ਦਿੱਲੀ ਪਹੁੰਚੀ ਸਵਰਾ ਭਾਸਕਰ ਨੇ ਕਿਸਾਨਾਂ ਤੋਂ ਮੰਗੀ ਮੁਆਫ਼ੀ, ਸਟੇਜ 'ਤੇ ਆਖੀਆਂ ਇਹ ਗੱਲਾਂ (ਵੀਡੀਓ)
Sunday, Jan 10, 2021 - 12:03 PM (IST)
ਨਵੀਂ ਦਿੱਲੀ (ਬਿਊਰੋ) — ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਕਿਸਾਨਾਂ ਦਾ ਸਮਰਥਨ ਪੰਜਾਬੀ ਕਲਾਕਾਰ ਵਧ ਚੜ੍ਹ ਕੇ ਕਰ ਰਹੇ ਹਨ। ਇਨਾਂ ਹੀ ਨਹੀਂ ਕਈ ਕਲਾਕਾਰ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਦੇ ਹੌਂਸਲੇ ਨੂੰ ਬੁਲੰਦ ਕਰ ਰਹੇ ਹਨ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਵਰਾ ਭਾਸਕਰ ਸਿੰਘੂ ਬਾਰਡਰ ’ਤੇ ਕਿਸਾਨਾਂ ਦੇ ਸਮਰਥਨ ’ਚ ਪਹੁੰਚੀ ਸੀ। ਇਸ ਦੌਰਾਨ ਉਨ੍ਹਾਂ ਨੇ ਜੋਸ਼ੀਲੇ ਬੋਲਾਂ ਨਾਲ ਸਟੇਜ ’ਤੇ ਕਿਸਾਨਾਂ ਦੇ ਹੌਂਸਲੇ ਬੁਲੰਦ ਕਰਦਿਆਂ ਕਿਹਾ, ‘ਅੱਜ ਮੈਂ ਸਿੰਘੂ ਬਾਰਡਰ ’ਤੇ ਭਾਰਤ ਦੀ ਨਾਗਰਿਕ ਹੋਣ ਦੇ ਨਾਅਤੇ ਪਹੁੰਚੀ ਹਾਂ। ਇਸ ਅੰਦੋਲਨ ’ਚ ਪਹੁੰਚਣ ਤੋਂ ਪਹਿਲਾਂ ਮੈਨੂੰ ਕਈ ਲੋਕਾਂ ਨੇ ਕਿਹਾ ਕਿ ਮੈਂ ਇਸ ਅੰਦੋਲਨ ਨਾਲ ਕਿਉਂ ਜੁੜ ਰਹੀ ਹਾਂ। ਮੈਨੂੰ ਇਹ ਸਵਾਲ ਚੰਗਾ ਵੀ ਲੱਗਾ। ਮੈਂ ਉਨ੍ਹਾਂ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਭਾਰਤ ਦੀ ਇਕ ਨਾਗਰਿਕ ਹਾਂ। ਇਸ ਲਈ ਮੈਂ ਇਸ ਅੰਦੋਲਨ ’ਚ ਪਹੁੰਚੀ ਹਾਂ।’
ਇਸ ਦੌਰਾਨ ਸਵਾਰ ਭਾਸਕਰ ਨੇ ਕਿਹਾ ਪਹਿਲਾਂ ਜਦੋਂ ਮੈਂ ਸਿੰਘੂ ਬਾਰਡਰ ’ਤੇ ਆਈ ਸੀ ਤਾਂ ਇਕ ਬਜ਼ੁਰਗ ਬੇਬੇ ਨੇ ਸਟੇਜ ਤੋਂ ਮੇਰੇ ਵੱਲ ਵੇਖਦਿਆਂ ਕਿਹਾ ਸੀ ਕਿ ਤੂੰ ਇਥੇ ਕੀ ਕਰਨ ਆਈ ਹੈ? ਤੇਰੇ ਕਿਸਾਨਾਂ ਨਾਲ ਕੀ ਵਾਸਤਾ ਹੈ? ਮੈਂ ਕਿਹਾ ਕੋਈ ਨਹੀਂ। ਫ਼ਿਰ ਉਨ੍ਹਾਂ ਕਿਹਾ ਕਦੇ ਖ਼ੇਤਾਂ ’ਚ ਗਈ ਹੈ? ਮੈਂ ਕਿਹਾ ਨਹੀਂ। ਕਹਿੰਦੇ ਫ਼ਿਰ ਕਿਸਾਨਾਂ ਨਾਲ ਨਾਅਤਾ ਕੀ ਹੈ ਤੇਰਾ? ਇਸ ਤੋਂ ਬਾਅਦ ਬਜ਼ੁਰਗ ਬੇਬੇ ਨੇ ਕਿਹਾ ਰੋਟੀ ਨਾਲ ਨਾਅਤਾ ਹੈ ਤੇਰਾ? ਮੈਂ ਕਿਹਾ ਹਾਂ। ਬੱਸ ਬੇਬੇ ਦੀ ਇਹੀ ਗੱਲ ਮੇਰੇ ਦਿਲ ’ਚ ਆ ਵਸੀ। ਇਸ ਗੱਲ ਨੇ ਮੇਰੇ ਅੰਦਰ ਕਿਸਾਨਾਂ ਪ੍ਰਤੀ ਹੋਰ ਜੋਸ਼ ਪੈਦਾ ਕੀਤਾ। ਮੈਂ ਕਿਸਾਨ ਭਰਾਵਾਂ ਦਾ ਧੰਨਵਾਦ ਕਰਦੀ ਹਾਂ, ਜੋ ਸਾਡੇ ਲਈ ਲੜ ਰਹੇ ਹਨ ਅਤੇ ਸਾਨੂੰ ਅੰਨ ਦਿੰਦੇ ਹਨ।
ਇਸ ਤੋਂ ਇਲਾਵਾ ਸਵਰਾ ਭਾਸਕਰ ਨੇ ਗੋਦੀ ਮੀਡੀਆ ਨੂੰ ਲਾਹਨਤਾਂ ਪਾਉਂਦੇ ਹੋਏ ਕਿਹਾ ਕਿ ਸਾਡੇ ਇੰਡਸਟਰੀ ’ਚ ਕਈ ਲੋਕ ਅਜਿਹੇ ਹਨ, ਜੋ ਗੋਦੀ ਮੀਡੀਆ ਦਾ ਸਮਰਥਨ ਕਰਦੇ ਹਨ, ਜਿਸ ਲਈ ਮੈਂ ਬਹੁਤ ਸ਼ਰਮਿੰਦਾ ਹਾਂ। ਇੰਨਾਂ ਹੀ ਨਹੀਂ ਉਹ ਕਿਸਾਨਾਂ ਨੂੰ ਗਲ਼ਤ ਵੀ ਦੱਸ ਰਹੇ ਹਨ ਅਤੇ ਵੱਖ-ਵੱਖ ਤਰ੍ਹਾਂ ਦੇ ਇਲਜ਼ਾਮ ਲਾ ਰਹੇ ਹਨ। ਉਹ ਲੋਕ ਭੁੱਲ ਗਏ ਹਨ ਕਿ ਸਾਡੀ ਰੋਜ਼ੀ ਰੋਟੀ, ਸਾਡਾ ਕੰਮ, ਸਾਡੀਆਂ ਫ਼ਿਲਮਾਂ ਦਾ ਹਰ ਤੀਜਾ ਸ਼ੂਟ ਪੰਜਾਬ ਨਾਲ ਜੁੜਿਆ ਹੁੰਦਾ ਹੈ।
ਖੇਤੀ ਕਾਨੂੰਨਾਂ ਨੇ ਇਕੋ ਮੰਚ 'ਤੇ ਇਕੱਠਾ ਕੀਤਾ ਪੰਜਾਬੀ ਕਲਾਕਾਰ ਭਾਈਚਾਰਾ
ਤਾਲਾਬੰਦੀ 'ਚ ਇਕ ਹੋਰ ਆਫ਼ਤ ਖੇਤੀ ਕਾਨੂੰਨਾਂ ਕਰਕੇ ਆਈ। ਪੰਜਾਬ ਦੇ ਕਿਸਾਨਾਂ ਵਲੋਂ ਲੰਮੇ ਸਮੇਂ ਤੋਂ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਿਰੋਧ ਦਾ ਹਿੱਸਾ ਪੰਜਾਬੀ ਕਲਾਕਾਰ ਵੀ ਬਣੇ। ਪੰਜਾਬੀ ਕਲਾਕਾਰਾਂ ਨੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਵੱਡੇ ਪੱਧਰ 'ਤੇ ਆਮ ਲੋਕਾਂ ਤਕ ਕਿਸਾਨਾਂ ਦੀ ਗੱਲ ਪਹੁੰਚਾਉਣ 'ਚ ਮਦਦ ਕੀਤੀ ਤੇ ਉਨ੍ਹਾਂ ਦੇ ਹੱਕਾਂ ਲਈ ਖੜ੍ਹੇ ਹੋਣ ਦੀ ਸਲਾਹ ਦਿੱਤੀ। ਅੱਜ ਵੀ ਅਸੀਂ ਦੇਖਦੇ ਹਾਂ ਕਿ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ 'ਚ ਰੋਜ਼ਾਨਾ ਅਣਗਿਣਤ ਪੰਜਾਬੀ ਕਲਾਕਾਰ ਪਹੁੰਚ ਰਹੇ ਹਨ। ਜਿਨ੍ਹਾਂ ਕਲਾਕਾਰਾਂ ਦਾ ਕਦੇ ਆਪਸ 'ਚ ਵਿਵਾਦ ਸੀ, ਉਹ ਕਲਾਕਾਰ ਵੀ ਇਕ ਮੰਚ 'ਤੇ ਇਕੱਠੇ ਹੋ ਰਹੇ ਹਨ ਤੇ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰ ਰਹੇ ਹਨ।
ਗੀਤਾਂ 'ਚ ਆਇਆ ਵੱਡਾ ਬਦਲਾਅ
ਤਾਲਾਬੰਦੀ ਤੇ ਕਿਸਾਨ ਅੰਦੋਲਨ ਕਰਕੇ ਪੰਜਾਬੀ ਗਾਇਕਾਂ ਦੇ ਗੀਤਾਂ 'ਚ ਵੀ ਵੱਡਾ ਬਦਲਾਅ ਦੇਖਣ ਨੂੰ ਮਿਲਿਆ। ਜਿਥੇ ਤਾਲਾਬੰਦੀ ਕਰਕੇ ਕਈ ਗਾਇਕਾਂ ਨੇ ਘਰ 'ਚ ਹੀ ਘੱਟ ਬਜਟ 'ਚ ਮੋਬਾਇਲਾਂ 'ਤੇ ਗੀਤ ਬਣਾ ਕੇ ਰਿਲੀਜ਼ ਕੀਤੇ, ਉਥੇ ਕਿਸਾਨ ਅੰਦੋਲਨ 'ਤੇ ਹੁਣ ਤਕ ਸੈਂਕੜੇ ਦੀ ਗਿਣਤੀ 'ਚ ਗੀਤ ਰਿਲੀਜ਼ ਹੋ ਚੁੱਕੇ ਹਨ। ਇਨ੍ਹਾਂ ਗੀਤਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬੀ ਗਾਇਕ ਸਿਰਫ਼ ਹਥਿਆਰਾਂ ਵਾਲੇ ਗੀਤ ਹੀ ਨਹੀਂ ਗਾਉਂਦੇ, ਸਗੋਂ ਸਮਾਂ ਆਉਣ ’ਤੇ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਨ 'ਚ ਵੀ ਅੱਗੇ ਹੁੰਦੇ ਹਨ। ਉਂਝ ਵੀ ਪੰਜਾਬੀ ਕਲਾਕਾਰਾਂ ਬਾਰੇ ਇਹ ਧਾਰਨਾ ਬਣੀ ਹੋਈ ਸੀ ਕਿ ਉਹ ਆਮ ਲੋਕਾਂ ਦੇ ਹੱਕ ਦੀ ਗੱਲ ਨਹੀਂ ਕਰਦੇ ਪਰ ਇਸ ਧਾਰਨਾ ਨੂੰ ਇਸ ਸਾਲ ਪੰਜਾਬੀ ਗਾਇਕਾਂ ਨੇ ਗਲ਼ਤ ਸਾਬਿਤ ਕਰ ਦਿਖਾਇਆ ਹੈ।
ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ
ਦਿੱਲੀ ਦੀਆਂ ਹੱਦਾਂ 'ਤੇ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਵੇਲੇ ਦਿੱਲੀ ਨੂੰ ਤਕਰੀਬਨ ਚੁਫੇਰਿਓਂ ਘੇਰਿਆ ਹੋਇਆ ਹੈ। ਅੱਜ ਫਿਰ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਚਰਚਾ ਛਿੜੀ ਹੈ। ਦਿੱਲੀ ਦੇ ਸਿੰਘੂ, ਟਿਕਰੀ ਤੇ ਕੁੰਡਲੀ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।