ਕਿਸਾਨ ਨੇ ਨਾਬਾਲਗ ਮਜ਼ਦੂਰ ਨੂੰ ਦਿੱਤੀ ਤਾਲਿਬਾਨੀ ਸਜ਼ਾ, ਪੈਰ ਰੱਸੇ ਨਾਲ ਬੰਨ੍ਹ ਕੇ ਦਰੱਖਤ ਨਾਲ ਲਟਕਾਇਆ ਪੁੱਠਾ

Monday, Jul 17, 2023 - 02:36 AM (IST)

ਕਿਸਾਨ ਨੇ ਨਾਬਾਲਗ ਮਜ਼ਦੂਰ ਨੂੰ ਦਿੱਤੀ ਤਾਲਿਬਾਨੀ ਸਜ਼ਾ, ਪੈਰ ਰੱਸੇ ਨਾਲ ਬੰਨ੍ਹ ਕੇ ਦਰੱਖਤ ਨਾਲ ਲਟਕਾਇਆ ਪੁੱਠਾ

ਫਿਲੌਰ (ਭਾਖੜੀ)–ਇਕ ਕਿਸਾਨ ਨੇ ਆਪਣੇ ਖੇਤਾਂ ’ਚ ਕੰਮ ਕਰਨ ਵਾਲੇ ਨਾਬਾਲਗ ਪ੍ਰਵਾਸੀ ਮਜ਼ਦੂਰ ਨੂੰ ਇਸ ਤਰ੍ਹਾਂ ਦੀ ਤਾਲਿਬਾਨੀ ਸਜ਼ਾ ਦਿੱਤੀ, ਜਿਸ ਨੂੰ ਸੁਣ ਕੇ ਹਰ ਕਿਸੇ ਦੀ ਰੂਹ ਕੰਬ ਜਾਵੇਗੀ ਅਤੇ ਸਜ਼ਾ ਵੀ ਉਸ ਗ਼ਲਤੀ ਦੀ, ਜੋ ਪੀੜਤ ਨੇ ਕੀਤੀ ਹੀ ਨਹੀਂ। ਬੇਰਹਿਮ ਕਿਸਾਨ ਨੇ ਨਾਬਾਲਗ ਮਜ਼ਦੂਰ ਨੂੰ ਉਦੋਂ ਤੱਕ ਦਰੱਖਤ ਨਾਲ ਬੰਨ੍ਹ ਕੇ ਪੁੱਠਾ ਲਟਕਾਈ ਰੱਖਿਆ, ਜਦੋਂ ਤੱਕ ਉਸ ਦੇ ਨੱਕ, ਕੰਨ ਅਤੇ ਅੱਖਾਂ ’ਚੋਂ ਖੂਨ ਨਹੀਂ ਉਤਰਨਾ ਸ਼ੁਰੂ ਹੋ ਗਿਆ। ਨਾਬਾਲਗ ਨੂੰ ਉਲਟਾ ਲਟਕਾ ਕੇ ਬਿਹਾਰ ’ਚ ਉਸ ਦੇ ਪਰਿਵਾਰ ਵਾਲਿਆਂ ਨੂੰ ਵੀਡੀਓ ਕਾਲ ਕਰ ਕੇ ਉਸ ਨੂੰ ਲੱਤਾਂ, ਘਸੁੰਨਾਂ ਨਾਲ ਕੁੱਟਿਆ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਕੇਦਾਰਨਾਥ ਮੰਦਰ ’ਚ ਮੋਬਾਇਲ ਲਿਜਾਣ, ਫੋਟੋਆਂ ਖਿੱਚਣ ਤੇ ਵੀਡੀਓ ਬਣਾਉਣ ’ਤੇ ਲੱਗੀ ਪਾਬੰਦੀ

