ਰੇਲਵੇ ਲਾਈਨਾਂ ’ਚੋਂ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ
Tuesday, Aug 04, 2026 - 11:12 AM (IST)
ਰਾਮਪੁਰਾ ਫੂਲ (ਰਜਨੀਸ਼) : ਸਥਾਨਕ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਲਾਈਨਾਂ ’ਚੋਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਦੀ ਖ਼ਬਰ ਪ੍ਰਾਪਤ ਹੋਈ ਹੈ। ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਮਪੁਰਾ ਫੂਲ ਦੀ ਰੇਲਵੇ ਪੁਲਸ ਚੌਂਕੀ ਤੋਂ ਇਤਲਾਹ ਮਿਲੀ ਕਿ ਰੇਲਵੇ ਲਾਈਨਾਂ ਵਿਚਕਾਰ ਇਕ ਲਾਸ਼ ਪਈ ਹੈ ਤਾਂ ਤੁਰੰਤ ਸਹਾਰਾ ਦੀ ਟੀਮ ਘਟਨਾ ਸਥਾਨ ’ਤੇ ਪਹੁੰਚੀ ਅਤੇ ਰੇਲਵੇ ਪੁਲਸ ਦੀ ਮੌਜੂਦਗੀ ’ਚ ਉਕਤ ਲਾਸ਼ ਨੂੰ ਚੁੱਕ ਕੇ ਸਥਾਨਕ ਸਿਵਲ ਹਸਪਤਾਲ ਦੇ ਮੋਰਚਰੀ ’ਚ ਰੱਖਿਆ ਗਿਆ।
ਰੇਲਵੇ ਪੁਲਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਮ੍ਰਿਤਕ ਕੋਲੋਂ ਕੋਈ ਵੀ ਪਛਾਣ ਪੱਤਰ ਨਹੀਂ ਮਿਲਿਆ। ਮ੍ਰਿਤਕ ਦੀ ਉਮਰ ਕਰੀਬ 20-25 ਸਾਲ ਦੇ ਦਰਮਿਆਨ ਜਾਪ ਰਹੀ ਹੈ। ਰੇਲਵੇ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਉਕਤ ਮ੍ਰਿਤਕ ਵਿਅਕਤੀ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਰਾਮਪੁਰਾ ਫੂਲ ਦੀ ਰੇਲਵੇ ਪੁਲਸ ਨਾਲ ਸੰਪਰਕ ਕਰ ਸਕਦਾ ਹੈ।
