SC ਨੇ ਫਰੀਦਕੋਟ ਦੀ ਸ਼ਾਹੀ ਵਿਰਾਸਤ 'ਤੇ ਸੁਣਾਇਆ ਫ਼ੈਸਲਾ, ਮਹਾਰਾਜਾ ਦੀਆਂ ਧੀਆਂ ਨੂੰ ਮਿਲੇਗੀ ਜਾਇਦਾਦ

09/07/2022 6:14:33 PM

ਫਰੀਦਕੋਟ : ਫਰੀਦਕੋਟ ਦੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਸ਼ਾਹੀ ਵਿਰਾਸਤ ਲਈ 30 ਸਾਲਾਂ ਤੋਂ ਚੱਲੀ ਆ ਰਹੀ ਲੜਾਈ ਨੂੰ ਅੱਜ ਸੁਪਰੀਮ ਕੋਰਟ ਨੇ ਖ਼ਤਮ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਮਹਾਰਾਜਾ ਦੀ ਵਸੀਅਤ ਨੂੰ ਗੈਰ-ਕਾਨੂੰਨੀ ਮੰਨਦਿਆਂ ਵਸੀਅਤ ਦੇ ਆਧਾਰ 'ਤੇ ਬਣੇ ਟਰੱਸਟ ਨੂੰ ਖ਼ਤਮ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸਾਰੀ ਜਾਇਦਾਦ ਨੂੰ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀਆਂ ਧੀਆਂ ਅੰਮ੍ਰਿਤ ਕੌਰ ਅਤੇ ਦੀਪਇੰਦਰ ਕੌਰ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ- ਕੱਦ ਛੋਟਾ, ਰੁਤਬਾ ਉੱਚਾ, ਜ਼ਿੰਦਾ ਦਿਲੀ ਦੀ ਮਿਸਾਲ ਹੈ 4 ਫੁੱਟ ਦਾ ਸੁਖਪ੍ਰੀਤ, ਹੌਂਸਲਾ ਅਜਿਹਾ ਕਿ ਤੁਸੀਂ ਵੀ ਕਰੋਗੇ ਸਲਾਮ

ਦੱਸ ਦੇਈਏ ਕਿ ਮਹਾਰਾਜਾ ਦੀ ਇਸ ਵਿਰਾਸਤ ਨੂੰ ਮਹਾਰਾਵਲ ਖੇਵਾਜੀ ਟਰੱਸਟ ਪਿਛਲੇ 30 ਸਾਲਾਂ ਤੋਂ 20 ਹਜ਼ਾਰ ਕਰੋੜ ਤੋਂ ਵੱਧ ਦੀ ਇਸ ਰਿਆਸਤ ਦੀ ਸਾਂਭ ਕਰ ਰਿਹਾ ਸੀ। ਹੁਣ 30 ਸਤੰਬਰ ਤੋਂ ਬਾਅਦ ਮਹਾਰਾਵਲ ਖੇਵਾਜੀ ਟਰੱਸਟ ਭੰਗ ਹੋ ਜਾਵੇਗਾ ਅਤੇ ਸਾਰੀ ਜਾਇਦਾਦ ਨੂੰ ਪਰਿਵਾਰ ਵਿੱਚ ਵੰਡਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਭਾਰਤ ਦੇ ਚੀਫ਼ ਜਸਟਿਸ (ਸੀ.ਜੇ.ਆਈ.) ਉਦੈ ਉਮੇਸ਼ ਲਲਿਤ, ਜਸਟਿਸ ਐਸ ਰਵਿੰਦਰ ਭੱਟ ਅਤੇ ਜਸਟਿਸ ਸੁਧਾਂਸ਼ੂ ਧੂਲੀਆ ਦੀ ਤਿੰਨ ਮੈਂਬਰੀ ਬੈਂਚ ਨੇ ਜਾਇਦਾਦ ਦੇ ਹਿੱਸੇ ਨਾਲ ਸਬੰਧਤ ਹਾਈ ਕੋਰਟ ਦੇ ਹੁਕਮ ਵਿੱਚ ਕੁਝ ਸੋਧਾਂ ਕਰਨ ਦਾ ਹੁਕਮ ਦਿੱਤਾ ਹੈ। ਦੱਸ ਦੇਈਏ ਕਿ ਬੈਂਚ ਨੇ ਜੁਲਾਈ 'ਚ ਸ਼ਾਹੀ ਵਿਰਾਸਤ ਦੇ ਉੱਤਰਅਧਿਕਾਰੀਆਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣੇ ਹੁਕਮ ਸੁਰੱਖਿਅਤ ਰੱਖੇ ਹੋਏ ਸਨ। 

