ਖਰੀਦ ਕੇਂਦਰ ਵਿਖੇ ਬਾਰਦਾਨੇ ਦੀ ਘਾਟ ਤੇ ਲਿਫਟਿੰਗ ਨਾ ਹੋਣ ਕਾਰਨ ਕਿਸਾਨਾਂ ਵਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ
Monday, Apr 19, 2021 - 07:58 PM (IST)
ਭਵਾਨੀਗੜ੍ਹ, (ਕਾਂਸਲ)- ਸਥਾਨਕ ਸ਼ਹਿਰ ਨੇੜਲੇ ਪਿੰਡ ਮਾਝੀ ਵਿਖੇ ਖਰੀਦ ਕੇਂਦਰ ’ਚ ਬਾਰਦਾਨੇ ਦੀ ਘਾਟ, ਲਿਫਟਿੰਗ ਨਾ ਹੋਣ ਅਤੇ ਮੰਡੀਆਂ ’ਚ ਹੋਰ ਅਧੂਰੇ ਖਰੀਦ ਪ੍ਰਬੰਧਾਂ ਕਾਰਨ ਪਿਛਲੇ ਕਈ ਦਿਨਾਂ ਤੋਂ ਖੱਜਲ ਖੁਆਰ ਹੋ ਰਹੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਕਿਸਾਨ ਆਗੂ ਕਰਮ ਸਿੰਘ ਮਾਝਾ, ਸੁਖਦੇਵ ਸਿੰਘ, ਬੰਤਾ ਸਿੰਘ ਮਾਝੀ, ਸਤਿਗੁਰ ਸਿੰਘ ਮਾਝੀ ਅਤੇ ਲਾਲਾ ਸਿੰਘ ਮਾਝੀ ਸਮੇਤ ਹੋਰ ਇਕੱਠੇ ਹੋਏ ਕਿਸਾਨਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਮੰਡੀਆਂ ’ਚ ਕੋਈ ਬਾਰਦਾਨਾ ਨਹੀਂ ਆ ਰਿਹਾ ਅਤੇ ਲਿਫਟਿੰਗ ਦਾ ਵੀ ਬਹੁਤ ਮਾੜਾ ਹਾਲ ਹੋਣ ਕਾਰਨ ਕਿਸਾਨਾਂ ਦਾ ਮੰਡੀਆਂ ’ਚ ਬਹੁਤ ਬੁਰਾ ਹਾਲ ਹੈ। ਕਿਸਾਨ ਕਈ ਦਿਨਾਂ ਤੋਂ ਲਗਾਤਾਰ ਮੰਡੀਆਂ ’ਚ ਰਾਤਾਂ ਕੱਟਣ ਨੂੰ ਮਜਬੂਰ ਹਨ। ਉਨ੍ਹਾਂ ਕਿਹਾ ਕਿ ਕਣਕ ਦੀ ਖਰੀਦ ਕਰਨ ਲਈ ਖ੍ਰੀਦ ਏਜੰਸ਼ੀ ਦੇ ਅਧਿਕਾਰੀ ਹਰ ਰੋਜ਼ ਆਉਂਦੇ ਜਰੂਰ ਹਨ ਪਰ ਬਾਰਦਾਨੇ ਦੀ ਗੱਡੀ ਨਾ ਆਉਣ ਦਾ ਬਹਾਨਾ ਲਾ ਕੇ ਬਿਨ੍ਹਾਂ ਖਰੀਦ ਕੀਤੇ ਹੀ ਵਾਪਸ ਚਲੇ ਜਾਂਦੇ ਹਨ।
ਇਸ ਮੌਕੇ ਪਿੰਡ ਮਾਝੀ ਦੀ ਅਨਾਜ ਮੰਡੀ ਵਿਖੇ ਵਿਸ਼ੇਸ਼ ਤੌਰ ’ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਮਾਜ ਸੇਵਕ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਵੀ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦਾ ਵਤੀਰਾ ਕਿਸਾਨਾਂ ਪ੍ਰਤੀ ਮਾੜਾ ਹੈ ਜਿਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਘੱਟ ਹੈ। ਉਨ੍ਹਾਂ ਕਿਹਾਂ ਕਿ ਸਰਕਾਰਾਂ ਵੱਲੋਂ ਜਾਣ ਬੁੱਝ ਕੇ ਕਿਸਾਨਾਂ ਨੂੰ ਪੇ੍ਰਸ਼ਾਨ ਕੀਤਾ ਜਾ ਰਿਹਾ ਹੈ ਪਰ ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਅਜਿਹਾ ਨਹੀਂ ਹੋਵੇਗਾ ਕਿਸਾਨ ਬਹੁਤ ਖੁਸ਼ਹਾਲ ਹੋਣਗੇ।
ਇਸ ਸੰਬੰਧੀ ਜਦੋਂ ਅਨਾਜ ਮੰਡੀ ਮਾਝੀ ਦੇ ਇੰਸਪੈਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਾਰਦਾਨੇ ਦੀ ਪ੍ਰੇਸ਼ਾਨੀ ਸਾਰੀਆਂ ਮੰਡੀਆਂ ’ਚ ਹੈ ਇੱਕ ਦੋ ਦਿਨਾਂ ’ਚ ਸਾਰਾ ਮਸਲਾ ਹੱਲ ਹੋ ਜਾਵੇਗਾ। ਲਿਫਟਿੰਗ ਦੇ ਸਵਾਲ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਸਾਨੂੰ ਇਸ ਦੀ ਜਾਣਕਾਰੀ ਨਹੀਂ ਪਰ ਜੇ ਲਿਫਟਿੰਗ ਦੀ ਕੋਈ ਸਮੱਸਿਆ ਹੈ ਤਾਂ ਉਸ ਦਾ ਵੀ ਹੱਲ ਜਲਦੀ ਕਰ ਦੇਵਾਂਗੇ।