ਨਵਨੀਤ ਚਤੁਰਵੇਦੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਹੰਗਾਮਾ! ਪੰਜਾਬ ਤੇ ਚੰਡੀਗੜ੍ਹ ਪੁਲਸ ਆਹਮੋ-ਸਾਹਮਣੇ

Wednesday, Oct 15, 2025 - 12:17 PM (IST)

ਨਵਨੀਤ ਚਤੁਰਵੇਦੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਹੰਗਾਮਾ! ਪੰਜਾਬ ਤੇ ਚੰਡੀਗੜ੍ਹ ਪੁਲਸ ਆਹਮੋ-ਸਾਹਮਣੇ

ਚੰਡੀਗੜ੍ਹ (ਸੁਸ਼ੀਲ) : ਪੰਜਾਬ ’ਚ ਰਾਜ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਦੇ 10 ਵਿਧਾਇਕਾਂ ਦੇ ਜਾਅਲੀ ਸਾਈਨ ਕਰ ਕੇ ਨਾਮਜ਼ਦਗੀ ਦਾਖ਼ਲ ਕਰਨ ਦੇ ਮਾਮਲੇ ’ਚ ਜੈਪੁਰ ਦੇ ਨਵਨੀਤ ਚਤੁਰਵੇਦੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ ਤੇ ਚੰਡੀਗੜ੍ਹ ਪੁਲਸ ਆਹਮੋ-ਸਾਹਮਣੇ ਹੋ ਗਈ। ਚੰਡੀਗੜ੍ਹ ਪੁਲਸ ਨੇ ਮੰਗਲਵਾਰ ਨੂੰ ਨਾਮਜ਼ਦਗੀ ਦਾਖ਼ਲ ਕਰਨ ਵਾਲੇ ਨਵਨੀਤ ਨੂੰ ਸੁਰੱਖਿਆ ਮੁੱਹਈਆ ਕਰਵਾਈ ਹੋਈ ਸੀ। ਸੁਖ਼ਨਾ ਝੀਲ ਨੇੜੇ ਰੂਪਨਗਰ ਦੇ ਐੱਸ. ਪੀ. ਅਤੇ ਪੁਲਸ ਮੁਲਾਜ਼ਮ ਨਵਨੀਤ ਨੂੰ ਕਾਰ ਤੋਂ ਉਤਾਰਨ ਲੱਗੇ ਤਾਂ ਸੈਕਟਰ-3 ਥਾਣਾ ਇੰਚਾਰਜ ਨਰਿੰਦਰ ਪਟਿਆਲ ਨਾਲ ਬਹਿਸ ਹੋ ਗਈ। ਥਾਣਾ ਇੰਚਾਰਜ ਨੇ ਕਾਰ ਦੀ ਖਿੜਕੀ ਬੰਦ ਕਰ ਲਈ ਅਤੇ ਕਿਹਾ ਕਿ ਨਵਨੀਤ ਉਨ੍ਹਾਂ ਦੀ ਸੁਰੱਖਿਆ ’ਚ ਹੈ। ਪੰਜਾਬ ਪੁਲਸ ਦੇ ਸਾਰੇ ਮੁਲਾਜ਼ਮ ਸਿਵਲ ਡਰੈੱਸ ’ਚ ਸਨ। ਐੱਸ. ਪੀ. ਸਮੇਤ ਮੁਲਾਜ਼ਮਾਂ ਨੇ ਇਨੋਵਾ ਕਾਰ ਦੀ ਘੇਰਾਬੰਦੀ ਕਰ ਲਈ। ਸੁਖਨਾ ਝੀਲ ਨੇੜੇ ਦੋਵੇਂ ਟੀਮਾਂ ਵਿਚਕਾਰ ਬਹਿਸ ਹੋਈ। ਇਸ ਤੋਂ ਬਾਅਦ ਰੂਪਨਗਰ ਅਤੇ ਸੈਕਟਰ-3 ਥਾਣਾ ਇੰਚਾਰਜਾਂ ਨੇ ਇਕ-ਦੂਜੇ ’ਤੇ ਪਿਸਤੌਲ ਤਾਣ ਦਿੱਤੀ। ਸੂਚਨਾ ਮਿਲਦਿਆਂ ਹੀ ਐੱਸ. ਐੱਸ. ਪੀ. ਕੰਵਰਦੀਪ ਕੌਰ ਮੌਕੇ ’ਤੇ ਪਹੁੰਚੇ ਤੇ ਨਵਨੀਤ ਚਤੁਰਵੇਦੀ ਨੂੰ ਆਪਣੇ ਨਾਲ ਸੈਕਟਰ-9 ਪੁਲਸ ਹੈੱਡਕੁਆਰਟਰ ਲੈ ਗਏ। ਚੰਡੀਗੜ੍ਹ ਪੁਲਸ ਦਾ ਕਹਿਣਾ ਸੀ ਕਿ ਉਹ ਮੁਲਾਜ਼ਮਾਂ ਦੀ ਸੁਰੱਖਿਆ ’ਚ ਹੈ। ਇਸ ਲਈ ਦੂਜੀ ਟੀਮ ਨਾਲ ਲੈ ਕੇ ਨਹੀਂ ਜਾ ਸਕਦੀ ਸੀ। ਹੈੱਡਕੁਆਰਟਰ ਬਾਹਰ ਵੀ ਪੁਲਸ ਤਾਇਨਾਤ ਕਰ ਦਿੱਤੀ ਗਈ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਮੁਲਜ਼ਮ ਨੂੰ ਚੰਡੀਗੜ੍ਹ ਦੇ ਡੀ. ਜੀ. ਪੀ. ਦੇ ਨਾਂ ’ਤੇ ਰਜਿਸਟਰਡ ਵਾਹਨ ’ਚ ਘੁੰਮਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਨਵਨੀਤ ਦੇ ਨਾਮਜ਼ਦਗੀ ਰੱਦ ਕਰ ਦਿੱਤੇ ਗਏ ਸਨ। ਰੂਪਨਗਰ ਸਿਟੀ ਥਾਣੇ ’ਚ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : PUNJAB : ਹੈਰਾਨੀਜਨਕ! ਪੁਲਸ ਦੇਖ ਬੰਦੇ ਨੂੰ ਆਇਆ ਹਾਰਟ ਅਟੈਕ, ਮੌਕੇ 'ਤੇ ਹੀ ਹੋ ਗਈ ਮੌਤ
ਲੰਘੀ ਰਾਤ ਨੂੰ ਹੋਇਆ ਸੀ ਮਾਮਲਾ ਦਰਜ
ਲੰਘੀ ਰਾਤ ਨੂੰ ਪੰਜਾਬ ਪੁਲਸ ਨੇ ਨਵਨੀਤ ਚਤੁਰਵੇਦੀ ’ਤੇ ਮਾਮਲਾ ਦਰਜ ਕੀਤਾ ਸੀ ਅਤੇ ਉਸ ਤੋਂ ਬਾਅਦ ਗ੍ਰਿਫ਼ਤਾਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ। ਮੰਗਲਵਾਰ ਨੂੰ ਰੋਪੜ ਪੁਲਸ ਦੀ ਟੀਮ ਮੁਲਜ਼ਮ ਨੂੰ ਫੜ੍ਹਨ ਲਈ ਚੰਡੀਗੜ੍ਹ ਪਹੁੰਚੀ। ਸੁਖਨਾ ਝੀਲ ਨੇੜੇ ਨਵਨੀਤ ਚੰਡੀਗੜ੍ਹ ਪੁਲਸ ਦੀ ਗੱਡੀ ’ਚ ਮੌਜੂਦ ਸੀ। ਸੂਤਰਾਂ ਮੁਤਾਬਕ ਝੀਲ ਨੇੜੇ ਰੂਪਨਗਰ ਪੁਲਸ ਦੇ ਐੱਸ. ਪੀ. ਨੇ ਉਸ ਨੂੰ ਜ਼ਬਰਦਸਤੀ ਗੱਡੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ। ਮੌਕੇ ’ਤੇ ਥਾਣਾ-3 ਦੇ ਇੰਚਾਰਜ ਇੰਸਪੈਕਟਰ ਨਰਿੰਦਰ ਪਟਿਆਲ ਮੌਜੂਦ ਸਨ, ਜਿਨ੍ਹਾਂ ਨੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਪੰਜਾਬ ਪੁਲਸ ਨਹੀਂ ਮੰਨੀ।

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ, 31 ਅਕਤੂਬਰ ਤੱਕ...
