ਵਿਆਹ ਦੀਆਂ ਖ਼ੁਸ਼ੀਆਂ ’ਚ ਪਏ ਵੈਣ, ਪੁੱਤ ਦੀ ਬਰਾਤ ਚੜ੍ਹਨ ਤੋਂ ਕੁੱਝ ਦਿਨ ਪਹਿਲਾਂ ਉੱਠੀ ਪਿਓ ਦੀ ਅਰਥੀ
Tuesday, May 02, 2023 - 01:36 PM (IST)

ਅਬੋਹਰ (ਸੁਨੀਲ) : ਪੰਜਾਬ ਸਰਕਾਰ ਵਲੋਂ ਜਿੱਥੇ ਇਕ ਪਾਸੇ ਹੜ੍ਹ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੇ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਬਹਾਵਲਵਾਸੀ ’ਚ ਕਰਜ਼ੇ ਤੋਂ ਪ੍ਰੇਸ਼ਾਨ ਇਕ ਕਿਸਾਨ ਵਲੋਂ ਖ਼ੁਦਕੁਸ਼ੀ ਕਰ ਲਈ ਗਈ ਹੈ, ਜਿਸ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਨੂੰ ਸੌਂਪ ਦਿੱਤੀ ਗਈ। ਮ੍ਰਿਤਕ ਦੀ ਪਛਾ ਰਾਮਪਾਲ (ਕਰੀਬ 50 ਸਾਲ) ਪੁੱਤਰ ਬਨਵਾਰੀ ਲਾਲ ਵਾਸੀ ਪਿੰਡ ਬਹਾਵਲਵਾਸੀ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਮੁੰਡੇ ਅਰਵਿੰਦਰ ਕੁਮਾਰ ਨੇ ਦੱਸਿਆ ਕਿ ਉਸਦੇ ਪਿਤਾ ਪੰਚਾਇਤੀ ਜ਼ਮੀਨ ਠੇਕੇ ’ਤੇ ਲੈ ਕੇ ਖੇਤੀਬਾੜੀ ਦਾ ਕੰਮ ਕਰਦੇ ਸਨ, ਜਿਸ ’ਚ ਪਿਛਲੇ ਸਾਲ ਕੁਦਰਤੀ ਆਫ਼ਤ ਕਾਰਨ ਸਰ੍ਹੋਂ ਅਤੇ ਨਰਮੇ ਦੀ ਫ਼ਸਲ ਦਾ ਨੁਕਸਾਨ ਹੋਇਆ ਸੀ, ਜਿਸ ਕਾਰਨ ਪੰਚਾਇਤ ਪੂਰਾ ਠੇਕਾ ਨਹੀਂ ਦੇ ਸਕੀ।
ਇਹ ਵੀ ਪੜ੍ਹੋ- ਅਮਰੀਕਾ ਦੀ ਰਿਫਿਊਜ਼ਲ ਨੇ ਚਕਨਾਚੂਰ ਕੀਤੇ ਨੌਜਵਾਨ ਦੇ ਸੁਫ਼ਨੇ, ਅੱਕ ਕੇ ਚੁੱਕ ਲਿਆ ਖ਼ੌਫ਼ਨਾਕ ਕਦਮ
ਇਸ ਵਾਰ ਵੀ ਉਸ ਦੇ ਪਿਤਾ ਨੇ 6 ਕਿਲੇ ਜ਼ਮੀਨ ਠੇਕੇ ’ਤੇ ਲਈ ਸੀ ਪਰ ਉਸ ’ਚ ਵੀ ਕਣਕ ਦੀ ਫ਼ਸਲ ਖ਼ਰਾਬ ਹੋ ਗਈ ਜਦਕਿ ਫ਼ਸਲ ’ਚ ਖਾਦਾਂ ਅਤੇ ਕੀਟਨਾਸ਼ਕਾਂ ਆਦਿ ਕਾਰਨ ਕਾਫ਼ੀ ਕਰਜ਼ੇ ਦੀ ਮਾਰ ਹੇਠ ਆ ਗਿਆ, ਜਿਸ ਕਾਰਨ ਉਸ ਦੇ ਪਿਤਾ ਨੂੰ ਚਿੰਤਾ ਹੋਣ ਲੱਗੀ। ਅਰਵਿੰਦਰ ਨੇ ਦੱਸਿਆ ਕਿ ਇਸੇ ਦੌਰਾਨ ਉਸ ਦੇ ਪਿਤਾ ਨੇ ਉਸ ਦਾ ਵਿਆਹ ਤੈਅ ਕਰ ਦਿੱਤਾ ਸੀ ਅਤੇ 20 ਤਾਰੀਖ਼ ਨੂੰ ਮੇਰੀ ਬਰਾਤ ਜਾਣੀ ਸੀ ਪਰ ਪੈਸੇ ਨਾ ਹੋਣ ਕਾਰਨ ਉਸ ਦੇ ਪਿਤਾ ਬਹੁਤ ਪ੍ਰੇਸ਼ਾਨ ਰਹਿੰਦੇ ਸਨ। ਇਸੇ ਕਾਰਨ ਬੀਤੀ ਸ਼ਾਮ ਉਨ੍ਹਾਂ ਨੇ ਘਰ ’ਚ ਰੱਖੀ ਕੋਈ ਜ਼ਹਿਰੀਲੀ ਚੀਜ਼ ਖਾ ਲਈ।
ਇਹ ਵੀ ਪੜ੍ਹੋ- ਕੈਨੇਡਾ 'ਚ ਹਾਦਸੇ ਦੌਰਾਨ ਮਾਰੇ ਗਏ ਦਲਵੀਰ ਦੀ ਪਿੰਡ ਪੁੱਜੀ ਲਾਸ਼, ਇਕਲੌਤੇ ਪੁੱਤ ਨੂੰ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ
ਇਸ ਦਾ ਪਤਾ ਲੱਗਦਿਆਂ ਹੀ ਉਨ੍ਹਾਂ ਨੇ ਰਾਮਪਾਲ ਨੂੰ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ, ਜਿੱਥੇ ਰਾਤ ਕਰੀਬ 9 ਵਜੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸਦਰ ਦੇ ਸਹਾਇਕ ਸਬ-ਇੰਸਪੈਕਟਰ ਗੁਰਮੇਲ ਸਿੰਘ ਨੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ। ਦੂਜੇ ਪਾਸੇ ਸਰਕਾਰੀ ਹਸਪਤਾਲ ਪੁੱਜੇ ਪਿੰਡ ਦੇ ਸਰਪੰਚ ਚੌਧਰੀ ਰਾਮ ਆਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਾਮਪਾਲ ਦਾ ਸਾਰਾ ਕਰਜ਼ਾ ਮੁਆਫ਼ ਕਰ ਕੇ ਉਸ ਦੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।