ਪਰਦਾਫਾਸ਼; ਸੇਵਾ ਕੇਂਦਰ ਦੇ ਮੁਲਾਜ਼ਮ ਨੇ ਹੀ ਰਚੀ ਸੀ ਲੁੱਟ ਦੀ ਘਟਨਾ
Friday, Nov 10, 2017 - 02:09 AM (IST)
ਰੂਪਨਗਰ, (ਵਿਜੇ)- 7 ਨਵੰਬਰ ਨੂੰ ਪਿੰਡ ਕਮਾਲਪੁਰ ਚੌਰਾਹੇ ਨੇੜੇ ਵਾਪਰੀ 64 ਹਜ਼ਾਰ 740 ਰੁਪਏ ਸਮੇਤ ਹੋਰ ਸਾਮਾਨ ਦੀ ਲੁੱਟ ਦੀ ਵਾਰਦਾਤ ਦਾ ਪੁਲਸ ਨੇ ਪਰਦਾਫਾਸ਼ ਕਰ ਦਿੱਤਾ ਹੈ।
ਐੱਸ. ਐੱਸ. ਪੀ. ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਇਹ ਘਟਨਾ ਸੁਖਵਿੰਦਰ ਸਿੰਘ ਪੁੱਤਰ ਰਾਮਲਾਲ ਫਰੀਦ ਥਾਣਾ ਸ੍ਰੀ ਚਮਕੌਰ ਸਾਹਿਬ ਨਾਲ ਵਾਪਰੀ ਸੀ, ਜੋ ਸੇਵਾ ਕੇਂਦਰ ਪਿੰਡ ਫਤਿਹਗੜ੍ਹ ਚਟੌਲੀ 'ਚ ਬਤੌਰ ਪ੍ਰਾਈਵੇਟ ਕੰਪਿਊਟਰ ਆਪ੍ਰੇਟਰ ਕੰਮ ਕਰਦਾ ਹੈ। ਉਸ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਸੇਵਾ ਕੇਂਦਰ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਦੀ ਫੀਸ ਦੀ ਰਾਸ਼ੀ 64 ਹਜ਼ਾਰ 740 ਰੁਪਏ ਲੈ ਕੇ ਕੰਪਨੀ ਦੇ ਖਾਤੇ ਐੱਚ.ਡੀ.ਐੱਫ.ਸੀ. ਬੈਂਕ ਰੂਪਨਗਰ 'ਚ ਜਮ੍ਹਾ ਕਰਵਾਉਣ ਲਈ ਜਾ ਰਿਹਾ ਸੀ ਕਿ ਰਸਤੇ 'ਚ ਕੁਝ ਮੋਟਰਸਾਈਕਲ ਸਵਾਰਾਂ ਨੇ ਉਕਤ ਰਾਸ਼ੀ ਉਸ ਕੋਲੋਂ ਖੋਹ ਲਈ। ਇੰਨਾ ਹੀ ਨਹੀਂ, ਉਕਤ ਨੌਜਵਾਨਾਂ ਨੇ ਉਸ ਦਾ ਪਰਸ ਤੇ ਮੋਬਾਇਲ ਵੀ ਖੋਹ ਲਿਆ ਤੇ ਜਾਂਦੇ ਸਮੇਂ ਰੁਮਾਲ ਨਾਲ ਉਸ ਦਾ ਮੂੰਹ ਬੰਨ੍ਹ ਕੇ ਦਰੱਖਤ ਨਾਲ ਬੰਨ੍ਹ ਗਏ।
ਇਸ ਤੋਂ ਬਾਅਦ ਪੁਲਸ ਵੱਲੋਂ ਕੀਤੀ ਗਈ ਤਫਤੀਸ਼ 'ਚ ਸਾਹਮਣੇ ਆਇਆ ਕਿ ਸੁਖਵਿੰਦਰ ਸਿੰਘ ਨੇ ਹੀ ਆਪਣੇ ਸਾਥੀਆਂ ਲਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਦੋਵੇਂ ਵਾਸੀ ਅਮਰਾਲੀ ਥਾਣਾ ਮੋਰਿੰਡਾ ਨਾਲ ਮਿਲ ਕੇ ਝੂਠੀ ਲੁੱਟ ਦੀ ਘਟਨਾ ਰਚ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੇ ਇਸ ਮਾਮਲੇ 'ਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ 64 ਹਜ਼ਾਰ ਰੁਪਏ, ਪਰਸ ਤੇ ਮੋਬਾਇਲ ਬਰਾਮਦ ਕੀਤਾ। ਸੁਖਵਿੰਦਰ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਮਿਲ ਕੇ ਉਕਤ ਯੋਜਨਾ ਬਣਾਈ ਸੀ ਤੇ ਬਾਅਦ 'ਚ ਪੈਸਾ ਆਪਸ 'ਚ ਵੰਡਣਾ ਸੀ। ਫਿਲਹਾਲ ਪੁਲਸ ਨੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
