ਸਤਲੁਜ ਦਰਿਆ ''ਚ ਪਾਣੀ ਦਾ ਪੱਧਰ ਵਧਿਆ, ਨਾਲ ਲੱਗਦੇ ਖੇਤ ਪਾਣੀ ''ਚ ਡੁੱਬੇ

Wednesday, Jun 19, 2024 - 04:37 PM (IST)

ਸਤਲੁਜ ਦਰਿਆ ''ਚ ਪਾਣੀ ਦਾ ਪੱਧਰ ਵਧਿਆ, ਨਾਲ ਲੱਗਦੇ ਖੇਤ ਪਾਣੀ ''ਚ ਡੁੱਬੇ

ਫਿਰੋਜ਼ਪੁਰ (ਕੁਮਾਰ) : ਸਤਲੁਜ ਦਰਿਆ ਦੇ ਨਾਲ ਲੱਗਦੇ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਖੁੰਦਰ ਗੱਟੀ 'ਚ ਦਰਿਆ ਦਾ ਪਾਣੀ ਓਵਰਫਲੋਅ ਹੋ ਕੇ ਨਾਲ ਲੱਗਦੇ ਖੇਤਾਂ ’ਚ ਦਾਖ਼ਲ ਹੋ ਗਿਆ ਹੈ। ਇਸ ਕਾਰਨ ਕਿਸਾਨਾਂ ਦੇ ਸੈਂਕੜੇ ਏਕੜ ਖੇਤਾਂ ’ਚ ਖੜ੍ਹੀ ਫ਼ਸਲ ਪਾਣੀ ’ਚ ਡੁੱਬ ਗਈ ਹੈ। ਉੱਥੇ ਹੀ ਕਿਸਾਨ ਜੇ. ਸੀ. ਬੀ. ਮਸ਼ੀਨ ਦੀ ਮਦਦ ਨਾਲ ਘਰਾਂ ਨੂੰ ਬਚਾਉਣ ਲਈ ਮਿੱਟੀ ਪਾ ਕੇ ਉਸ ਜਗ੍ਹਾ ਨੂੰ ਉੱਚਾ ਕਰ ਰਹੇ ਹਨ, ਤਾਂ ਜੋ ਪਾਣੀ ਪਿੰਡ ਅਤੇ ਹੋਰ ਖੇਤਾਂ ਤੱਕ ਨਾ ਜਾ ਸਕੇ।

ਕਿਸਾਨਾਂ ਨੇ ਦੱਸਿਆ ਕਿ ਹੁਸੈਨੀਵਾਲਾ ਹੈੱਡ ਦੇ ਗੇਟ ਬੰਦ ਕੀਤੇ ਹੋਏ ਹਨ ਅਤੇ ਪਾਣੀ ਇਕੱਠਾ ਹੋ ਰਿਹਾ ਹੈ, ਜਿਸ ਕਾਰਨ ਪਾਣੀ ਓਵਰਫਲੋਅ ਹੋ ਕੇ ਖੇਤਾਂ ਵਿਚ ਦਾਖ਼ਲ ਹੋ ਗਿਆ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਗੇਟ ਖੋਲ੍ਹ ਕੇ ਪਾਣੀ ਹੋਰ ਛੱਡਿਆ ਜਾਵੇ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਵੀ ਪਾਣੀ ਆਉਣ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਸੀ ਅਤੇ ਹੁਣ ਗੇਟ ਬੰਦ ਹੋਣ ਕਾਰਨ ਓਵਰ ਫਲੋਅ ਹੋ ਕੇ ਪਾਣੀ ਖੇਤਾਂ ’ਚ ਦਾਖ਼ਲ ਹੋ ਗਿਆ ਹੈ। ਸਤਲੁਜ ਦਰਿਆ ਦੇ ਨਾਲ ਲੱਗਦੇ ਇਨ੍ਹਾਂ ਸਰਹੱਦੀ ਪਿੰਡਾਂ ਦੇ ਕਿਸਾਨਾਂ ਅਵਤਾਰ ਸਿੰਘ, ਗੁਰਨਾਮ ਸਿੰਘ ਆਦਿ ਨੇ ਦੱਸਿਆ ਕਿ ਪੰਜਾਬ ’ਚ ਮਾਨਸੂਨ ਅਜੇ ਸ਼ੁਰੂ ਹੋਣੀ ਹੈ ਅਤੇ ਜਦੋਂ ਮਾਨਸੂਨ ਸ਼ੁਰੂ ਹੋ ਗਈ ਤੇ ਪਾਣੀ ਦਾ ਤੇਜ਼ ਵਹਾਅ ਪਿੱਛੇ ਤੋਂ ਆਉਣਾ ਸ਼ੁਰੂ ਹੋ ਗਿਆ ਹੈ ਤਾਂ ਦਰਿਆ ਨਾਲ ਲੱਗਦੇ ਕਿਸਾਨਾਂ ਦੇ ਖੇਤ ਅਤੇ ਘਰ ਪਾਣੀ ’ਚ ਡੁੱਬ ਜਾਣਗੇ।
ਕੀ ਕਹਿੰਦੇ ਹਨ ਨਹਿਰੀ ਵਿਭਾਗ ਦੇ ਐੱਸ. ਡੀ. ਓ.
ਇਸ ਸਬੰਧੀ ਸੰਪਰਕ ਕਰਨ ’ਤੇ ਐੱਸ. ਡੀ. ਓ. ਨਹਿਰੀ ਵਿਭਾਗ ਦੇ ਹੈੱਡ ਵਰਕਸ ਰਜਿੰਦਰ ਗੋਇਲ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਪਤਾ ਲੱਗਾ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦਾ ਸੀਜ਼ਨ ਹੋਣ ਕਾਰਨ ਉਨ੍ਹਾਂ ਵੱਲੋਂ 2 ਨਹਿਰਾਂ ’ਚ ਪਾਣੀ ਛੱਡਿਆ ਗਿਆ ਹੈ, ਜਿਸ ਕਾਰਨ ਡਾਊਨ ਸਟਰੀਮ ’ਚ ਪਾਣੀ ਬੰਦ ਕੀਤਾ ਹੋਇਆ ਹੈ ਅਤੇ ਹੈੱਡ ਵਰਕਸ ਦੇ 29 ਗੇਟ ਬੰਦ ਕੀਤੇ ਹੋਏ ਹਨ ਪਰ ਇਹ ਮਾਮਲਾ ਹੁਣ ਉਨ੍ਹਾਂ ਦੇ ਧਿਆਨ ’ਚ ਆਇਆ ਹੈ ਅਤੇ ਜਲਦੀ ਹੀ ਅਧਿਕਾਰੀਆਂ ਨਾਲ ਗੱਲ ਕਰ ਕੇ ਇਸ ਦਾ ਹੱਲ ਕੀਤਾ ਜਾਵੇਗਾ।
 


author

Babita

Content Editor

Related News