''ਨਕਲੀ ਦੇਸੀ ਘਿਓ ਵੇਚ ਕੇ ਵੱਡਾ ਪਾਪ ਕਰ ਰਹੇ ਨੇ ਦੁਕਾਨਦਾਰ''
Thursday, Oct 26, 2017 - 07:41 AM (IST)
ਗਿੱਦੜਬਾਹਾ (ਕਟਾਰੀਆ ) - ਡੇਰਾ ਬਾਬਾ ਛੱਜੂ ਨਾਥ ਯਾਦਗਾਰੀ ਆਸ਼ਰਮ ਦੇ ਸੰਚਾਲਕ ਬਾਬਾ ਰਾਮ ਅਵਤਾਰ ਨਾਥ ਨੇ ਫਰਮਾਇਆ ਕਿ ਪੈਸੇ ਦੀ ਦੌੜ ਨੇ ਲੋਕਾਂ ਦਾ ਈਮਾਨ ਵੇਚ ਦਿੱਤਾ ਹੈ। ਦੇਖਣ 'ਚ ਆਇਆ ਹੈ ਕਿ ਅੱਜਕਲ ਕੁਝ ਦੁਕਾਨਦਾਰ ਆਪਣੇ ਲਾਲਚ ਦੀ ਖਾਤਿਰ ਨਕਲੀ ਦੇਸੀ ਘਿਓ ਤੇ ਮਿਲਾਵਟੀ ਖਾਣ-ਪੀਣ ਦੀਆਂ ਵਸਤੂਆਂ ਵੇਚ ਕੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਰਹੇ ਹਨ, ਜਿਸ ਕਾਰਨ ਲੋਕ ਕੈਂਸਰ ਅਤੇ ਟੀ. ਬੀ. ਜਿਹੀਆਂ ਗੰਭੀਰ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਬਾਬਾ ਜੀ ਨੇ ਫਰਮਾਇਆ ਕਿ ਦੇਸੀ ਘਿਓ ਦਾ ਪੂਜਾ, ਪਾਠ, ਹਵਨ, ਯੱਗ, ਗੁਰਦੁਆਰਾ ਸਾਹਿਬ ਅਤੇ ਮੰਦਰਾਂ 'ਚ ਪਵਿੱਤਰ ਜਯੋਤੀ ਜਗਾਉਣ ਤੇ ਪ੍ਰਸ਼ਾਦ ਬਣਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਇਹ ਘਿਓ ਡਲਿਵਰੀ ਵਾਲੀਆਂ ਔਰਤਾਂ ਦੇ ਖਾਣੇ ਤੇ ਪੰਜੀਰੀ ਬਣਾਉਣ ਦੇ ਕੰਮ ਆÀਂਦਾ ਹੈ ਤਾਂ ਕਿ ਉਸ ਮਾਂ ਦੀ ਕੋਖ ਕਮਜ਼ੋਰ ਨਾ ਪੈ ਜਾਵੇ ਤੇ ਭਵਿੱਖ 'ਚ ਉਸ ਦੇ ਬੱਚੇ ਤੰਦਰੁਸਤ ਪੈਦਾ ਹੋਣ ਪਰ ਪੈਸਿਆਂ ਦੇ ਲਾਲਚ ਦੀ ਖਾਤਿਰ ਕੁਝ ਦੁਕਾਨਦਾਰ ਨਕਲੀ ਦੇਸੀ ਘਿਓ ਤੇ ਮਿਲਾਵਟੀ ਖਾਣ-ਪੀਣ ਦੀਆਂ ਵਸਤੂਆਂ ਵੇਚ ਕੇ ਵੱਡਾ ਪਾਪ ਕਮਾ ਰਹੇ ਹਨ।
ਇਸ ਮੌਕੇ ਬਾਬਾ ਜੀ ਨੇ ਦੁਕਾਨਦਾਰਾਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਉਹ ਨਕਲੀ ਦੇਸੀ ਘਿਓ ਅਤੇ ਮਿਲਾਵਟੀ ਖਾਣ-ਪੀਣ ਦੀਆਂ ਵਸਤੂਆਂ ਵੇਚਣ ਤੋਂ ਪ੍ਰਹੇਜ਼ ਕਰਨ ਤਾਂ ਕਿ ਸਾਡੇ ਦੇਸ਼ ਦੇ ਨਾਗਰਿਕ ਤੰਦਰੁਸਤ ਜੀਵਨ ਬਿਤਾ ਕੇ ਸ਼ਕਤੀਸ਼ਾਲੀ ਭਾਰਤ ਦਾ ਨਿਰਮਾਣ ਕਰ ਸਕਣ।
