ਮਹਿੰਗੀ ਬਿਜਲੀ ਖ਼ਿਲਾਫ਼ ''ਆਪ'' ਨੇ ਸੂਬੇ ਭਰ ''ਚ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਮੰਗ-ਪੱਤਰ

01/01/2020 12:59:21 AM

ਚੰਡੀਗੜ੍ਹ,(ਸ਼ਰਮਾ)-ਪੰਜਾਬ 'ਚ ਵਾਰ-ਵਾਰ ਵਧਾਈਆਂ ਜਾ ਰਹੀਆਂ ਬਿਜਲੀ ਦਰਾਂ ਵਿਰੁੱਧ ਆਮ ਆਦਮੀ ਪਾਰਟੀ (ਆਪ) ਪੰਜਾਬ ਦੀਆਂ ਸਮੂਹ ਜ਼ਿਲਾ ਇਕਾਈਆਂ ਨੇ ਆਪਣੇ-ਆਪਣੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਨੂੰ ਮੰਗ-ਪੱਤਰ ਸੌਂਪੇ ਹਨ। ਪਾਰਟੀ ਦੀ ਮੁੱਖ ਮੰਗ ਹੈ ਕਿ ਪਿਛਲੀ ਬਾਦਲ ਸਰਕਾਰ ਵੱਲੋਂ ਸਰਕਾਰੀ ਥਰਮਲ ਪਲਾਂਟਾਂ ਦੀ ਬਲੀ ਦੇ ਕੇ ਨਿੱਜੀ ਥਰਮਲ ਪਲਾਂਟਾਂ ਨਾਲ ਕੀਤੇ ਗਏ ਮਾਰੂ ਅਤੇ ਇਕਪਾਸੜ ਬਿਜਲੀ ਖ਼ਰੀਦ ਸਮਝੌਤੇ (ਪੀ.ਪੀ.ਏਜ਼) ਰੱਦ ਕੀਤੇ ਜਾਣ। ਇਸ ਲਈ ਆਮ ਆਦਮੀ ਪਾਰਟੀ ਨੇ ਆਪਣੇ ਮੰਗ-ਪੱਤਰ ਵਿਚ 2017 ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੇ ਮੈਨੀਫੈਸਟੋ ਦੇ ਪੰਨਾ ਨੰਬਰ 96, 97 ਅਤੇ 98 ਦਾ ਵਿਸ਼ੇਸ਼ ਤੌਰ 'ਤੇ ਹਵਾਲਾ ਦਿੱਤਾ ਹੈ, ਜਿਸ ਵਿਚ ਨਿੱਜੀ ਥਰਮਲ ਕੰਪਨੀਆਂ ਨਾਲ ਕੀਤੇ ਸਮਝੌਤੇ ਰੱਦ ਕਰਨ ਅਤੇ ਪਾਵਰਕਾਮ ਦੀ ਪਿਛਲੇ 5 ਸਾਲਾਂ ਦੀ ਕਾਰਗੁਜ਼ਾਰੀ ਦਾ ਆਡਿਟ ਕਰਵਾਉਣ ਸਮੇਤ ਕੁੱਲ 10 ਵਾਅਦੇ ਕੀਤੇ ਗਏ ਸਨ।
'ਆਪ' ਦਾ ਦੋਸ਼ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ 'ਚ ਕੀਤੇ ਇਨ੍ਹਾਂ 10 ਵਾਅਦਿਆਂ 'ਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ, ਜਿਸ ਕਾਰਨ ਨਿੱਜੀ ਬਿਜਲੀ ਕੰਪਨੀਆਂ ਦੇ ਦਬਾਅ ਹੇਠ ਵਾਰ-ਵਾਰ ਬਿਜਲੀ ਮਹਿੰਗੀ ਕੀਤੀ ਜਾ ਰਹੀ ਹੈ। ਬਿਜਲੀ ਮੋਰਚੇ ਦੀ ਕਮਾਨ ਸੰਭਾਲ ਰਹੇ ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਬਿਜਲੀ ਨੀਤੀ ਤੋਂ ਸਬਕ ਲੈਣ ਦੀ ਜ਼ਰੂਰਤ ਹੈ ਕਿਉਂਕਿ ਪਿਛਲੇ 5 ਸਾਲਾਂ 'ਚ ਉੱਥੇ ਬਿਜਲੀ ਮਹਿੰਗੀ ਹੋਣ ਦੀ ਥਾਂ ਸਸਤੀ ਹੋਈ ਹੈ।

ਉਨ੍ਹਾਂ ਕਿਹਾ ਕਿ ਨਵੇਂ ਸਾਲ 2020 ਦੇ ਪਹਿਲੇ ਹਫ਼ਤੇ 'ਚ ਪੰਜਾਬ ਸਰਕਾਰ ਬਿਜਲੀ ਸਸਤੀ ਕਰਨ ਲਈ ਠੋਸ ਕਦਮ ਨਹੀਂ ਉਠਾਉਂਦੀ ਤਾਂ ਆਮ ਆਦਮੀ ਪਾਰਟੀ (ਆਪ) ਪੰਜਾਬ 7 ਜਨਵਰੀ ਨੂੰ 'ਆਪ' ਲੀਡਰਸ਼ਿਪ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਦੀ ਚੰਡੀਗੜ੍ਹ ਸਥਿਤ ਕੋਠੀ ਦਾ ਘਿਰਾਓ ਕਰਨ ਲਈ ਮਜਬੂਰ ਹੋਵੇਗੀ। ਮੀਤ ਹੇਅਰ ਦੀ ਅਗਵਾਈ ਹੇਠ ਬਰਨਾਲਾ, ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਦੀ ਅਗਵਾਈ ਹੇਠ ਹੁਸ਼ਿਆਰਪੁਰ, ਜ਼ਿਲਾ ਪ੍ਰਧਾਨ ਰਾਜਵੰਤ ਸਿੰਘ ਘੁੱਲੀ ਦੀ ਅਗਵਾਈ ਹੇਠ ਸੰਗਰੂਰ, ਜ਼ਿਲਾ ਪ੍ਰਧਾਨ ਨਵਦੀਪ ਸਿੰਘ ਜੀਦਾ ਦੀ ਅਗਵਾਈ ਹੇਠ ਬਠਿੰਡਾ ਵਿਖੇ ਮੰਗ-ਪੱਤਰ ਸੌਂਪੇ ਗਏ।


Related News