PunjabKesari

ਲੜਕੇ ਨੂੰ ਮੌਤ ਦੇ ਘਾਟ ਉਤਾਰਨ ਦੀ ਧਮਕੀ ਦੇ ਕੇ ਉਸ ਦੇ ਮਾਤਾ-ਪਿਤਾ ਤੋਂ 35 ਹਜ਼ਾਰ ਰੁਪਏ ਆਪਣੇ ਖਾਤੇ ’ਚ ਪਵਾਏ, ਤਾਂ ਜਾ ਕੇ ਹੇਠਾਂ ਉਤਾਰਿਆ। ਨੇੜਲੇ ਪਿੰਡ ਛੋਟੀ ਪਾਲਨੌਂ ਦੇ ਕਿਸਾਨ ਮਨਵੀਰ ਜੋ ਆਪਣੇ ਪਿੰਡ ਦਾ ਪੰਚ ਵੀ ਹੈ, ਨੇ ਖੇਤਾਂ ’ਚ ਕੰਮ ਕਰਨ ਵਾਲੇ ਪ੍ਰਵਾਸ਼ੀ ਮਜ਼ਦੂਰ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦੇ ਅਮਰਜੀਤ ਨੂੰ ਐਡਵਾਂਸ ਦੇ ਰੂਪ ’ਚ 35 ਹਜ਼ਾਰ ਰੁਪਏ ਦਿੱਤੇ ਸਨ। ਅਮਰਜੀਤ 35 ਹਜ਼ਾਰ ਰੁਪਏ ਲੈ ਕੇ ਪਿੰਡ ਰਫੂਚੱਕਰ ਹੋ ਗਿਆ ਤਾਂ ਇਸ ਗੱਲ ਨੂੰ ਲੈ ਕੇ ਮਨਵੀਰ ਗੁੱਸੇ ’ਚ ਆਪੇ ਤੋਂ ਬਾਹਰ ਹੋ ਗਿਆ। ਮਨਵੀਰ ਨੇ ਸਭ ਤੋਂ ਪਹਿਲਾਂ ਸੀ. ਸੀ. ਟੀ. ਵੀ. ਕੈਮਰੇ ’ਚੋਂ ਫੁਟੇਜ ਕੱਢੀ, ਜਿਸ ਵਿਚ ਅਮਰਜੀਤ ਸਾਈਕਲ ’ਤੇ ਜਾਂਦਾ ਦਿਸ ਗਿਆ, ਫੁਟੇਜ ਉਸ ਨੇ ਸਾਰੇ ਗਰੁੱਪਾਂ ’ਚ ਵਾਇਰਲ ਕਰ ਦਿੱਤੀ ਅਤੇ ਮੈਸੇਜ ਪਾ ਦਿੱਤਾ ਕਿ ਜਿਸ ਕਿਸੇ ਨੂੰ ਅਮਰਜੀਤ ਦਿਖਾਈ ਦੇਵੇ ਤਾਂ ਉਸ ਨੂੰ ਫੋਨ ਕਰ ਕੇ ਸੂਚਿਤ ਕਰੇ।

ਇਹ ਖ਼ਬਰ ਵੀ ਪੜ੍ਹੋ : ਘੱਗਰ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ 3 ਫੁੱਟ ਵਹਿ ਰਿਹੈ ਉੱਪਰ, ਸਹਿਮੇ ਮਾਨਸਾ ਦੇ ਲੋਕ

ਬੀਤੇ ਦਿਨ ਮਨਵੀਰ ਨੂੰ ਪਤਾ ਲੱਗਾ ਕਿ ਪੈਸੇ ਲੈ ਕੇ ਭੱਜਣ ਵਾਲੇ ਅਮਰਜੀਤ ਦੇ ਪਿੰਡ ਦਾ ਇਕ ਲੜਕਾ ਮਿਥਲੇਸ਼ (17) ਉੇਸ ਦੇ ਪਿੰਡ ’ਚ ਹੀ ਰਹਿ ਰਿਹਾ ਹੈ। ਮਨਵੀਰ ਉਸ ਨੂੰ ਚੁੱਕ ਕੇ ਨੇੜਲੇ ਪਿੰਡ ਪਾਲਕਦੀਮ ’ਚ ਆਪਣੇ ਪਛਾਣ ਵਾਲੇ ਦੇ ਖੇਤਾਂ ’ਚ ਲੈ ਗਿਆ ਅਤੇ ਉੱਥੇ ਮਿਥਲੇਸ਼ ਦੇ ਦੋਵੇਂ ਪੈਰ ਰੱਸੇ ਨਾਲ ਬੰਨ੍ਹ ਕੇ ਉਸ ਨੂੰ ਉਲਟਾ ਲਟਕਾ ਦਿੱਤਾ। ਮਨਵੀਰ ਦੇ ਸਾਥੀ ਨੇ ਬਿਹਾਰ ’ਚ ਮਿਥਲੇਸ਼ ਦੇ ਪਿੰਡ ਉਸ ਦੇ ਮਾਤਾ-ਪਿਤਾ ਨੂੰ ਵੀਡੀਓ ਕਾਲ ਕੀਤੀ। ਜਿਉਂ ਹੀ ਮਿਥਲੇਸ਼ ਦੇ ਪਰਿਵਾਰ ਵਾਲਿਆਂ ਨੇ ਫੋਨ ਚੁੱਕਿਆ ਤਾਂ ਮਨਵੀਰ ਨੇ ਉਲਟਾ ਲਟਕਾ ਕੇ ਮਿਥਲੇਸ਼ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਜਲੰਧਰ ਦੇ ਇਨ੍ਹਾਂ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ’ਚ 17 ਤੇ 18 ਨੂੰ ਰਹੇਗੀ ਛੁੱਟੀ

