ਚੰਡੀਗੜ੍ਹ ’ਚ ਸ਼ਰਾਬ ਦੇ ਠੇਕਿਆਂ ’ਤੇ ਧੜੱਲੇ ਨਾਲ ਵਿਕ ਰਹੀ ਐਕਸਪਾਇਰੀ ਸ਼ਰਾਬ ਅਤੇ ਬੀਅਰ
Monday, Dec 12, 2022 - 08:43 PM (IST)
ਚੰਡੀਗੜ੍ਹ (ਬਿਊਰੋ) : ਚੰਡੀਗੜ੍ਹ ਦੇ ਸ਼ਰਾਬ ਦੇ ਠੇਕਿਆਂ ’ਤੇ ਮਿਆਦ ਪੁੱਗ ਚੁੱਕੀ ਸ਼ਰਾਬ ਅਤੇ ਬੀਅਰ ਦੀ ਧੜੱਲੇ ਨਾਲ ਵਿਕਰੀ ਹੋ ਰਹੀ ਹੈ। ਕਾਨੂੰਨ ਅਨੁਸਾਰ ਸ਼ਰਾਬ ਜਾਂ ਬੀਅਰ ਦੀ ਮਿਆਦ ਪੁੱਗਣ ਦੀ ਮਿਤੀ ਤੋਂ ਬਾਅਦ ਇਸਨੂੰ ਵੇਚਣਾ ਗੈਰ-ਕਾਨੂੰਨੀ ਹੈ। ਆਬਕਾਰੀ ਨੀਤੀ ਅਧੀਨ ਜ਼ੁਰਮਾਨੇ ਦਾ ਨਿਯਮ ਵੀ ਹੈ ਪਰ ਨਿਯਮਾਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਸ਼ਰਾਬ ਦੇ ਠੇਕੇਦਾਰ ਮਿਆਦ ਪੁੱਗ ਚੁੱਕੀ ਸ਼ਰਾਬ ਅਤੇ ਬੀਅਰ ਵੇਚ ਕੇ ਮੋਟਾ ਮੁਨਾਫਾ ਕਮਾ ਰਹੇ ਹਨ। ਇਸ ਪੂਰੇ ਘਪਲੇ ਨੂੰ ਬਹੁਤ ਹੀ ਯੋਜਨਾਬਧ ਤਰੀਕੇ ਨਾਲ ਅੰਜ਼ਾਮ ਦਿੱਤਾ ਜਾ ਰਿਹਾ ਹੈ। 1-2 ਮਹੀਨੇ ਪਹਿਲਾਂ ਮਿਆਦ ਪੁੱਗ ਚੁੱਕੀ ਬੀਅਰ ਅਤੇ ਸ਼ਰਾਬ ਨੂੰ ਸ਼ਰਾਬ ਦੀਆਂ ਫੈਕਟਰੀਆਂ ਤੋਂ ਸਸਤੇ ਭਾਅ ’ਤੇ ਖਰੀਦਿਆ ਜਾਂਦਾ ਹੈ, ਜਿਸ ਤੋਂ ਬਾਅਦ ਇਨ੍ਹਾਂ ਨੂੰ ਸ਼ਰਾਬ ਦੇ ਠੇਕਿਆਂ ’ਤੇ ਤੈਅ ਕੀਮਤ ’ਤੇ ਵੇਚਿਆ ਜਾਂਦਾ ਹੈ। ਇਹ ਗੋਰਖਧੰਦਾ ਚੰਡੀਗੜ੍ਹ ਦੇ ਦੱਖਣੀ ਸੈਕਟਰਾਂ ਵਿਚ ਤੇਜੀ ਨਾਲ ਵਧਿਆ ਹੈ। ਇਨ੍ਹਾਂ ਸੈਕਟਰਾਂ ਵਿਚ ਬਹੁਤ ਆਬਾਦੀ ਹੈ ਅਤੇ ਇਨ੍ਹਾਂ ਸੈਕਟਰਾਂ ਵਿਚ ਸ਼ਰਾਬ ਅਤੇ ਬੀਅਰ ਦੀ ਖਪਤ ਵੀ ਬਹੁਤ ਜ਼ਿਆਦਾ ਹੈ। ਇਸ ਕਾਰਨ ਸ਼ਰਾਬ ਦੇ ਠੇਕੇਦਾਰ ਮੋਟਾ ਮੁਨਾਫਾ ਕਮਾਉਣ ਦੇ ਚੱਕਰ ਵਿਚ ਮਿਆਦ ਪੁੱਗ ਚੁੱਕੀ ਸ਼ਰਾਬ ਅਤੇ ਬੀਅਰ ਵੇਚ ਰਹੇ ਹਨ।
