4.65 ਲੱਖ ਦੀ ਜਾਅਲੀ ਕਰੰਸੀ ਸਮੇਤ ਵਿਅਕਤੀ ਗ੍ਰਿਫ਼ਤਾਰ
Thursday, Jul 11, 2019 - 09:35 PM (IST)

ਫ਼ਰੀਦਕੋਟ,(ਰਾਜਨ): ਪੁਲਸ ਵਲੋਂ ਇਕ ਵਿਅਕਤੀ ਨੂੰ ਮੋਟੀ ਜਾਅਲੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਜਸਤਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਬਿਸ਼ਨ ਦੇਵ ਵਾਸੀ ਸੰਜੇ ਨਗਰ, ਫ਼ਰੀਦਕੋਟ ਜਾਅਲੀ ਕਰੰਸੀ ਤਿਆਰ ਕਰ ਕੇ ਮਾਰਕੀਟ 'ਚ ਵਰਤਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਾਰਵਾਈ ਕਰਦਿਆਂ ਜਦ ਥਾਣਾ ਸਿਟੀ ਮੁਖੀ ਰਾਜਬੀਰ ਸਿੰਘ ਦੀ ਅਗਵਾਈ ਹੇਠ ਐੱਸ. ਆਈ. ਸ਼ਗਨ ਸਿੰਘ ਵਲੋਂ ਪੁਲਸ ਪਾਰਟੀ ਸਮੇਤ ਛਾਪੇਮਾਰੀ ਕੀਤੀ ਗਈ ਤਾਂ ਉਕਤ ਵਿਅਕਤੀ ਤੋਂ 4.65 ਲੱਖ ਦੀ ਜਾਅਲੀ ਕਰੰਸੀ ਬਰਾਮਦ ਹੋਈ। ਜਿਸ 'ਚ 500 ਤੇ 2000 ਰੁਪਏ ਦੇ ਜਾਅਲੀ ਨੋਟ ਸ਼ਾਮਲ ਹਨ।
ਜਾਅਲੀ ਕਰੰਸੀ ਬਰਾਮਦ ਕਰ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਛਾਣਬੀਣ ਤੋਂ ਪਤਾ ਲੱਗਾ ਹੈ ਕਿ ਇਸ ਉਕਤ ਵਿਅਕਤੀ ਨੇ ਨੋਟਬੰਦੀ ਤੋਂ ਬਾਅਦ ਨਵੀਂ ਕਰੰਸੀ ਆਉਣ ਵੇਲੇ ਉਕਤ ਜਾਅਲੀ ਕਰੰਸੀ ਮਾਰਕੀਟ 'ਚ ਉਤਾਰਣ ਲਈ ਛਾਪੀ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਹੋਰ ਪੁੱਛ ਪੜਤਾਲ ਜਾਰੀ ਹੈ।