ਨਾਬਾਲਗ ਚੀਕਦਾ ਚਿੱਲਾਉਂਦਾ ਰਿਹਾ। ਦੂਜੇ ਪਾਸੇ ਉਸ ਦੇ ਪਰਿਵਾਰ ਵਾਲੇ ਉਸ ਦੀ ਹਾਲਤ ਦੇਖ ਕੇ ਰੋਣ ਲੱਗੇ। ਮਨਵੀਰ ਨੇ ਉਸ ਦੇ ਪਰਿਵਾਰ ਵਾਲਿਆਂ ਨੂੰ ਧਮਕਾਉਂਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੇ ਤੁਰੰਤ ਉਸ ਦੇ ਖਾਤੇ ’ਚ ਗੂਗਲ-ਪੇ ਕਰ ਕੇ 35,000 ਰੁਪਏ ਨਾ ਪਵਾਏ ਤਾਂ ਉਹ ਮਿਥਲੇਸ਼ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ। ਆਪਣੇ ਬੱਚੇ ਨੂੰ ਬਚਾਉਣ ਲਈ ਪਰਿਵਾਰ ਵਾਲਿਆਂ ਨੇ ਲੋਕਾਂ ਤੋਂ ਕਰਜ਼ਾ ਲੈ ਕੇ ਮਨਵੀਰ ਦੇ ਖਾਤੇ ’ਚ ਪੈਸੇ ਪਵਾ ਦਿੱਤੇ, ਜਿਸ ਤੋਂ ਬਾਅਦ ਮਨਵੀਰ ਨੇ ਲੜਕੇ ਦੇ ਪੈਰਾਂ ’ਚੋਂ ਰੱਸੀਆਂ ਖੋਲ੍ਹ ਕੇ ਹੇਠਾਂ ਉਤਾਰਿਆ। ਦੇਰ ਰਾਤ ਤੱਕ ਉਲਟਾ ਰਹਿਣ ਕਾਰਨ ਮਿਥਲੇਸ਼ ਦੇ ਨੱਕ, ਕੰਨਾਂ ਅਤੇ ਅੱਖਾਂ ’ਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ। ਲੜਕੇ ਦੀ ਹਾਲਤ ਜ਼ਿਆਦਾ ਖਰਾਬ ਹੋਣ ’ਤੇ ਮਨਵੀਰ ਨੇ ਉਸ ਨੂੰ ਇਕ ਅਣਪਛਾਤੇ ਸਥਾਨ ’ਤੇ ਕਮਰੇ ’ਚ ਬੰਦ ਕਰ ਦਿੱਤਾ ਅਤੇ 35 ਹਜ਼ਾਰ ਰੁਪਏ ਮਿਲਣ ਦੀ ਖੁਸ਼ੀ ’ਚ ਜਿਨ੍ਹਾਂ 3 ਹੋਰ ਲੜਕਿਆਂ ਨੇ ਉਸ ਦਾ ਸਾਥ ਦਿੱਤਾ, ਉਨ੍ਹਾਂ ਨਾਲ ਜਾ ਕੇ ਰਾਤ ਨੂੰ ਨਵਾਂਸ਼ਹਿਰ ’ਚ ਸ਼ਰਾਬ ਦੀ ਪਾਰਟੀ ਕੀਤੀ।

ਮਨਵੀਰ ਦੀ ਇਸ ਘਿਨੌਣੀ ਹਰਕਤ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਮਾਜਸੇਵੀ ਅਮਰੀਤ ਸਿੰਘ ਜੱਜਾ ਨੇ ਇਸ ਦੀ ਸ਼ਿਕਾਇਤ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਕੀਤੀ ਅਤੇ ਪੂਰਾ ਮਾਮਲਾ ਥਾਣਾ ਇੰਚਾਰਜ ਇੰਸ. ਹਰਜਿੰਦਰ ਦੇ ਧਿਆਨ ’ਚ ਲਿਆਾਂਦਾ, ਜਿਨ੍ਹਾਂ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਪੁਲਸ ਚੌਕੀ ਇੰਚਾਰਜ ਅੱਪਰਾ ਨੂੰ ਮਨਵੀਰ ਅਤੇ ਉਸ ਦੇ ਸਾਥੀਆਂ ਨੂੰ ਫੜਨ ਦੇ ਨਿਰਦੇਸ਼ ਦਿੱਤੇ, ਜਿਸ ਤੋਂ ਬਾਅਦ ਪੁਲਸ ਨੇ ਮਨਵੀਰ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਉਸ ਦੇ 3 ਸਾਥੀਆਂ ਨੂੰ ਫੜਨ ਲਈ ਛਾਪੇ ਮਾਰ ਰਹੀ ਹੈ। ਪੀੜਤ ਮਿਥਲੇਸ਼ ਨੂੰ ਕਿੱਥੇ ਛੁਪਾ ਕੇ ਰੱਖਿਆ ਗਿਆ ਹੈ, ਇਸ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Manoj

Content Editor

Related News