ਰਜਵਾਹੇ ’ਚ ਪਿਆ 80 ਫੁੱਟ ਚੌਡ਼ਾ ਪਾਡ਼ 100 ਏਕਡ਼ ਨਰਮੇ ਅਤੇ ਝੋਨੇ ਦੀ ਫਸਲ ’ਚ ਭਰਿਆ ਪਾਣੀ

07/05/2018 2:22:53 AM

ਸੰਗਤ ਮੰਡੀ(ਮਨਜੀਤ)-ਪਿੰਡ ਜੋਧਪੁਰ ਰੋਮਾਣਾ-ਗਹਿਰੀ ਭਾਗੀ ਨੂੰ ਜਾਂਦੀ ਲਿੰਕ ਸਡ਼ਕ ਨਜ਼ਦੀਕ ਸਵੇਰ ਸਮੇਂ ਮਹਿਤਾ ਮਾਈਨਰ ’ਚ ਅਚਾਨਕ ਪਾਡ਼ ਪੈ ਗਿਆ, ਜਿਸ ਕਾਰਨ ਕਿਸਾਨਾਂ ਦੀ 100 ਏਕਡ਼ ਨਰਮੇ ਅਤੇ ਝੋਨੇ ਦੀ ਫਸਲ ’ਚ ਪਾਣੀ ਭਰ ਗਿਆ। ਮੌਕੇ ’ਤੇ ਨਹਿਰੀ ਵਿਭਾਗ ਦਾ ਕੋਈ ਅਧਿਕਾਰੀ ਨਾ ਪਹੁੰਚਣ ਦੇ ਰੋਸ ’ਚ ਕਿਸਾਨਾਂ ਵੱਲੋਂ ਬਠਿੰਡਾ-ਡੱਬਵਾਲੀ ਰਾਸਟਰੀ ਮਾਰਗ ਨੂੰ ਦਰੱਖਤਾਂ ਦੇ ਟਹਿਣੇ ਰੱਖ ਕੇ ਜਾਮ ਕਰ ਦਿੱਤਾ ਗਿਆ, ਜਿਸ ਕਾਰਨ ਸਡ਼ਕ ਦੇ ਦੋਵੇ ਪਾਸੇ ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗ ਗਈਆਂ। ਜਾਣਕਾਰੀ ਅਨੁਸਾਰ ਸਵੇਰ ਸਮੇਂ ਬੁਰਜੀ ਨੰ. 10800 ਕੋਲ ਕਿਸਾਨ ਗੁਰਦੀਪ ਸਿੰਘ ਪੁੱਤਰ ਵਜੀਰ ਸਿੰਘ ਦੇ ਖ਼ੇਤ ’ਚ ਅਚਾਨਕ ਮਹਿਤਾ ਮਾਈਨਰ ਰਜਬਾਹੇ ’ਚ ਪਾਡ਼ ਪੈ ਗਿਆ, ਜਿਸ ਕਾਰਨ ਕਿਸਾਨਾਂ ਦੇ ਨਰਮੇ ਅਤੇ ਝੋਨਾ ’ਚ ਦੋ-ਦੋ ਫੁੱਟ ਤੋਂ ਜਿਆਦਾ ਪਾਣੀ ਭਰ ਗਿਆ। ਕਿਸਾਨਾਂ ਦਾ ਕਹਿਣਾ ਸੀ ਕਿ ਜੇਕਰ ਨਰਮੇ ਦੀ ਫਸਲ ’ਚੋਂ ਜਲਦੀ ਪਾਣੀ ਬਾਹਰ ਨਾ ਕੱਢਿਆ ਗਿਆ ਤਾਂ ਉਹ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗੀ। ਰਜਬਾਹਾ ਟੁੱਟਣ ਦੇ ਕਈ ਘੰਟਿਅਾਂ ਬਾਅਦ ਜਦ ਨਹਿਰੀ ਵਿਭਾਗ ਦਾ ਕੋਈ ਵੀ ਅਧਿਕਾਰੀ ਮੌਕੇ ’ਤੇ ਨਾ ਪਹੁੰਚਿਆਂ ਤਾਂ ਰੋਸ ’ਚ ਵੱਡੀ ਗਿਣਤੀ ’ਚ ਇਕੱਠੇ ਹੋਏ ਕਿਸਾਨਾਂ ਵੱਲੋਂ ਪਿੰਡ ਨਜ਼ਦੀਕ ਹੀ ਬਠਿੰਡਾ-ਡੱਬਵਾਲੀ ਰਾਸਟਰੀ ਮਾਰਗ ’ਤੇ ਜਾਮ ਲਗਾ ਦਿੱਤਾ। ਜਾਮ ਦਾ ਪਤਾ ਲੱਗਦਿਆਂ ਹੀ ਬਠਿੰਡਾ ਦੇ ਤਹਿਸੀਲਦਾਰ ਲਖਵੀਰ ਸਿੰਘ ਬਰਾਡ਼ ਅਤੇ ਥਾਣਾ ਸਦਰ ਦੇ ਮੁਖੀ ਇਕਬਾਲ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਜਿਨ੍ਹਾ ਨੇ ਕਿਸਾਨਾਂ ਨੂੰ ਸਮਝਾ-ਬੁਝਾ ਕੇ ਸਡ਼ਕ ਤੋਂ ਜਾਮ ਖੁਲਵਾਇਆ ਪਰ ਉਸ ਤੋਂ ਪਹਿਲਾ ਕਿਸਾਨਾਂ ਅਤੇ ਰਾਹਗੀਰਾਂ ’ਚ ਜਾਮ ਨੂੰ ਲੈ ਕੇ ਤਕਰਾਰਬਾਜ਼ੀ ਵੀ ਹੋਈ। 
 ਰਜਵਾਹੇ ’ਚ ਪਾਡ਼ ਦਾ ਕਾਰਨ ਵਿਭਾਗ ਦੀ ਅਣਗਹਿਲੀ
 ਪਿੰਡ ਦੇ ਪੀਡ਼੍ਹਤ ਕਿਸਾਨਾਂ ਨੇ ਦੱਸਿਆ ਕਿ ਐਤਵਾਰ ਵਾਲੇ ਦਿਨ ਹਨੇਰੀ ਕਾਰਨ ਦਰੱਖਤ ਟੁੱਟ ਕੇ ਰਜਬਾਹੇ ’ਚ ਡਿੱਗ ਪਿਆ, ਜਿਸ ਕਾਰਨ ਪਿੱਛੇ ਰਜਵਾਹੇ ’ਚ ਪਾਣੀ ਦਾ ਚਡ਼ਾਅ ਹੋ ਗਿਆ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਉਸੇ ਸਮੇਂ ਨਹਿਰੀ ਵਿਭਾਗ ਨੂੰ ਇਸ ਦੀ ਸੂਚਨਾ ਦਿੰਦਿਆਂ ਕਿਹਾ ਕਿ ਇਸ ਦਰੱਖਤ ਨੂੰ ਪਾਸੇ ਕਰਵਾ ਦਿਓ ਨਹੀਂ ਤਾਂ ਕਦੇ ਵੀ ਰਜਬਾਹਾ ਟੁੱਟ ਸਕਦਾ ਹੈ ਪਰ ਨਹਿਰੀ ਵਿਭਾਗ ਨੇ ਕਿਹਾ ਕਿ ਇਹ ਦਰੱਖਤ ਉਨ੍ਹਾਂ ਦੇ ਅਧਿਕਾਰ ਖ਼ੇਤਰ ’ਚ ਨਹੀਂ ਆਉਦਾ ਉਹ ਜੰਗਲਾਤ ਵਿਭਾਗ ਨੂੰ ਸੂਚਿਤ ਕਰਨ, ਜਦ ਕਿਸਾਨਾਂ ਵੱਲੋਂ ਇਸ ਦੀ ਸੂਚਨਾ ਜੰਗਲਾਤ ਵਿਭਾਗ ਨੂੰ ਦਿੱਤੀ ਤਾਂ ਉਨ੍ਹਾਂ ਅੱਗੋਂ ਕਿਹਾ ਕਿ ਇਹ ਦਰੱਖਤ ਉਨ੍ਹਾਂ ਦੇ ਅਧਿਕਾਰ ਖ਼ੇਤਰ ’ਚ ਨਹੀਂ ਬਲਕਿ ਨਹਿਰੀ ਵਿਭਾਗ ਅੰਦਰ ਆਉਂਦਾ ਹੈ ਇਸ ਲਈ ਉਹ ਉਨ੍ਹਾਂ ਨੂੰ ਕਹਿਣ। 
ਰਜਬਾਹੇ ’ਚ ਦਰੱਖਤ ਚੁੱਕਣ ਲਈ ਦੋਨਾਂ ਵਿਭਾਗਾਂ ’ਚੋਂ ਕੋਈ ਵੀ ਵਿਭਾਗ ਰਾਜੀ ਨਹੀਂ ਹੋਇਆ, ਜਿਸ ਦਾ ਖਮਿਆਜ਼ਾ ਰਜਬਾਹਾ ਟੁੱਟ ਗਿਆ ’ਤੇ ਕਿਸਾਨਾਂ ਦੀਆਂ ਫਸਲਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋ ਗਿਆ। 
ਕਿਹਡ਼ੇ-ਕਿਹਡ਼ੇ ਕਿਸਾਨਾਂ ਦੀਆਂ ਫਸਲਾਂ ’ਚ ਭਰਿਆ ਪਾਣੀ
 ਰਜਬਾਹਾ ਟੁੱਟਣ ਕਾਰਨ ਕਿਸਾਨ ਗੁਰਦੀਪ ਸਿੰਘ, ਦਰਸ਼ਨ ਸਿੰਘ, ਸਮਸ਼ੇਰ ਸਿੰਘ, ਅਮਰਜੀਤ ਸਿੰਘ, ਬਲਦੇਵ ਸਿੰਘ, ਰੂਪ ਸਿੰਘ, ਕੁਲਵੰਤ ਸਿੰਘ, ਸੁਖਜਿੰਦਰ ਸਿੰਘ, ਕਰਨੈਲ ਸਿੰਘ, ਸੁਖਪਾਲ ਸਿੰਘ, ਸੁਦਾਗਰ ਸਿੰਘ ਅਤੇ ਤੇਜ ਸਿੰਘ ਤੋਂ ਇਲਾਵਾ ਦੂਸਰੇ ਹੋਰ ਵੀ ਕਈ ਕਿਸਾਨਾਂ ਦੇ ਨਰਮੇ ਅਤੇ ਝੋਨੇ ਦੀ ਫਸਲ ’ਚ ਪਾਣੀ ਭਰ ਗਿਆ। ਕਿਸਾਨਾਂ ਦੀਆਂ ਫਸਲਾਂ ’ਚ ਪਾਣੀ ਭਰਨ ਤੋਂ ਇਲਾਵਾ ਕਈ ਕਿਸਾਨਾਂ ਦੇ ਖ਼ੇਤ ’ਚ ਲੱਗੇ ਖ਼ੂਹਾਂ ’ਚ ਪਾਣੀ ਭਰਨ ਨਾਲ ਮੋਟਰਾਂ ਵੀ ਖ਼ਰਾਬ ਹੋ ਗਈਆਂ, ਜਿਸ ਕਾਰਨ ਕਿਸਾਨਾਂ ਦਾ ਦੋਹਰਾ ਨੁਕਸਾਨ ਹੋ ਗਿਆ। 


Related News