ਗੁਜਰਾਤ ਦੀ ਕੰਪਨੀ ਦੱਸ ਕੇ ਨਕਲੀ ਅਤੇ ਗੈਰ-ਮਨਜ਼ੂਰਸ਼ੁਦਾ ਬੀਜ ਵੇਚਣ ''ਤੇ ਇਕ ਖਿਲਾਫ ਮਾਮਲਾ ਦਰਜ

Thursday, Mar 08, 2018 - 03:15 AM (IST)

ਤਲਵੰਡੀ ਸਾਬੋ(ਮੁਨੀਸ਼)-ਤਲਵੰਡੀ ਸਾਬੋ ਪੁਲਸ ਨੇ ਕਿਸਾਨਾਂ ਨੂੰ ਗੁਜਰਾਤ ਦੀ ਇਕ ਕੰਪਨੀ ਦਾ ਡੀਲਰ ਦੱਸ ਕੇ ਘਟੀਆ ਅਤੇ ਗੈਰ-ਮਨਜ਼ੂਰਸ਼ੁਦਾ ਨਰਮੇ ਦਾ ਬੀਜ ਵੇਚਣ ਦੇ ਦੋਸ਼ਾਂ ਤਹਿਤ ਇਕ ਵਿਅਕਤੀ 'ਤੇ ਮਾਮਲਾ ਦਰਜ ਕੀਤਾ ਹੈ। ਤਲਵੰਡੀ ਸਾਬੋ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਪਿੰਡ ਸੀਗੋ ਦੇ ਕਿਸਾਨ ਬਲਵੀਰ ਸਿੰਘ, ਜਗਸੀਰ ਸਿੰਘ, ਮੱਖਣ ਸਿੰਘ, ਕੁਲਵੰਤ ਸਿੰਘ, ਕਰਮਜੀਤ ਸਿੰਘ, ਅਜੈਬ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਵੱਲੋਂ ਪੁਲਸ ਦੇ ਉਚ ਅਧਿਕਾਰੀਆਂ ਨੂੰ ਦਿੱਤੀਆਂ ਦਰਖਾਸਤਾਂ ਵਿਚ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਦੇ ਪਿੰਡ ਦੇ ਰਾਮ ਸਿੰਘ ਨੇ ਗੁਜਰਾਤ ਦੀ ਵਿਸ਼ਵਾਸ ਕੰਪਨੀ ਨਾਲ ਸਬੰਧ ਹੋਣ 'ਤੇ ਸਾਨੂੰ ਵਧੀਆ ਬੀਜ ਬੀਜਣ ਅਤੇ ਖ੍ਰੀਦਣ ਲਈ ਪ੍ਰੇਰਿਤ ਕੀਤਾ ਤੇ ਸਾਨੂੰ ਸਾਰੇ ਕਿਸਾਨਾਂ ਨੂੰ 31 ਕਿੱਲੇ ਜ਼ਮੀਨ ਦਾ ਬੀਜ ਦੇ ਦਿੱਤਾ, ਜਿਸ ਵਿਚ ਬਲਬੀਰ ਸਿੰਘ ਨੂੰ 10 ਕਿੱਲੇ, ਜਗਸੀਰ ਸਿੰਘ ਨੂੰ 3 ਕਿੱਲੇ, ਮੱਖਣ ਸਿੰਘ ਨੂੰ ਢਾਈ ਕਿੱਲੇ, ਕੁਲਵੰਤ ਸਿੰਘ ਨੂੰ 3 ਕਿੱਲੇ, ਕਰਮਜੀਤ ਸਿੰਘ ਨੂੰ 6 ਕਿੱਲੇ, ਅੰਮ੍ਰਿਤਪਾਲ ਸਿੰਘ ਨੂੰ 4 ਕਿੱਲੇ, ਅਜੈਬ ਸਿੰਘ ਨੂੰ 3 ਕਿੱਲੇ ਦਾ ਬੀਜ ਬੀਜਣ ਲਈ ਦਿੱਤਾ। ਉਨ੍ਹਾਂ ਦਰਖਾਸਤ 'ਚ ਕਿਹਾ ਕਿ ਇਨ੍ਹਾਂ ਨੇ ਸਾਡੇ ਤੋਂ ਨਕਦ ਪੈਸੇ ਲਏ ਅਤੇ ਚੰਗਾ ਝਾੜ ਨਿਕਲਣ ਦੀ ਗਾਰੰਟੀ ਕੀਤੀ ਸੀ ਪਰ ਜਦੋਂ ਨਰਮੇ ਦੇ ਫੁੱਲ ਨਾ ਨਿਕਲੇ ਤਾਂ ਉਕਤ ਵਿਅਕਤੀ ਤੇ ਕਿਸਾਨਾਂ ਨਾਲ ਸੰਪਰਕ ਕਰਨ ਤੋਂ ਟਾਲਾ ਵੱਟ ਦਿੱਤਾ। ਕਿਸਾਨਾਂ ਨੇ ਦਰਖਾਸਤ 'ਚ ਦੱਸਿਆ ਕਿ ਉਹ ਛੋਟੇ ਕਿਸਾਨ ਹਨ ਤੇ ਉਨ੍ਹਾਂ ਦਾ ਪਹਿਲਾਂ ਬੀਜ, ਸਪਰੇਅ, ਖਾਦ, ਡੀਜ਼ਲ ਅਤੇ ਜ਼ਮੀਨ ਦੇ ਠੇਕੇ 'ਤੇ ਕਾਫੀ ਖਰਚਾ ਹੋ ਚੁੱਕਾ ਹੈ, ਜਿਸ ਕਰ ਕੇ ਉਨ੍ਹਾਂ ਨੂੰ ਕਰੀਬ 55,900 ਰੁਪਏ ਦਾ ਖਰਚਾ ਪ੍ਰਤੀ ਕਿੱਲੇ ਦਾ ਪੈ ਗਿਆ। ਕਿਸਾਨਾਂ ਨੇ ਦਰਖਾਸਤ ਵਿਚ ਉਕਤ ਵਿਅਕਤੀ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ, ਜਿਸ 'ਤੇ ਪੁਲਸ ਅਧਿਕਾਰੀ ਨੇ ਜਾਂਚ ਤੋਂ ਬਾਅਦ ਤਲਵੰਡੀ ਸਾਬੋ ਪੁਲਸ ਨੂੰ ਮਾਮਲਾ ਦਰਜ ਕਰਨ ਦੇ ਆਦੇਸ਼ ਦੇ ਦਿੱਤੇ। ਤਲਵੰਡੀ ਸਾਬੋ ਪੁਲਸ ਨੇ ਬਲਬੀਰ ਸਿੰਘ ਵਾਸੀ ਸੀਗੋ ਦੇ ਬਿਆਨਾਂ 'ਤੇ ਰਾਮ ਸਿੰਘ ਵਾਸੀ ਸੀਗੋ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਰਿੰਦਰ ਸਿੰਘ ਡੀ. ਐੱਸ. ਪੀ. ਤਲਵੰਡੀ ਸਾਬੋ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਹੈ ਤੇ ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਤੇ ਜਲਦੀ ਹੈ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


Related News