ਗਾਹਕਾਂ ਦੀ ਹਾਲਤ ਦੇਖ ਕੇ ਫੜ੍ਹਾ ਦਿੱਤੀ ਜਾਂਦੀ ਹੈ ਐਕਸਪਾਇਰੀ ਸ਼ਰਾਬ
ਸ਼ਰਾਬ ਦੇ ਠੇਕੇਦਾਰਾਂ ਨੇ ਆਪਣੇ ਕਰਿੰਦਿਆਂ ਨੂੰ ਮਿਆਦ ਪੁੱਗ ਚੁੱਕੀ ਸ਼ਰਾਬ ਅਤੇ ਬੀਅਰ ਵੇਚਣ ਲਈ ਟ੍ਰੇਂਡ ਕੀਤਾ ਹੋਇਆ ਹੈ। ਕਰਿੰਦੇ ਉਨ੍ਹਾਂ ਗਾਹਕਾਂ ਨੂੰ ਹੀ ਜ਼ਿਆਦਾਤਰ ਮਿਆਦ ਪੁੱਗ ਚੁੱਕੀ ਸ਼ਰਾਬ ਅਤੇ ਬੀਅਰ ਫੜ੍ਹਾਉਂਦੇ ਹਨ, ਜਿਨ੍ਹਾਂ ਨੇ ਪਹਿਲਾਂ ਹੀ ਕੁਝ ਸ਼ਰਾਬ ਪੀਤੀ ਹੁੰਦੀ ਹੈ। ਆਮ ਤੌਰ ’ਤੇ ਨਸ਼ੇ ਦੀ ਹਾਲਤ ਵਿਚ ਠੇਕੇ ’ਤੇ ਆਇਆ ਗਾਹਕ ਸ਼ਰਾਬ ਜਾਂ ਬੀਅਰ ਦੀ ਐਕਸਪਾਇਰੀ ਡੇਟ ਨਹੀਂ ਦੇਖਦਾ। ਇਸ ਗੱਲ ਦਾ ਫਾਇਦਾ ਚੁੱਕਦਿਆਂ ਕਰਿੰਦੇ ਬਹੁਤ ਹੀ ਚਲਾਕੀ ਨਾਲ ਮਿਆਦ ਪੁੱਗੀ ਸ਼ਰਾਬ ਅਤੇ ਬੀਅਰ ਗਾਹਕ ਦੇ ਹੱਥ ਵਿਚ ਫੜ੍ਹਾ ਦਿੰਦੇ ਹਨ।
ਇਹ ਵੀ ਪੜ੍ਹੋ : ਦੁਨੀਆ ਦੇ 82 ਦੇਸ਼ ਚੀਨ ਦੇ ਪ੍ਰਭਾਵ ’ਚ, ਪਾਕਿ ਪਹਿਲੇ ਨੰਬਰ ’ਤੇ
ਪਹਿਲਾਂ ਦਿੱਤੀ ਐਕਸਪਾਇਰੀ ਬੀਅਰ, ਬਾਅਦ ’ਚ ਕਹਿੰਦੇ ਬਦਲ ਦਿੰਦੇ ਹਾਂ
ਪਿਛਲੇ ਦਿਨੀਂ ਸੈਕਟਰ-37 ਵਿਚ ਐਕਸਪਾਇਰੀ ਬੀਅਰ ਦਾ ਇਹੋ ਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ। ਗਾਹਕ ਨੇ ਸੈਕਟਰ-37 ਸਥਿਤ ਸ਼ਰਾਬ ਦੇ ਠੇਕੇ ਤੋਂ ਬੀਅਰ ਖਰੀਦੀ। ਗਾਹਕ ਮੁਤਾਬਕ ਉਸ ਨੇ ਬੀਅਰ ਖੋਲ੍ਹ ਕੇ ਪੀਤੀ ਪਰ ਉਸ ਦੇ ਮਨ ਵਿਚ ਬੀਅਰ ਦੀ ਗੁਣਵੱਤਾ ਸਬੰਧੀ ਭੰਬਲਭੂਸਾ ਸੀ। ਜਦੋਂ ਉਸ ਨੇ ਬੀਅਰ ਦੀ ਐਕਸਪਾਇਰੀ ਡੇਟ ਦੇਖੀ ਤਾਂ ਪਤਾ ਲੱਗਾ ਕਿ ਬੀਅਰ ਦੀ ਮਿਆਦ ਇਕ ਮਹੀਨਾ ਪਹਿਲਾਂ ਹੀ ਖਤਮ ਹੋ ਚੁੱਕੀ ਸੀ। ਜਦੋਂ ਗਾਹਕ ਨੇ ਇਸ ਸਬੰਧੀ ਠੇਕਾ ਮੁਲਾਜ਼ਮਾਂ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਬੀਅਰ ਦੀ ਮਿਆਦ ਪੁੱਗ ਚੁੱਕੀ ਹੈ ਤਾਂ ਇਸ ਨੂੰ ਬਦਲ ਦਿੰਦੇ ਹਾਂ। ਗਾਹਕ ਮੁਤਾਬਕ ਉਨ੍ਹਾਂ ਨੇ ਬੀਅਰ ਤਾਂ ਬਦਲੀ ਪਰ ਫਰਿੱਜ਼ ਵਿਚ ਪਿਆ ਸਟਾਕ ਨਹੀਂ ਕੱਢਿਆ। ਗਾਹਕ ਅਨੁਸਾਰ ਕੁਝ ਸਮਾਂ ਠੇਕੇ ਦੇ ਆਸਪਾਸ ਰਹਿ ਕੇ ਉਸ ਨੇ ਦੇਖਿਆ ਕਿ ਠੇਕੇ ਦੇ ਮੁਲਾਜ਼ਮ ਮਿਆਦ ਪੁੱਗ ਚੁੱਕੇ ਸਟਾਕ ਨੂੰ ਹਟਾਉਣ ਦੀ ਥਾਂ ਵੇਚਣ ਵਿਚ ਮਸ਼ਰੂਫ ਰਹੇ।
ਆਬਕਾਰੀ ਵਿਭਾਗ ਦੀ ਭੂਮਿਕਾ ’ਤੇ ਸਵਾਲ, ਲਿਕਰ ਸੈਂਪਲਿੰਗ ਦੇ ਅੰਕੜਿਆਂ ’ਤੇ ਚੁੱਪ
ਇਸ ਗੋਰਖਧੰਦੇ ਕਾਰਨ ਚੰਡੀਗੜ੍ਹ ਆਬਕਾਰੀ ਵਿਭਾਗ ਦੀ ਭੂਮਿਕਾ ’ਤੇ ਵੀ ਕਈ ਸਵਾਲ ਖੜ੍ਹੇ ਹੋ ਰਹੇ ਹਨ। ਸਭ ਤੋਂ ਅਹਿਮ ਸਵਾਲ ਇਹ ਹੈ ਕਿ ਠੇਕਿਆਂ ’ਤੇ ਵਿਕਣ ਵਾਲੀ ਸ਼ਰਾਬ-ਬੀਅਰ ’ਤੇ ਬੈਚ ਨੰਬਰ ਤੋਂ ਇਲਾਵਾ ਮੈਨੂਫੈਕਚਰਿੰਗ ਡੇਟ, ਐਕਸਪਾਇਰੀ ਡੇਟ ਸਮੇਤ ਸਾਰਾ ਵੇਰਵਾ ਮੌਜੂਦ ਹੁੰਦਾ ਹੈ। ਜੇਕਰ ਕੋਈ ਬੈਚ ਮਿਆਦ ਪੁੱਗਣ ਤੋਂ ਬਾਅਦ ਵੇਚਿਆ ਗਿਆ ਹੈ ਤਾਂ ਜਿਵੇਂ ਹੀ ਉਸ ਬੈਚ ਨੂੰ ਰਿਕਾਰਡ ਵਿਚ ਦਰਜ ਕੀਤਾ ਜਾਵੇ ਤਾਂ ਪੂਰਾ ਵੇਰਵਾ ਮਿਲ ਜਾਣਾ ਚਾਹੀਦਾ ਹੈ ਪਰ ਇਸ ਦੀ ਜਾਂਚ ਕਿਉਂ ਨਹੀਂ ਕੀਤੀ ਜਾਂਦੀ? ਦੂਜਾ ਸਵਾਲ ਇਹ ਹੈ ਕਿ ਸ਼ਰਾਬ ਅਤੇ ਬੀਅਰ ਦੀ ਗੁਣਵੱਤਾ ’ਤੇ ਨਜ਼ਰ ਰੱਖਣ ਲਈ ਆਬਕਾਰੀ ਵਿਭਾਗ ਸਮੇਂ-ਸਮੇਂ ’ਤੇ ਸ਼ਰਾਬ ਦੇ ਠੇਕਿਆਂ ’ਤੇ ਵਿਕਣ ਵਾਲੀ ਸ਼ਰਾਬ ਦੇ ਸੈਂਪਲ ਲੈ ਕੇ ਲੈਬ ਵਿਚ ਸੈਂਪÇਲਿੰਗ ਲਈ ਭੇਜਦਾ ਹੈ। ਅਜਿਹੇ ਵਿਚ ਜੇਕਰ ਸ਼ਰਾਬ ਦੇ ਮਿਆਰੀ ਸੈਂਪਲ ਲਏ ਜਾ ਰਹੇ ਹਨ ਤਾਂ ਮਿਆਦ ਪੁੱਗ ਚੁੱਕੀ ਸਰਾਬ ਬਾਜ਼ਾਰ ਵਿਚ ਕਿਵੇਂ ਵਿਕ ਰਹੀ ਹੈ? ਅਹਿਮ ਸਵਾਲ ਇਹ ਵੀ ਹੈ ਕਿ ਚੰਡੀਗੜ੍ਹ ਆਬਕਾਰੀ ਵਿਭਾਗ ਵਲੋਂ ਸ਼ਰਾਬ ਦੀ ਗੁਣਵੱਤਾ ਸਬੰਧੀ ਲਏ ਗਏ ਸੈਂਪਲਾਂ ਦੀ ਵੀ ਜਾਣਕਾਰੀ ਨਹੀਂ ਹੈ। ਇਸ ਮਾਮਲੇ ਵਿਚ ਵਿਭਾਗ ਤੋਂ ਕਈ ਵਾਰ ਆਰ. ਟੀ. ਆਈ. ਰਾਹੀਂ ਵੀ ਜਾਣਕਾਰੀ ਮੰਗੀ ਗਈ ਹੈ ਪਰ ਵਿਭਾਗ ਦੇ ਅਧਿਕਾਰੀ ਇਸ ’ਤੇ ਚੁੱਪ ਧਾਰੀ ਬੈਠੇ ਹਨ। ਵਿਭਾਗੀ ਪੱਧਰ ’ਤੇ ਇਹੋ ਜਿਹੀਆਂ ਕਈ ਆਰ. ਟੀ. ਆਈ. ਕਈ ਸਾਲਾਂ ਤੋਂ ਪੈਂਡਿਗ ਪਈਆਂ ਹਨ ਪਰ ਅੱਜ ਤਕ ਵਿਭਾਗ ਨੇ ਉਨ੍ਹਾਂ ਦਾ ਕੋਈ ਜਵਾਬ ਨਹੀਂ ਦਿੱਤਾ।
ਇਹ ਵੀ ਪੜ੍ਹੋ : ਮੁਫਤ ਬਿਜਲੀ : ਘਰੇਲੂ ਦਾ ਕਮਰਸ਼ੀਅਲ ਵਰਤੋਂ, ਓਵਰਲੋਡ ਦੇ ਕੇਸਾਂ ’ਚ 4.50 ਲੱਖ ਜੁਰਮਾਨਾ
ਸਿਹਤ ਲਈ ਘਾਤਕ ਪਰ ਐਕਸਾਈਜ਼ ਪਾਲਿਸੀ ’ਚ ਸਿਰਫ਼ ਜੁਰਮਾਨੇ ਦਾ ਨਿਯਮ
ਫੂਡ ਸੇਫ਼ਟੀ ਨਾਲ ਜੁੜੇ ਮਾਹਿਰਾਂ ਮੁਤਾਬਿਕ ਮਿਆਦ ਪੁੱਗ ਚੁੱਕੀ ਬੀਅਰ ਸਿਹਤ ਲਈ ਘਾਤਕ ਹੋ ਸਕਦੀ ਹੈ ਕਿਉਂਕਿ ਮਿਆਦ ਪੁੱਗਣ ਤੋਂ ਬਾਅਦ ਇਸ ਵਿਚ ਬੈਕਟੀਰੀਆ ਦੇ ਵਧਣ ਦਾ ਖਤਰਾ ਰਹਿੰਦਾ ਹੈ। ਇਸ ਨਾਲ ਪੇਟ ਦੀ ਬੀਮਾਰੀ ਹੋ ਸਕਦੀ ਹੈ। ਇਸ ਦੇ ਬਾਵਜੂਦ ਖੁੱਲ੍ਹੇਆਮ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ਼ ਐਕਸਾਈਜ਼ ਪਾਲਿਸੀ ਵਿਚ ਸਿਰਫ਼ ਜੁਰਮਾਨੇ ਦਾ ਨਿਯਮ ਰੱਖਿਅਾ ਗਿਆ ਹੈ। ਪਹਿਲੀ ਵਾਰ ਜੇਕਰ ਕਿਸੇ ਠੇਕੇਦਾਰ ਕੋਲੋਂ ਮਿਆਦ ਪੁੱਗ ਚੁੱਕੀ ਸ਼ਰਾਬ ਜਾਂ ਬੀਅਰ ਫੜ੍ਹੀ ਜਾਂਦੀ ਹੈ ਤਾਂ 50 ਹਜ਼ਾਰ ਰੁਪਏ ਜੁਰਮਾਨੇ ਦਾ ਨਿਯਮ ਹੈ। ਅਧਿਕਾਰੀਆਂ ਵਲੋਂ ਸਮੇਂ-ਸਮੇਂ ’ਤੇ ਸ਼ਰਾਬ ਦੇ ਠੇਕਿਆਂ ਦੀ ਚੈਕਿੰਗ ਕੀਤੀ ਜਾਂਦੀ ਹੈ। ਮਿਆਦ ਪੁੱਗ ਚੁੱਕੀ ਸ਼ਰਾਬ ਅਤੇ ਬੀਅਰ ਵੇਚਣਾ ਗੈਰ-ਕਾਨੂੰਨੀ ਹੈ, ਜਿਸ ਤਹਿਤ ਜੁਰਮਾਨੇ ਦਾ ਨਿਯਮ ਹੈ। ਜਦੋਂ ਵੀ ਇਹੋ ਜਿਹੇ ਮਾਮਲੇ ਵਿਭਾਗ ਦੇ ਧਿਆਨ ਵਿਚ ਆਉਂਦੇ ਹਨ ਤਾਂ ਵਿਭਾਗ ਉਨ੍ਹਾਂ ਠੇਕੇਦਾਰਾਂ ਖਿਲਾਫ਼ ਸਖ਼ਤ ਕਾਰਵਾਈ ਕਰਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਕਿਸੇ ਵਿਸ਼ੇਸ਼ ਜਾਂ ਕਿਸੇ ਇਕਰਾਰਨਾਮੇ ਸਬੰਧੀ ਕੋਈ ਜਾਣਕਾਰੀ ਜਾਂ ਸ਼ਿਕਾਇਤ ਹੋਵੇ ਤਾਂ ਸ਼ਿਕਾਇਤਕਰਤਾ ਵਿਭਾਗ ਵਿਚ ਆ ਕੇ ਸਿੱਧਾ ਸੰਪਰਕ ਵੀ ਕਰ ਸਕਦਾ ਹੈ। ਇਹੋ ਜਿਹੇ ਗੈਰ-ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
-ਸੁਮਿਤ ਸਿਹਾਗ, ਵਧੀਕ ਆਬਕਾਰੀ ਤੇ ਕਰ ਕਮਿਸ਼ਨਰ, ਚੰਡੀਗੜ੍ਹ।
ਇਹ ਵੀ ਪੜ੍ਹੋ : GRP ਨੇ ਰਾਕੇਟ ਹਮਲੇ ਤੋਂ ਬਾਅਦ ਕੈਂਟ ਸਟੇਸ਼ਨ ਦੀ ਸੁਰੱਖਿਆ ਕੀਤੀ ਸਖ਼ਤ, ਸਟੇਸ਼ਨਾਂ ’ਤੇ ਚਲਾਇਆ ਚੈਕਿੰਗ ਅਭਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।