ਗੂੜ੍ਹੀ ਨੀਂਦੇ ਸੁੱਤੇ ਪਰਿਵਾਰ ’ਤੇ ਕਹਿਰ ਬਣ ਕੇ ਵਰ੍ਹਿਆ ਮੀਂਹ, ਛੱਤ ਡਿੱਗਣ ਕਾਰਣ 2 ਮਾਸੂਮ ਬੱਚਿਆਂ ਦੀ ਮੌਤ

Wednesday, Jul 21, 2021 - 05:08 PM (IST)

ਗੂੜ੍ਹੀ ਨੀਂਦੇ ਸੁੱਤੇ ਪਰਿਵਾਰ ’ਤੇ ਕਹਿਰ ਬਣ ਕੇ ਵਰ੍ਹਿਆ ਮੀਂਹ, ਛੱਤ ਡਿੱਗਣ ਕਾਰਣ 2 ਮਾਸੂਮ ਬੱਚਿਆਂ ਦੀ ਮੌਤ

ਦੇਵੀਗੜ੍ਹ (ਭੁਪਿੰਦਰ) : ਬੀਤੇ 3 ਦਿਨ ਤੋਂ ਪੈ ਰਹੀ ਬਾਰਿਸ਼ ਕਾਰਨ ਲੋਕਾਂ ਦੇ ਘਰਾਂ ਦੀਆਂ ਨੀਂਹਾਂ ਕਮਜ਼ੋਰ ਹੋਣ ਲੱਗ ਪਈਆਂ ਹਨ। ਪਿੰਡ ਦੁੱਧਨਸਾਧਾਂ ਵਿਚ ਸਵੇਰੇ ਗੂੜ੍ਹੀ ਨੀਂਦ ਸੁੱਤੇ ਪਏ ਪਰਿਵਾਰ ’ਤੇ ਘਰ ਦੀ ਛੱਤ ਅਚਾਨਕ ਡਿੱਗ ਗਈ। ਇਸ ਹਾਦਸੇ ਨਾਲ 5 ਵਿਅਕਤੀਆਂ ਨੂੰ ਸੱਟਾਂ ਲੱਗੀਆਂ ਜਦਕਿ 2 ਮਾਸੂਮ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਹਸਪਤਾਲ ਨੇੜੇ ਸਥਿਤ ਗਰੀਬਾਂ ਦੀ ਪੰਡਤਾ ਬਸਤੀ ਵਿਚ ਬੁੱਧਵਾਰ ਸਵੇਰੇ 5 ਵਜੇ ਅਚਾਨਕ ਇਕ ਘਰ ਦੀ ਛੱਤ ਡਿੱਗ ਪਈ, ਜਿਥੇ ਗੂੜ੍ਹੀ ਨੀਂਦ ਵਿਚ ਸੁੱਤੇ ਪਰਿਵਾਰ ਦੇ 7 ਮੈਂਬਰ ਹੇਠਾਂ ਦੱਬ ਗਏ। ਇਸ ਦੌਰਾਨ ਬਿੱਟੂ ਪੁੱਤਰ ਚਾਂਦੂਰਾਮ, ਉਸ ਦੀ ਪਤਨੀ ਨੀਲਮ ਰਾਣੀ, ਬੱਚੇ ਹੰਸ, ਮੁਨੀਸ਼ ਅਤੇ ਕਪਿਲ ਨੂੰ ਛੱਤ ਹੇਠੋਂ ਕੱਢ ਕੇ ਰਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਦਕਿ ਮਾਸੂਮ ਬੱਚੇ ਬੇਟਾ ਸਚਿਨ (5 ਸਾਲ) ਅਤੇ ਬੇਟੀ ਤਾਨਿਆ (9 ਸਾਲ) ਦੀ ਛੱਤ ਹੇਠਾਂ ਦੱਬਣ ਨਾਲ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ : ਕੈਨੇਡਾ ਬੈਠੇ ਗੋਲਡੀ ਬਰਾੜ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇਕ ਹੋਰ ਕਾਂਡ ਆਇਆ ਸਾਹਮਣੇ

ਸਰਪੰਚ ਜਸਦੇਵ ਸਿੰਘ ਨੇ ਦੱਸਿਆ ਕਿ ਜਿੱਥੇ ਹਾਦਸੇ ਵਾਪਰਿਆ ਹੈ, ਉਥੇ ਘਰਾਂ ਨੇੜਿਓਂ ਪਾਣੀ ਦੀ ਖਾਲ ਹੋਣ ਕਾਰਨ ਮਕਾਨਾਂ ਦੀਆਂ ਨੀਹਾਂ ਕਮਜ਼ੋਰ ਪੈ ਗਈਆਂ ਹਨ, ਜਿਸ ਕਾਰਨ ਉਥੇ ਘਰ ਦੀ ਕੰਧ ਧਸਣ ਨਾਲ ਛੱਤ ਹੇਠਾਂ ਡਿੱਗ ਪਈ। ਇਸ ਦੌਰਾਨ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਵਲੋਂ ਜੋਗਿੰਦਰ ਸਿੰਘ ਕਾਕੜਾ ਨੇ ਮਾਸੂਮ ਬੱਚਿਆਂ ਦੀ ਮੌਤ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਪਰਿਵਾਰ ਨੂੰ 4-4 ਲੱਖ ਰੁਪਏ ਦੀ ਮਦਦ ਦੇਣ ਤੋਂ ਇਲਾਵਾ ਮਕਾਨ ਦੀ ਮੁਰੰਮਤ ਲਈ 1 ਲੱਖ ਰੁਪਿਆ ਦੇਣ ਦਾ ਐਲਾਨ ਕੀਤਾ ਜਦਕਿ ਐੱਸ. ਡੀ. ਐਮ. ਅੰਕੁਰਜੀਤ ਸਿੰਘ, ਤਹਿਸੀਲਦਾਰ ਸਰਬਜੀਤ ਸਿੰਘ ਧਾਲੀਵਾਲ ਅਤੇ ਬੀ. ਡੀ. ਪੀ. ਓ. ਸੁਖਵਿੰਦਰ ਸਿੰਘ ਟਿਵਾਣਾ ਨੇ ਵੀ ਘਟਨਾ ਸਥਾਨ ਦਾ ਦੌਰਾ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਇਹ ਵੀ ਪੜ੍ਹੋ : ਕੈਨੇਡਾ ਵਿਆਹੀ ਟਾਂਡਾ ਦੀ ਵਿਆਹੁਤਾ ਦਾ ਪਤੀ ਵਲੋਂ ਬੇਰਹਿਮੀ ਨਾਲ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News