ ਕੀਟਨਾਸ਼ਕ ਪੀ ਲਿਆ। ਜਦੋਂ ਉਸ ਦੀ ਹਾਲਤ ਵਿਗੜ ਗਈ ਤਾਂ ਉਸ ਦੇ ਪਰਿਵਾਰ ਨੇ ਉਸ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਆਂਦਾ, ਜਿੱਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ ਪਰ ਉੱਥੇ ਉਸ ਦੀ ਹਾਲਤ ’ਚ ਕੋਈ ਸੁਧਾਰ ਨਹੀਂ ਹੋਇਆ, ਤਾਂ ਉਸ ਦੇ ਪਰਿਵਾਰ ਵਾਲੇ ਉਸ ਨੂੰ ਸ਼੍ਰੀ ਗੰਗਾਨਗਰ ਦੇ ਲਾਲਗੜ੍ਹੀਆ ਹਸਪਤਾਲ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਸਬੰਧਿਤ ਥਾਣੇ ਦੇ ਕਾਂਸਟੇਬਲ ਚਮਕੌਰ ਸਿੰਘ ਨੇ ਮ੍ਰਿਤਕ ਦੇ ਪਿਤਾ ਅਤੇ ਤਾਯਾ ਦੇ ਬਿਆਨ ਦਰਜ ਕਰਦੇ ਹੋਏ ਬੀ. ਐੱਨ. ਐੱਸ. ਦੀ ਧਾਰਾ 194 ਤਹਿਤ ਕਾਰਵਾਈ ਕੀਤੀ ਹੈ।
