93 ਸਾਲਾ ਇਸ ਬਜ਼ੁਰਗ ਲਈ ਆਪਣਾ ਹੀ ਪਰਿਵਾਰ ਬਣਿਆ ਹੈਵਾਨ, ਜਾਣੋ ਕੀ ਹੈ ਪੂਰਾ ਮਾਮਲਾ
Thursday, Jul 13, 2017 - 04:30 PM (IST)

ਚੰਡੀਗੜ੍ਹ — 93 ਸਾਲ ਦੇ ਬਜ਼ੁਰਗ 'ਤੇ ਉਸ ਦੇ ਪਰਿਵਾਰ ਵਾਲਿਆਂ ਵਲੋਂ ਹੀ ਜ਼ੁਲਮ ਕੀਤੇ ਜਾਣ ਦਾ ਇਕ ਮਾਮਲਾ ਚੰਡੀਗੜ੍ਹ ਦੇ ਸੈਕਟਰ 44 'ਚ ਸਾਹਮਣੇ ਆਇਆ ਹੈ। ਗੁਆਂਢੀਆਂ ਵਲੋਂ ਸ਼ਿਕਾਇਤ ਕੀਤੇ ਜਾਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬਜ਼ੁਰਗ ਸੁਤੰਤਰਤਾ ਸੈਨਾਨੀ ਨੂੰ ਇਲਾਜ ਲਈ ਸੈਕਟਰ-16 ਦੇ ਸਰਕਾਰੀ ਹਸਪਤਾਲ 'ਚ ਭੇਜ ਦਿੱਤਾ।
ਆਪਣੇ ਸਮੇਂ 'ਚ ਸੁਤੰਤਰਤਾ ਸੈਨਾਨੀ ਰਹੇ ਰਤਨ ਸਿੰਘ ਸੈਕਟਰ 44 'ਚ ਆਪਣੇ ਪੁੱਤਰ, ਪਤਨੀ ਤੇ ਪੋਤਰੇ ਦੇ ਨਾਲ ਰਹਿ ਰਿਹਾ ਹੈ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਦਿਨ ਦੇ ਸਮੇਂ ਰਤਨ ਸਿੰਘ ਨੂੰ ਘਰ ਦੇ ਬਾਹਰ ਧੁੱਪ 'ਚ ਬਿਠਾ ਦਿੱਤਾ ਜਾਂਦਾ ਹੈ ਤੇ ਅਜਿਹਾ ਰੋਜ਼ ਹੀ ਹੁੰਦਾ ਹੈ। ਜਦ ਕਿ ਪਰਿਵਾਰ ਦਾ ਕਹਿਣਾ ਹੈ ਕਿ ਖੁੱਲ੍ਹੇ 'ਚ ਰਹਿਣ ਦੇ ਆਦੀ ਰਤਨ ਸਿੰਘ ਨੂੰ ਉਨ੍ਹਾਂ ਦੀ ਮਰਜ਼ੀ ਨਾਲ ਬਾਹਰ ਬਿਠਾਇਆ ਜਾਂਦਾ ਹੈ। ਫਿਲਹਾਲ ਪੁਲਸ ਨੇ ਰਤਨ ਸਿੰਘ ਦੀ ਸਿਹਤ ਦੀ ਜਾਂਚ ਲਈ ਸੈਕਟਰ-16 ਦੇ ਸਰਕਾਰੀ ਹਸਪਤਾਲ 'ਚ ਭੇਜ ਦਿੱਤਾ ਹੈ, ਜਿਥੇ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ।
ਰਤਨ ਸਿੰਘ ਦੇ ਪੋਤਰੇ ਨੇ ਦੱਸਿਆ ਕਿ ਖੁੱਲ੍ਹੇ 'ਚ ਰਹਿਣ ਦੇ ਆਦਿ ਰਤਨ ਸਿੰਘ ਨੂੰ ਉਨ੍ਹਾਂ ਦੀ ਮਰਜ਼ੀ ਦੇ ਮੁਤਾਬਕ ਹੀ ਬਾਹਰ ਬਿਠਾਇਆ ਜਾਂਦਾ ਹੈ ਤੇ ਜਦ ਉਹ ਕਹਿੰਦੇ ਹਨ ਉਨ੍ਹਾਂ ਨੂੰ ਅੰਦਰ ਬਿਠਾ ਦਿੱਤਾ ਜਾਂਦਾ ਹੈ। ਇਸ 'ਚ ਕੋਈ ਗਲਤ ਗੱਲ ਨਹੀਂ ਹੈ, ਉਥੇ ਹੀ ਇਸ ਮਾਮਲੇ 'ਚ ਰਤਨ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਤਬੀਅਤ ਠੀਕ ਨਾ ਹੋਣ ਕਾਰਨ ਉਸ ਨੂੰ ਹਰ ਰੋਜ਼ ਬਾਹਰ ਬਿਠਾ ਦਿੱਤਾ ਜਾਂਦਾ ਹੈ।
ਮੌਕੇ 'ਤੇ ਮੌਜੂਦ ਪੁਲਸ ਇੰਸਪੈਕਟਰ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਇਕ ਬਜ਼ੁਰਗ ਨੂੰ ਜ਼ਬਰਦਸਤੀ ਉਨ੍ਹਾਂ ਦੇ ਘਰ ਦੇ ਬਾਹਰ ਬਿਠਾ ਦਿੱਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਜਦ ਅਸੀਂ ਆ ਕੇ ਦੇਖਿਆ ਤਾਂ ਬਜ਼ੁਰਗ ਘਰ ਦੇ ਬਾਹਰ ਬੈਠੇ ਹੋਏ ਸਨ ਤੇ ਉਨ੍ਹਾਂ ਦੀ ਹਾਲਤ ਖਰਾਬ ਲੱਗ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ, ਇਸ ਦੀ ਬਣਦੀ ਕਾਰਵਾਈ ਕੀਤੀ ਜਾਵੇਗੀ।