ਲੁਧਿਆਣਾ ਦੇ ਗਿੱਲ ਰੋਡ ਨੇੜੇ ਫੈਕਟਰੀ 'ਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ

Tuesday, Dec 19, 2017 - 07:19 PM (IST)

ਲੁਧਿਆਣਾ ਦੇ ਗਿੱਲ ਰੋਡ ਨੇੜੇ ਫੈਕਟਰੀ 'ਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ

ਲੁਧਿਆਣਾ (ਮਹੇਸ਼) : ਗਿੱਲ ਰੋਡ 'ਤੇ ਇੰਜੀਨੀਅਰਿੰਗ ਕਾਲਜ ਦੇ ਕੋਲ ਇਕ ਉਦਯੋਗਿਕ ਇਕਾਈ ਵਿਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦੀ ਮਸ਼ੀਨਰੀ ਅਤੇ ਮਾਲ ਸੜ ਕੇ ਸੁਆਹ ਹੋ ਗਿਆ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਵਿਭਾਗ ਦੀਆਂ 3 ਗੱਡੀਆਂ ਮੌਕੇ 'ਤੇ ਪੁੱਜੀਆਂ। ਜਿਨ੍ਹਾਂ ਨੇ 3 ਘੰਟੇ ਦੀ ਸਖਤ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ। ਇਸ ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਘਟਨਾ ਸੋਮਵਾਰ ਰਾਤ ਕਰੀਬ 12 ਵਜੇ ਦੀ ਹੈ, ਜਦੋਂ ਰਜਾਈਆਂ ਬਣਾਉਣ ਵਾਲੀ ਉਦਯੋਗਿਕ ਇਕਾਈ ਬੇਰੀ ਐਗਰੋ ਇੰਡਸਟਰੀ ਵਿਚ ਅੱਗ ਲੱਗ ਗਈ। ਆਲੇ-ਦੁਆਲੇ ਅਤੇ ਇਕਾਈ ਵਿਚ ਮੌਜੂਦ ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਅਤੇ ਪੁਲਸ ਨੂੰ ਦਿੱਤੀ। ਸੂਚਨਾ ਮਿਲਣ ਤੋਂ 10 ਮਿੰਟ ਦੇ ਅੰਦਰ ਹੀ ਫਾਇਰ ਬ੍ਰਿਗੇਡ ਵਿਭਾਗ ਦੀਆਂ 3 ਗੱਡੀਆਂ ਮੌਕੇ 'ਤੇ ਪੁੱਜ ਗਈਆਂ ਜਿਨ੍ਹਾਂ ਨੇ 3 ਘੰਟੇ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਰਾਤ ਕਰੀਬ 3 ਵਜੇ ਅੱਗ 'ਤੇ ਕਾਬੂ ਪਾ ਲਿਆ।
ਇਕਾਈ ਦੇ ਸੰਚਾਲਕ ਰਾਜੇਸ਼ ਬੇਰੀ ਦਾ ਕਹਿਣਾ ਹੈ ਕਿ ਫਾਇਰ ਬ੍ਰਿਗੇਡ ਗੱਡੀਆਂ ਦੇ ਪੁੱਜਣ ਤੋਂ ਪਹਿਲਾਂ ਹੀ ਇਕਾਈ ਵਿਚ ਮੌਜੂਦ ਲੋਕਾਂ ਨੇ ਸਬਮਰਸੀਬਲ ਪੰਪ ਚਲਾ ਕੇ ਅੱਗ ਬੁਝਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਸਨ। ਇਸ ਸਭ ਵਿਚ ਉਨ੍ਹਾਂ ਦਾ ਕਰੀਬ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਬੇਰੀ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਦੀ ਫੁਟੇਜ ਵਿਚ ਵੀ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਇਕ ਰੂੰ ਪਿੰਜਣ ਵਾਲੀ ਮਸ਼ੀਨ ਵਿਚ ਸ਼ਾਰਟ ਸਰਕਟ ਕਾਰਨ ਨਿਕਲੀ ਚੰਗਿਆੜੀ ਕੋਲ ਪਏ ਕੱਚੇ ਮਾਲ 'ਤੇ ਪਈ ਜਿਸ ਕਾਰਨ ਅੱਗ ਅੱਗੇ ਫੈਲ ਗਈ।


Related News