ਪਤਨੀ ''ਤੇ ਕਾਤਲਾਨਾ ਹਮਲਾ ਕਰਨ ਤੋਂ ਬਾਅਦ ਕਿਸਾਨ ਨੇ ਕੀਤੀ ਖੁਦਕੁਸ਼ੀ
Tuesday, Aug 20, 2019 - 01:47 PM (IST)
![ਪਤਨੀ ''ਤੇ ਕਾਤਲਾਨਾ ਹਮਲਾ ਕਰਨ ਤੋਂ ਬਾਅਦ ਕਿਸਾਨ ਨੇ ਕੀਤੀ ਖੁਦਕੁਸ਼ੀ](https://static.jagbani.com/multimedia/2019_8image_13_47_115676993faha0.jpg)
ਮਾਛੀਵਾੜਾ ਸਾਹਿਬ (ਟੱਕਰ) : ਮੰਗਲਵਾਰ ਤੜਕੇ ਨੇੜ੍ਹਲੇ ਪਿੰਡ ਮਿਲਕੋਵਾਲ ਵਿਖੇ ਵਾਪਰੀ ਦਰਦਨਾਕ ਘਟਨਾ 'ਚ ਕਿਸਾਨ ਮੋਹਣ ਸਿੰਘ ਨੇ ਆਪਣੀ ਪਤਨੀ ਅਮਰਜੀਤ ਕੌਰ ਦੇ ਸਿਰ 'ਤੇ ਹਥੌੜੇ ਮਾਰ ਗੰਭੀਰ ਰੂਪ ਵਿਚ ਜਖ਼ਮੀ ਕਰ ਦਿੱਤਾ ਅਤੇ ਉਸ ਤੋਂ ਬਾਅਦ ਨੇੜ੍ਹਲੇ ਪਿੰਡ ਈਸਾਪੁਰ ਵਿਖੇ ਦਰੱਖਤ ਨਾਲ ਗਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਮੋਹਣ ਸਿੰਘ ਸ਼ਰਾਬ ਦਾ ਨਸ਼ਾ ਕਰਨ ਦਾ ਆਦੀ ਸੀ, ਜਿਸ ਕਾਰਨ ਉਹ ਆਪਣੀ ਪਤਨੀ ਨਾਲ ਹਮੇਸ਼ਾ ਕਲੇਸ਼ ਕਰਦਾ ਰਹਿੰਦਾ ਸੀ। ਲੰਘੀ 19 ਅਗਸਤ ਨੂੰ ਵੀ ਉਸ ਨੇ ਆਪਣੇ ਪਤਨੀ ਨਾਲ ਸ਼ਰਾਬ ਦੇ ਨਸ਼ੇ ਵਿਚ ਕਲੇਸ਼ ਕੀਤਾ ਅਤੇ ਤੜਕੇ ਆਪਣੀ ਸੁੱਤੀ ਪਈ ਪਤਨੀ ਅਮਰਜੀਤ ਕੌਰ ਦੇ ਸਿਰ ਵਿਚ ਹਥੌੜੇ ਨਾਲ ਵਾਰ ਕਰ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜਖ਼ਮੀ ਹੋ ਗਈ।
ਆਪਣੀ ਪਤਨੀ ਨੂੰ ਮਰਿਆ ਸਮਝ ਕਿਸਾਨ ਮੋਹਣ ਸਿੰਘ ਆਪਣੇ ਘਰੋਂ ਸਕੂਟਰ ਲੈ ਕੇ ਫ਼ਰਾਰ ਹੋ ਗਿਆ ਅਤੇ ਨੇੜ੍ਹਲੇ ਪਿੰਡ ਈਸਾਪੁਰ ਵਿਖੇ ਜਾ ਕੇ ਸੜਕ 'ਤੇ ਲੱਗੇ ਦਰੱਖਤ ਨਾਲ ਗਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਗੰਭੀਰ ਰੂਪ ਵਿਚ ਜਖ਼ਮੀ ਅਮਰਜੀਤ ਕੌਰ ਨੂੰ ਪਰਿਵਾਰਕ ਮੈਂਬਰਾਂ ਵਲੋਂ ਲੁਧਿਆਣਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਪੁਲਸ ਨੇ ਕਿਸਾਨ ਮੋਹਣ ਸਿੰਘ ਦੀ ਲਾਸ਼ ਨੂੰ ਕਬਜ਼ੇ 'ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ।