ਧੁੱਪ ਨਿਕਲਣ ਦੇ ਬਾਵਜੂਦ ਚਿੰਤਾਮੁਕਤ ਨਹੀਂ ਹਨ ਸਬਜ਼ੀ ਉਤਪਾਦਕ ਕਿਸਾਨ

Friday, Jan 24, 2020 - 11:57 AM (IST)

ਧੁੱਪ ਨਿਕਲਣ ਦੇ ਬਾਵਜੂਦ ਚਿੰਤਾਮੁਕਤ ਨਹੀਂ ਹਨ ਸਬਜ਼ੀ ਉਤਪਾਦਕ ਕਿਸਾਨ

ਧਰਮਕੋਟ (ਅਕਾਲੀਆਂ ਵਾਲਾ): ਦਿਨੋਂ ਦਿਨ ਵਧ ਰਹੀ ਠੰਡ ਨੇ ਰੋਜ਼ਾਨਾ ਦੀ ਜ਼ਿੰਦਗੀ ਵਿਚ ਵੱਡੀਆਂ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ ਹਨ। ਬੇਸ਼ੱਕ ਮੌਸਮ ਹੁਣ ਸਾਫ ਹੋ ਗਿਆ ਹੈ ਪ੍ਰੰਤੂ ਵਧ ਰਹੇ ਕੋਹਰੇ ਦੀ ਸੰਭਾਵਨਾ ਨਾਲ ਸਬਜ਼ੀ ਉਤਪਾਦਕ ਭੈਅਮੁਕਤ ਨਹੀਂ ਹੋ ਰਹੇ। ਮੌਸਮ ਵਿਭਾਗ ਵਲੋਂ ਜਨਵਰੀ ਦੇ ਅਖੀਰ ਵਿਚ ਬਰਸਾਤ ਪੈਣ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਹਨ। ਸਰਦੀਆਂ ਦੀਆਂ ਸਬਜ਼ੀਆਂ ਮੂਲੀ, ਗਾਜਰ, ਗੋਭੀ, ਬੰਦ ਗੋਭੀ, ਮਟਰ ਅਤੇ ਹੋਰ ਸਬਜ਼ੀਆਂ ਬੀਜ ਕੇ ਸਰਦੀ ਦੇ ਦਿਨਾਂ 'ਚ ਪੈਦਾਵਾਰ ਵੇਚ ਕੇ ਚਾਰ ਪੈਸੇ ਕਮਾ ਰਹੇ ਹਨ ਪਰ ਗਰਮੀਆਂ ਲਈ ਬੀਜੇ ਖੀਰੇ, ਤਰਬੂਜ਼, ਕਰੇਲੇ, ਸ਼ਿਮਲਾ ਮਿਰਚ, ਮਿਰਚ ਤੇ ਹੋਰ ਸਬਜ਼ੀਆਂ ਨੇ ਉਨ੍ਹਾਂ ਨੂੰ ਫਿਕਰਾਂ ਵਿਚ ਪਾਇਆ ਹੋਇਆ ਹੈ। ਕਿਉਂਕਿ ਅਜਿਹੇ ਬੀਜ ਪੁੰਗਰਨ ਲਈ ਗਰਮਾਹਟ ਦੀ ਜ਼ਰੂਰਤ ਹੁੰਦੀ ਹੈ। ਕਿਸਾਨ ਰਾਜਪਾਲ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਚੱਪਣ ਕੱਦੂ ਦੇ ਬੀਜ ਮਹਿੰਗੇ ਭਾਅ 'ਤੇ ਖਰੀਦੇ ਸਨ ਜੋ ਠੰਡ ਕਾਰਨ ਫੁੱਟ ਹੀ ਨਹੀਂ ਸਕੇ।

