ਵਿਆਹੁਤਾ ਦੀ ਫਰਜ਼ੀ ਫੇਸਬੁਕ ਆਈ.ਡੀ. ਬਣਾ ਤਸਵੀਰਾਂ ਕੀਤੀਆਂ ਪੋਸਟ

12/30/2017 6:10:02 PM

ਧੂਰੀ (ਸੰਜੀਵ ਜੈਨ) : ਇਕ ਵਿਆਹੁਤਾ ਔਰਤ ਦੀ ਫਰਜ਼ੀ ਫੇਸਬੁਕ ਆਈ.ਡੀ. ਬਣਾ ਕੇ ਉਸ ਨੂੰ ਬਦਨਾਮ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਖਿਲਾਫ ਥਾਣਾ ਸਿਟੀ ਧੂਰੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਦੱਸੇ ਜਾ ਰਹੇ ਸਥਾਨਕ ਸ਼ਿਵਪੁਰੀ ਮੁਹੱਲਾ ਨਿਵਾਸੀ ਯਸ਼ਪਾਲ ਮਿੱਤਲ ਪੁੱਤਰ ਮੋਹਨ ਲਾਲ ਜੋ ਕਿ ਖੁਦ ਵੀ ਵਿਆਹੁਤਾ ਹੈ, ਵੱਲੋਂ ਸ਼ਹਿਰ ਦੇ ਇਕ ਚੰਗੇ ਪਰਿਵਾਰ ਦੀ ਸ਼ਾਦੀਸ਼ੁਦਾ ਔਰਤ ਦੇ ਨਾਮ ਦੀ ਕਥਿਤ ਜਾਅਲੀ ਫੇਸਬੁੱਕ ਆਈ.ਡੀ. ਬਣਾਈ ਗਈ ਸੀ। ਦੋਸ਼ੀ ਵੱਲੋਂ ਉਕਤ ਔਰਤ ਦੀਆਂ ਤਸਵੀਰਾਂ ਫੇਸਬੁੱਕ ਆਈ.ਡੀ. ਤੇ ਅਪਲੋਡ ਕਰਕੇ ਹੋਰਨਾਂ ਲੋਕਾਂ ਨੂੰ ਦੋਸਤ ਬਣਨ ਲਈ ਰਿਕਵੈਸਟ ਭੇਜਕੇ ਦੋਸਤ ਬਣਾਇਆ ਜਾਂਦਾ ਸੀ। ਜਦੋਂ ਉਕਤ ਔਰਤ ਦੀਆਂ ਕਰੀਬੀ ਮਹਿਲਾ ਦੋਸਤ ਉਸ ਦੀ ਆਈ.ਡੀ. ਸਮਝ ਕੇ ਰਿਕਵੈਸਟ ਸਵੀਕਾਰ ਕਰ ਲੈਂਦੀਆਂ ਸਨ ਤਾਂ ਦੋਸ਼ੀ ਵੱਲੋਂ ਉਨ੍ਹਾਂ ਨਾਲ ਘਟੀਆ ਕਿਸਮ ਦੀ ਚੈਟਿੰਗ ਕਰਕੇ ਉਕਤ ਔਰਤ ਨੂੰ ਬਦਨਾਮ ਕੀਤਾ ਜਾ ਰਿਹਾ ਸੀ।
ਇਸ ਦਾ ਪਤਾ ਲੱਗਣ 'ਤੇ ਪੀੜਤਾ ਦੇ ਪਰਿਵਾਰ ਵੱਲੋਂ ਸਾਈਬਰ ਕਰਾਈਮ ਸੈੱਲ ਮੋਹਾਲੀ ਕੋਲ ਸ਼ਿਕਾਇਤ ਕੀਤੀ ਗਈ। ਵਿਭਾਗ ਵੱਲੋਂ ਫੇਸਬੁੱਕ ਦੇ ਅਮਰੀਕਾ ਸਥਿਤ ਮੁੱਖ ਦਫਤਰ ਤੋਂ ਇਸ ਜਾਅਲੀ ਆਈ.ਡੀ. ਦਾ ਰਿਕਾਰਡ ਮੰਗਵਾ ਕੇ ਕੀਤੀ ਗਈ ਪੜਤਾਲ ਦੌਰਾਨ ਦੋਸ਼ੀ ਦੀ ਪੋਲ ਖੁੱਲ੍ਹ ਕੇ ਸਾਹਮਣੇ ਆ ਗਈ। ਪੁਲਸ ਵੱਲੋਂ ਉਕਤ ਔਰਤ ਦੇ ਨਾਂ ਦੇ ਫਰਜ਼ੀ ਫੇਸਬੁੱਕ ਅਕਾਊਂਟ ਖੋਲ੍ਹ ਕੇ ਉਸ ਨੂੰ ਬਦਨਾਮ ਕਰਨ ਦੇ ਦੋਸ਼ ਹੇਠ ਯਸ਼ਪਾਲ ਮਿੱਤਲ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸੰਬੰਧੀ ਥਾਣਾ ਸਿਟੀ ਧੂਰੀ ਦੇ ਮੁੱਖੀ ਰਾਜੇਸ਼ ਸਨੇਹੀ ਨਾਲ ਸੰਪਰਕ ਕਰਨ 'ਤੇ Àਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਥਾਨਕ ਸ਼ਿਵਪੁਰੀ ਮੁਹੱਲਾ ਨਿਵਾਸੀ ਯਸ਼ਪਾਲ ਮਿੱਤਲ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਖਬਰ ਭੇਜੇ ਜਾਣ ਤੱਕ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਦੱਸੀ ਜਾ ਰਹੀ ਹੈ।


Related News