ਜਦੋਂ ਕਿਸਾਨ ਦੇ ਪੁੱਤਰ ਦੀ ਟ੍ਰੈਕਟਰਾਂ ''ਤੇ ਗਈ ਬਰਾਤ
Sunday, Oct 29, 2017 - 07:55 AM (IST)
ਖਮਾਣੋਂ (ਜਟਾਣਾ) - ਤਹਿਸੀਲ ਖਮਾਣੋਂ ਦਾ ਪਿੰਡ ਹਵਾਰਾ ਕਲਾਂ ਇਕ ਵੱਖਰੇ ਅੰਦਾਜ਼ ਵਿਚ ਕੀਤੇ ਵਿਆਹ ਕਾਰਨ ਫਿਰ ਮੀਡੀਏ ਦੀਆਂ ਸੁਰਖੀਆਂ ਵਿਚ ਹੈ, ਜਿਥੋਂ ਦੇ ਚੰਗੀ ਜਾਇਦਾਦ ਦੇ ਮਾਲਕ ਇਕ ਕਿਸਾਨ ਨੇ ਆਪਣੇ ਪੜ੍ਹੇ-ਲਿਖੇ ਪੁੱਤਰ ਦੀ ਬਰਾਤ ਟ੍ਰੈਕਟਰਾਂ 'ਤੇ ਲਿਜਾ ਕੇ ਇਕ ਮਿਸਾਲ ਕਾਇਮ ਕੀਤੀ ਹੈ। ਹਵਾਰਾ ਕਲਾਂ ਵਾਸੀ ਸੋਢੀ ਸਿੰਘ ਦੇ ਲੜਕੇ ਸੁਰਿੰਦਰਪਾਲ ਸਿੰਘ ਭੰਗੂ ਦੀ ਟ੍ਰੈਕਟਰਾਂ 'ਤੇ ਚੜ੍ਹੀ ਬਰਾਤ ਹਰ ਇਕ ਨੂੰ ਸਾਦਗੀ ਦਾ ਸੁਨੇਹਾ ਜ਼ਰੂਰ ਦੇ ਰਹੀ ਸੀ । ਜ਼ਿਲਾ ਰੋਪੜ ਦੀ ਤਹਿਸੀਲ ਚਮਕੌਰ ਸਾਹਿਬ ਦੇ ਪਿੰਡ ਰਾਮਗੜ੍ਹ ਵਾਸੀ ਤਰਲੋਚਨ ਸਿੰਘ ਢੀਂਡਸਾ ਦੀ ਗ੍ਰੈਜੂਏਟ ਧੀ ਹਰਪ੍ਰੀਤ ਕੌਰ ਢੀਂਡਸਾ ਨੂੰ ਆਨੰਦ ਕਾਰਜ ਹੋਣ ਉਪਰੰਤ ਲਾੜੇ ਵਲੋਂ ਟ੍ਰੈਕਟਰ 'ਤੇ ਹੀ ਪੈਲੇਸ ਤਕ ਲਿਆਂਦਾ ਗਿਆ ।
ਲੜਕੀ ਨੇ ਗੱਲਬਾਤ ਕਰਦਿਆਂ ਆਪਣੇ ਸਹੁਰਾ ਪਰਿਵਾਰ ਦੀ ਇਸ ਸਾਦਗੀ ਭਰੀ ਸੋਚ 'ਤੇ ਮਾਣ ਮਹਿਸੂਸ ਕੀਤਾ ਤੇ ਆਖਿਆ ਇਸ ਨਾਲ ਸਮਾਜ ਨੂੰ ਇਕ ਵਧੀਆ ਸੁਨੇਹਾ ਗਿਆ ਹੈ । ਗੱਲਬਾਤ ਕਰਦਿਆਂ ਲੜਕੇ ਦੇ ਪਿਤਾ ਨੇ ਆਖਿਆ ਕਿ ਮੈਂ ਫੈਸਲਾ ਕੀਤਾ ਹੈ ਕਿ ਲੜਕੀ ਵਾਲਿਆਂ ਤੋਂ ਬਿਲਕੁਲ ਵੀ ਦਾਜ ਨਹੀਂ ਲਵਾਂਗਾ ।
