ਲੱਖੇਵਾਲੀ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਇਕ ਹੋਰ ਕਿਸਾਨ ਨੇ ਕੀਤੀ ਆਤਮ ਹੱਤਿਆ
Saturday, Nov 25, 2017 - 10:54 AM (IST)

ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ ( ਸੁਖਪਾਲ ਢਿੱਲੋਂ, ਪਵਨ ਤਨੇਜਾ,ਤਰਸੇਮ ਢੁੱਡੀ ) - ਸਵੇਰੇ ਕਰੀਬ ਸਾਢੇ 5 ਵਜੇ ਲੱਖੇਵਾਲੀ ਦੇ ਕਿਸਾਨ ਸਤਿੰਦਰਪਾਲ ਸਿੰਘ ਉਰਫ਼ ਬੱਬੂ ਪੁੱਤਰ ਜਗਿੰਦਰ ਸਿੰਘ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਇਸ ਮੌਕੇ ਮ੍ਰਿਤਕ ਦੇ ਭਰਾ ਮਨਤਿੰਦਰ ਸਿੰਘ ਉਰਫ ਐਪਾ ਬਰਾੜ ਨੇ ਥਾਣਾ ਲੱਖੇਵਾਲੀ ਦੀ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦਾ ਭਰਾ ਕਰਜ਼ੇ ਕਾਰਨ ਕਈ ਦਿਨਾਂ ਤੋਂ ਪ੍ਰੇਸ਼ਾਨ ਰਹਿੰਦਾ ਸੀ ਤੇ ਸ਼ੁੱਕਰਵਾਰ ਸਵੇਰੇ ਆਪਣੇ ਘਰੇ ਹੀ ਬੱਚਿਆਂ ਦੇ ਝੂਟੇ ਲੈਣ ਲਈ ਲਾਏ ਗਏ ਝੂਲੇ ਨਾਲ ਫਾਹਾ ਲੈ ਲਿਆ। ਮਿਲੀ ਜਾਣਕਾਰੀ ਅਨੁਸਾਰ ਮਰਨ ਵਾਲੇ ਕਿਸਾਨ ਦੀ ਉਰਫ਼ 34 ਸਾਲ ਹੈ ਤੇ ਉਸ ਦੇ ਦੋ ਬੱਚੇ ਲੜਕੀ 11 ਸਾਲ ਦੀ ਅਤੇ ਲੜਕਾ 5 ਸਾਲ ਦਾ ਹੈ। ਪਰਿਵਾਰਕ ਸੂਤਰਾਂ ਅਨੁਸਾਰ ਸਤਿੰਦਰਪਾਲ ਸਿੰਘ ਬੱਬੂ ਦੇ ਸਿਰ ਆੜਤੀਏ ਅਤੇ ਬੈਂਕਾਂ ਦਾ ਕਰੀਬ 15 ਲੱਖ ਰੁਪਏ ਕਰਜਾ ਦੱਸਿਆ ਜਾ ਰਿਹਾ ਹੈ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਲਾਸ਼ ਨੂੰ ਵਾਰਸ਼ਾਂ ਹਵਾਲੇ ਕਰ ਦਿੱਤੀ ਤੇ ਲੱਖੇਵਾਲੀ ਦੇ ਸਮਸ਼ਾਨਘਾਟ ਵਿਖੇ ਮ੍ਰਿਤਕ ਕਿਸਾਨ ਦਾ ਸੰਸਕਾਰ ਕਰ ਦਿੱਤਾ ਗਿਆ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਦੇ ਸੂਬਾ ਕਮੇਟੀ ਮੈਂਬਰ ਗੁਰਾਂਦਿੱਤਾ ਸਿੰਘ ਭਾਗਸਰ, ਜ਼ਿਲਾ ਪ੍ਰਧਾਨ ਪੂਰਨ ਸਿੰਘ ਦੋਦਾ, ਬਲਾਕ ਪ੍ਰਧਾਨ ਕਾਮਰੇਡ ਜਗਦੇਵ ਸਿੰਘ ਤੇ ਸੁਖਰਾਜ ਸਿੰਘ ਰਹੂੜਿਆਂਵਾਲੀ ਨੇ ਉਕਤ ਕਿਸਾਨ ਦੀ ਮੌਤ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ ਤੇ ਕਿਹਾ ਹੈ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਕਾਰਨ ਕਿਸਾਨ ਮਰ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਮ੍ਰਿਤਕ ਕਿਸਾਨ ਦਾ ਸਾਰਾ ਕਰਜ਼ਾ ਮੁਆਫ਼ ਕਰਨ ਅਤੇ ਉਸਦੇ ਪਰਿਵਾਰ ਨੂੰ 10 ਲੱਖ ਰੁਪਏ ਦੇਣ ਦੀ ਸਰਕਾਰ ਨੂੰ ਮੰਗ ਕੀਤੀ।