ਧੜੱਲੇ ਨਾਲ ਵਿਕ ਰਹੀਆਂ ਨੇ ਨਕਲੀ ਮਠਿਆਈਆਂ
Tuesday, Oct 10, 2017 - 12:11 PM (IST)

ਮੇਹਟੀਆਣਾ(ਇੰਦਰਜੀਤ)— ਮੇਹਟੀਆਣਾ ਇਲਾਕੇ ਅਧੀਨ ਪੈਂਦੇ ਕਈ ਪਿੰਡਾਂ ਵਿਚ ਹਲਵਾਈਆਂ ਦੀਆਂ ਦੁਕਾਨਾਂ 'ਤੇ ਨਕਲੀ ਮਠਿਆਈਆਂ ਧੜੱਲੇ ਨਾਲ ਵਿਕ ਰਹੀਆਂ ਹਨ। ਜਿਉਂ-ਜਿਉਂ ਦੀਵਾਲੀ ਦਾ ਤਿਓਹਾਰ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਇਨ੍ਹਾਂ ਨਕਲੀ ਮਠਿਆਈਆਂ ਦੀ ਵਿਕਰੀ 'ਚ ਵਾਧਾ ਹੋ ਰਿਹਾ ਹੈ ਅਤੇ ਸਿਹਤ ਮਹਿਕਮਾ ਅੱਖਾਂ 'ਤੇ ਪੱਟੀ ਬੰਨ੍ਹੀ ਬੈਠਾ ਹੈ। ਦੇਖਿਆ ਜਾ ਰਿਹਾ ਹੈ ਕਿ ਇਨ੍ਹਾਂ ਹਲਵਾਈਆਂ ਦੀਆਂ ਦੁਕਾਨਾਂ 'ਤੇ ਤੜਕੇ 4 ਵਜੇ ਨਕਲੀ ਮਠਿਆਈਆਂ ਵਾਲੀ ਇਕ ਗੱਡੀ ਸਪਲਾਈ ਕਰਨ ਵਾਸਤੇ ਆਉਂਦੀ ਹੈ। ਇਹ ਮਠਿਆਈ ਬਹੁਤ ਘੱਟ ਰੇਟ 'ਤੇ ਮਿਲਦੀ ਹੈ, ਜਿਸ 'ਚ ਪਤੀਸਾ, ਰਸਗੁੱਲੇ ਅਤੇ ਨਕਲੀ ਬਰਫੀ ਵੀ ਹੁੰਦੀ ਹੈ।
ਇਹ ਮਠਿਆਈ ਵਾਲੀ ਗੱਡੀ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਹਲਵਾਈਆਂ ਦੀਆਂ ਦੁਕਾਨਾਂ 'ਤੇ ਜਾਂਦੀ ਹੈ ਤੇ ਇਸ ਕੰਮ ਨੂੰ ਤੜਕੇ ਹੀ ਨੇਪਰੇ ਚਾੜ੍ਹਿਆ ਜਾਂਦਾ ਹੈ। ਜੇਕਰ ਸਿਹਤ ਮਹਿਕਮੇ ਦੇ ਅਧਿਕਾਰੀ ਇਨ੍ਹਾਂ ਹਲਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕਰਨ ਤਾਂ ਵੱਡੇ ਪੱਧਰ 'ਤੇ ਨਕਲੀ ਮਠਿਆਈਆਂ ਫੜੀਆਂ ਜਾ ਸਕਦੀਆਂ ਹਨ।