ਇਸ ਵੇਲੇ ਇਹ ਸਬਜ਼ੀਆਂ ਉਨ੍ਹਾਂ ਦੀਆਂ ਪੋਲੀਥੀਨ ਵਿਚ ਬੀਜੀਆਂ ਹੋਈਆਂ ਹਨ ਤਾਂ ਕਿ ਦਿਨ ਰਾਤ ਦੀ ਠੰਡ ਉਨ੍ਹਾਂ 'ਤੇ ਆਪਣੀ ਮਾਰ ਨਾ ਕਰ ਸਕੇ। 24 ਘੰਟੇ ਰਹਿ ਰਿਹਾ ਠੰਡਾ ਮੌਸਮ ਇਸ ਵੇਲੇ ਗਰਮੀਆਂ ਦੀਆਂ ਸਬਜ਼ੀਆਂ ਦਾ ਵੈਰੀ ਬਣਿਆ ਹੋਇਆ ਹੈ। ਜਿਸ ਕਾਰਨ ਇਨ੍ਹਾਂ ਦਾ ਪਿਛਲੇ ਕਈ ਦਿਨਾਂ ਤੋਂ ਮੁਕੰਮਲ ਤੌਰ 'ਤੇ ਵਾਧਾ ਰੁਕਿਆ ਪਿਆ ਹੈ। ਜਿਸ ਕਾਰਨ ਸਬਜ਼ੀ ਉਤਪਾਦਕ ਫਿਕਰਾਂ 'ਚ ਪਏ ਹੋਏ ਹਨ। ਜਾਣਕਾਰੀ ਮੁਤਾਬਕ ਇਹ ਗਰਮੀਆਂ ਵਾਲੀਆਂ ਸਬਜ਼ੀਆਂ ਉਤਪਾਦਕ ਸਮੇਂ ਤੋਂ ਪਹਿਲਾਂ ਪੋਲੀਥੀਨ 'ਚ ਬੀਜਦੇ ਹਨ ਤਾਂ ਕਿ ਫਰਵਰੀ ਦੇ ਪਹਿਲੇ ਹਫ਼ਤੇ ਅਗੇਤੀ ਸਬਜ਼ੀ ਬਾਜ਼ਾਰ 'ਚ ਲਿਜਾ ਕੇ ਵੱਧ ਤੋਂ ਵੱਧ ਕੀਮਤ ਵਸੂਲ ਕੀਤੀ ਜਾ ਸਕੇ ਪਰ ਹੁਣ ਹੱਡ ਚੀਰਵੀਂ ਠੰਡ ਹੋਣ ਕਾਰਨ ਉਨ੍ਹਾਂ ਨੂੰ ਆਸਾਂ 'ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹਾਈਬ੍ਰਿਡ ਬੀਜ ਦੇ ਇਕੱਲੇ-ਇਕੱਲੇ ਬੀਜ ਦੀ ਕੀਮਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਤੋਂ ਅੰਤਾਂ ਦੀ ਠੰਡ ਪੈਣ ਕਾਰਨ ਗਰਮੀਆਂ ਵਾਲੀਆਂ ਸਬਜ਼ੀਆਂ 10 ਤੋਂ 15 ਦਿਨਾਂ ਤੱਕ ਪੱਛੜ ਕੇ ਸਬਜ਼ੀ ਮੰਡੀ 'ਚ ਵਿਕਣ ਲਈ ਜਾਣਗੀਆਂ, ਜਿਸ ਨਾਲ ਸਬਜ਼ੀ ਦਾ ਝਾੜ ਵੀ ਘਟੇਗਾ ਅਤੇ ਸਾਨੂੰ ਕਾਫ਼ੀ ਨੁਕਸਾਨ ਵੀ ਹੋਣ ਦੀ ਸੰਭਾਵਨਾ ਹੈ। ਬੂਟਿਆਂ ਨੂੰ ਮਹਿੰਗੀ ਸਪਰੇਅ ਕਰਨ 'ਤੇ ਵੱਖ ਖ਼ਰਚ ਹੋਵੇਗਾ। ਜਾਣਕਾਰੀ ਮੁਤਾਬਕ ਧਰਮਕੋਟ ਦੇ ਆਸ ਪਾਸ ਅਤੇ ਫ਼ਤਿਹਗੜ੍ਹ ਪੰਜਤੂਰ ਦੇ ਨਾਲ-ਨਾਲ ਦਰਿਆਈ ਇਲਾਕੇ ਵਿਚ ਵੀ ਵੱਡੇ ਪੱਧਰ 'ਤੇ ਸਬਜ਼ੀਆਂ ਦੀ ਕਾਸ਼ਤ ਕੀਤੀ ਜਾਂਦੀ ਹੈ।


author

Shyna

Content Editor

Related News