ਵਾਰੰਟ ਲੈ ਕੇ ਆਈ ਸੀ ਪੰਜਾਬ ਪੁਲਸ
ਪ੍ਰੈੱਸ ਕਾਨਫਰੰਸ ’ਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਦੱਸਿਆ ਕਿ ਰੂਪਨਗਰ ਪੁਲਸ ਮੁਲਜ਼ਮ ਦੇ ਅਰੈਸਟ ਵਾਰੰਟ ਲੈ ਕੇ ਚੰਡੀਗੜ੍ਹ ਪਹੁੰਚੀ ਸੀ। ਜਦੋਂ ਪੰਜਾਬ ਪੁਲਸ ਚੰਡੀਗੜ੍ਹ ਪਹੁੰਚੀ ਤਾਂ ਉਹ ਵਿਅਕਤੀ ਸਕੱਤਰੇਤ ਤੋਂ ਨਿਕਲ ਕੇ ਸੁਖਨਾ ਝੀਲ ਵੱਲ ਚਲਾ ਗਿਆ। ਫਿਰ ਚੰਡੀਗੜ੍ਹ ਪੁਲਸ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਉਸ ਨੂੰ ਬਚਾਉਣ ਲਈ ਪਹੁੰਚ ਗਈ। ਚੰਡੀਗੜ੍ਹ ਪੁਲਸ ਉਸ ਨੂੰ ਲਾਲ ਬੱਤੀ ਵਾਲੀ ਗੱਡੀ ’ਚ ਲੈ ਕੇ ਗਈ। ਜਾਂਚ ਦੌਰਾਨ ਉਹ ਗੱਡੀ ਚੰਡੀਗੜ੍ਹ ਦੇ ਡੀ. ਜੀ. ਪੀ. ਦੇ ਨਾਂ ’ਤੇ ਰਜਿਸਟਰਡ ਮਿਲੀ। ਚੰਡੀਗੜ੍ਹ ਪੁਲਸ ਉਸ ਨੂੰ ਸਟੇਟ ਗੈਸਟ ਵਾਂਗ ਘੁੰਮਾ ਰਹੀ ਹੈ।
ਫਰਜ਼ੀ ਦਸਤਖ਼ਤ ਦਾ ਇੰਝ ਹੋਇਆ ਖ਼ੁਲਾਸਾ
ਨਵਨੀਤ ਨੇ ਰਾਜ ਸਭਾ ਲਈ 6 ਅਤੇ 13 ਅਕਤੂਬਰ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਉਸ ਨੇ ਖ਼ੁਦ ਨੂੰ ਜਨਤਾ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਦੱਸਿਆ। ਪੰਜਾਬ ਦੇ 10 ਵਿਧਾਇਕਾਂ ਦੀਆਂ ਮੋਹਰਾਂ ਬਣਵਾ ਕੇ ਅਤੇ ਫਰਜੀ ਦਸਤਖ਼ਤ ਕਰ ਕੇ ਖ਼ੁਦ ਨੂੰ ਪ੍ਰਸਤਾਵਕ ਐਲਾਨ ਕੀਤਾ। ਉਸ ਨੇ ਦਾਅਵਾ ਕੀਤਾ ਸੀ ਕਿ ਪੰਜਾਬ ’ਚ 69 ਵਿਧਾਇਕ ਸਮਰਥਨ ਕਰ ਰਹੇ ਹਨ ਅਤੇ ਅੰਦਰਖਾਤੇ ਉਸ ਨਾਲ ਹਨ। ਸੋਸ਼ਲ ਮੀਡੀਆ ’ਤੇ ਵਿਵਾਦ ਖੜ੍ਹਾ ਹੋਣ ਤੋਂ ਬਾਅਦ ਵਿਧਾਇਕਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਜਾਂਚ ਤੋਂ ਬਾਅਦ ਨਵਨੀਤ ਖ਼ਿਲਾਫ਼ਮਾਮਲਾ ਦਰਜ ਕੀਤਾ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News