ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕਿਸਾਨਾਂ ਨੇ ਦੋ ਘੰਟੇ ਕੀਤਾ ਚੱਕਾ ਜਾਮ, ਕੀਤਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

Tuesday, Sep 15, 2020 - 04:16 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ) - ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਚੱਕਾ ਜਾਮ ਦੇ ਦਿੱਤੇ ਗਏ ਸੱਦੇ ਤਹਿਤ ਸਥਾਨਕ ਕੋਟਕਪੂਰਾ - ਸ੍ਰੀ ਮੁਕਤਸਰ ਸਾਹਿਬ ਮਾਰਗ 'ਤੇ ਪਿਡ ਉਦੇਕਰਨ ਨੇੜੇ ਚੱਕਾ ਜਾਮ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਹ ਚੱਕਾ ਜਾਮ 12 ਵਜੇ ਤੋਂ ਸ਼ੁਰੂ ਹੋਇਆ ਅਤੇ ਕਰੀਬ 2 ਵਜੇ ਤੱਕ ਜਾਰੀ ਰਿਹਾ। ਇਸ ਚੱਕਾ ਜਾਮ ਦੌਰਾਨ ਵੱਡੀ ਗਿਣਤੀ 'ਚ ਕਿਸਾਨਾਂ ਨੇ ਹਿੱਸਾ ਲਿਆ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ। ਇਸ ਧਰਨੇ
ਦੌਰਾਨ ਸੰਬੋਧਨ ਕਰਦਿਆਂ ਕਿਸਾਨ ਆਗੂ ਸੁਖਦੇਵ ਸਿੰਘ, ਜਗਦੇਵ ਸਿੰਘ ਕਾਨਿਆਂਵਾਲੀ, ਜਰਨੈਲ ਸਿੰਘ, ਕਰਨ ਸਿੰਘ, ਖੁਸ਼ਵਿੰਦਰ ਸਿੰਘ, ਜਗਦੇਵ ਸਿੰਘ, ਜਗਦੀਪ ਸਿੰਘ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਆਰਡੀਨੈਂਸ ਜਾਰੀ ਕੀਤੇ ਗਏ ਹਨ, ਉਹ ਕਿਸਾਨ ਹੀ ਨਹੀਂ ਬਲਕਿ ਹਰ ਇੱਕ ਵਰਗ ਦੇ ਵਿਰੋਧੀ ਹਨ। ਆਗੂਆਂ ਨੇ ਕਿਹਾ ਕਿ ਕਿਸਾਨ ਆਰਡੀਨੈਂਸਾਂ ਨੂੰ ਕਿਸਾਨ ਕਿਸੇ ਵੀ ਹਾਲਤ ਵਿਚ ਲਾਗੂ ਨਹੀਂ ਹੋਣ ਦੇਣਗੇ ਅਤੇ ਇਸ ਲਈ ਸੰਘਰਸ਼ ਦਿਨ ਬ ਦਿਨ ਹੋਰ ਤੇਜ਼ ਕੀਤਾ ਜਾਵੇਗਾ।

ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਆੜ੍ਹਤੀਆ ਵਰਗ, ਸਰਕਾਰੀ ਮੁਲਾਜ਼ਮਾਂ, ਮਜ਼ਦੂਰ ਵਰਗ ਦੀਆਂ ਜਥੇਬੰਦੀਆਂ ਦਾ ਪੂਰਾ ਸਾਥ ਮਿਲ ਰਿਹਾ ਹੈ, ਪਰ ਇਸ ਦੌਰਾਨ ਕਈ ਰਾਜਸੀ ਪਾਰਟੀਆਂ ਦਾ ਦੋਗਲਾ ਚਿਹਰਾ ਵੀ ਲੋਕਾਂ ਦੇ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸੰਘਰਸ਼ ਜਾਰੀ ਹੈ ਅਤੇ ਇਹ ਨਿਰੰਤਰ ਚੱਲੇਗਾ ਜਦ ਤਕ ਇਹ ਆਰਡੀਨੈਂਸ ਕੇਂਦਰ ਸਰਕਾਰ ਰੱਦ ਨਹੀਂ ਕਰਦੀ। ਬੁਲਾਰਿਆਂ ਨੇ ਕਿਹਾ ਕਿ ਐਮਐਸਪੀ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹਨ, ਜੋ ਇਹ ਆਰਡੀਨੈਂਸ ਜਾਰੀ ਹੋਣ ਤੋਂ ਬਾਅਦ ਸਿਰ ਚੁੱਕਣਗੀਆਂ ਅਤੇ ਇਹ ਦੇਸ਼ ਦਾ ਕਿਸਾਨ ਹੀ ਨਹੀਂ, ਬਲਕਿ ਕਿਸਾਨ ਨਾਲ ਸਿੱਧੇ ਤੇ ਅਸਿੱਧੇ ਰੂਪ ਵਿੱਚ ਜੁੜਿਆ ਹਰ ਵਰਗ ਕਦੇ ਵੀ ਬਰਦਾਸ਼ਿਤ ਨਹੀਂ ਕਰੇਗਾ। ਇਸ ਮੌਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਬੱਬੂ ਬਾਂਸਲ ਅਤੇ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ। ਚੱਕਾ ਜਾਮ ਦੌਰਾਨ ਹਾਜ਼ਰ ਆਗੂਆਂ ਤੇ ਵਰਕਰਾਂ ਨੇ ਸਰਕਾਰ ਖ਼ਿਲਾਫ਼ ਭਰਵੀਂ ਨਾਅਰੇਬਾਜ਼ੀ ਕੀਤੀ।


Harinder Kaur

Content Editor

Related News