ਇਹ ਵੀ ਪੜ੍ਹੋ- SYL ਮੁੱਦੇ 'ਤੇ ਮੰਤਰੀ ਧਾਲੀਵਾਲ ਦੀ ਦੋ-ਟੁਕ, ਕਿਹਾ-ਸਾਡੇ ਕੋਲ ਇਕ ਬੂੰਦ ਵੀ ਵਾਧੂ ਪਾਣੀ ਨਹੀਂ

ਕੀ ਸੀ ਸਾਰਾ ਮਾਮਲਾ ? 

ਜ਼ਿਕਰਯੋਗ ਹੈ ਕਿ ਮਹਾਰਾਜਾ ਹਰਿੰਦਰ ਸਿੰਘ ਬਰਾੜ ਨੇ ਮੌਤ ਤੋਂ ਪਹਿਲਾਂ ਇਕ ਵਸੀਅਤ ਕਰਵਾਈ ਸੀ। ਜਿਸ ਮੁਤਾਬਕ ਉਨ੍ਹਾਂ ਨੇ ਆਪਣੀ ਧੀ ਅੰਮ੍ਰਿਤ ਕੌਰ ਨੂੰ ਸ਼ਾਹੀ ਜਾਇਦਾਦ ਤੋਂ ਬੇਦਖ਼ਲ ਕਰ ਸੀ ਅਤੇ ਜਾਇਦਾਦ ਦੀ ਸਾਂਭ-ਸੰਭਾਲ ਲਈ ਮਹਾਰਾਵਲ ਖੇਵਾਜੀ ਟਰੱਸਟ ਦੀ ਸਥਾਪਨਾ ਕੀਤੀ ਸੀ। ਮਹਾਰਾਜਾ ਦੀ ਧੀ ਅੰਮ੍ਰਿਤ ਕੌਰ ਨੇ ਇਸ ਦਾ ਵਿਰੋਧ ਕਰਦਿਆਂ ਅਦਾਲਤ 'ਚ ਕੇਸ ਦਰਜ ਕਰਵਾਇਆ ਸੀ ਅਤੇ ਦਾਅਵਾ ਕੀਤੀ ਸੀ ਕਿ ਮਹਾਰਾਜਾ ਹਰਿੰਦਰ ਸਿੰਘ ਦੀ ਇਹ ਵਸੀਅਤ ਝੂਠੀ ਹੈ ਅਤੇ ਉਸ ਦੇ ਪਿਤਾ ਨੇ ਉਸ ਨੂੰ ਕਦੇ ਵੀ ਜਾਇਦਾਦ ਤੋਂ ਬੇਦਖ਼ਲ ਨਹੀਂ ਕੀਤਾ। ਹੁਣ ਤੱਕ 3 ਅਦਾਲਤਾਂ ਇਸ ਵਸੀਅਤ ਨੂੰ ਰੱਦ ਕਰਨ ਦਾ ਹੁਕਮ ਦੇ ਚੁੱਕੀਆਂ ਹਨ, ਜਿਨ੍ਹਾਂ ਖ਼ਿਲਾਫ਼ ਅਪੀਲ ਸੁਪਰੀਮ ਕੋਰਟ 'ਚ ਵਿਚਾਰ ਅਧੀਨ ਸੀ। ਅੱਜ ਇਸ ਲੜਾਈ ਨੂੰ ਖ਼ਤਮ ਕਰਦਿਆਂ ਸੁਪਰੀਮ ਕੋਰਟ ਨੇ ਇਸ ਵਸੀਅਤ ਨੂੰ ਗੈਰ-ਕਾਨੂੰਨੀ ਦੱਸਦਿਆਂ ,ਵਸੀਅਤ ਦੇ ਆਧਾਰ 'ਤੇ ਬਣੇ ਟਰੱਸਟ ਨੂੰ ਖ਼ਤਮ ਕਰ ਦਿੱਤਾ ਹੈ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News