ਕਣਕ ਦੀ ਬਿਜਾਈ ਲਈ ਸੁਪਰ ਸੀਡਰ ਮਸ਼ੀਨ ਨਾਲ ਬੀਜਿਆ ਗਿਆ ਪ੍ਰਦਰਸ਼ਨੀ ਪਲਾਟ

11/22/2019 6:07:37 PM

ਜਲੰਧਰ—ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ ਵੱਲੋਂ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਜ਼ਿਲੇ ਭਰ 'ਚ ਖੇਤੀ ਮਸ਼ੀਨਾਂ ਦੀ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ। ਇਸ ਲੜੀ ਅਧੀਨ ਸੁਪਰ ਸੀਡਰ ਮਸ਼ੀਨ ਦੇ ਸਫਲ ਵਿਖਾਵੇ ਜ਼ਿਲੇ 'ਚ ਕਰਨ ਦਾ ਮਕਸਦ ਜਿੱਥੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਪ੍ਰਤੀ ਜਾਗਰੂਕ ਕਰਨਾ ਹੈ, ਉੱਥੇ ਕਿਸਾਨਾਂ ਨੂੰ ਇਸ ਮਸ਼ੀਨ ਰਾਹੀਂ ਸਫਲਤਾ ਪੂਰਵਕ ਪਰਾਲ ਜ਼ਮੀਨ 'ਚ ਵਹਾਉਂਦੇ ਹੋਏ ਦਿਖਾਉਣਾ ਵੀ ਹੈ।

ਡਾ. ਨਾਜਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਆਖਿਆ ਹੈ ਕਿ ਇਸ ਮਸ਼ੀਨ ਦੀ ਕੀਮਤ ਲਗਭਰ 2.15 ਲੱਖ ਰੁਪਏ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਨ ਸਿੱਟੂ ਸਕੀਮ ਅਧੀਨ ਇਸ ਮਸ਼ੀਨ 'ਤੇ 50 ਫੀਸਦੀ ਸਬਸਿਡੀ ਵੀ ਦਿੱਤੀ ਗਈ ਹੈ। ਜ਼ਿਲਾ ਜਲੰਧਰ 'ਚ ਲਗਭਗ 40 ਕਿਸਾਨਾਂ ਨੇ ਇਸ ਸੁਪਰ ਸੀਡਰ ਮਸ਼ੀਨ ਦੀ ਖਰੀਦ ਕਰ ਲਈ ਹੈ ਅਤੇ ਇਸ ਤਕਨੀਕ ਰਾਹੀਂ ਲਗਭਗ 2000 ਏਕੜ ਕਣਕ ਦਾ ਰਕਬਾ ਵੀ ਬੀਜਿਆ ਜਾ ਚੁੱਕਾ ਹੈ। ਉਨ੍ਹਾਂ ਅੱਗੇ ਕਿਹਾ ਹੈ ਕਿ ਵਿਭਾਗ ਵੱਲੋਂ ਪ੍ਰਾਪਤ ਬਜਟ ਅਨੁਸਾਰ ਕੱਢੇ ਗਏ ਲਾਟਰੀ ਡਰਾਅ ਰਾਹੀਂ 20 ਕਿਸਾਨਾਂ ਨੂੰ ਸਬਸਿਡੀ ਦੀ ਰਾਸ਼ੀ ਰੀਲੀਜ਼ ਕਰਨ ਹਿੱਤ ਕੇਸ ਜਲਦੀ ਭੇਜਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਹੈ ਕਿ ਸਰਕਾਰ ਵੱਲੋਂ ਸੁਪਰ ਸੀਡਰ ਮਸ਼ੀਨਾਂ ਚਲਾਉਣ ਲਈ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਰਾਹੀਂ ਮਸ਼ੀਨਾਂ ਉਪਲੱਬਧ ਕਰਵਾਉਣ ਅਤੇ ਮਸ਼ੀਨਰੀ ਸੇਵਾ ਸੈਂਟਰਾਂ ਨੂੰ ਸਥਾਪਿਤ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਕਿਸਾਨਾਂ ਨੂੰ ਸੁਪਰਸੀਡਰ ਚਲਾ ਕੇ ਕਣਕ ਦੀ ਬਿਜਾਈ ਬਾਰੇ ਪ੍ਰਦਰਸ਼ਨੀ ਲਗਾਉਂਦੇ ਹੋਏ ਅੱਜ ਪਿੰਡ ਢੱਕ ਮਜਾਰਾ ਬਲਾਕ ਫਿਲੌਰ ਵਿਖੇ 5 ਏਕੜ ਰਕਬੇ 'ਚ ਸ਼੍ਰੀ ਗਿਰਦਾਵਰ ਸਿੰਘ ਦੇ ਖੇਤਾਂ 'ਚ ਮਸ਼ੀਨ ਚਲਾ ਕੇ ਦਿਖਾਈ ਗਈ। ਡਾ. ਨਾਜਰ ਸਿੰਘ ਨੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਤੋਂ ਪਹਿਲਾਂ ਬੀਜ ਦੀ ਸੋਧ ਕਰਨ ਦੀ ਵੀ ਬੇਨਤੀ ਕੀਤੀ ।

PunjabKesari

ਇੰਜ. ਨਵਦੀਪ ਸਿੰਘ ਸਹਾਇਕ ਖੇਤੀਬਾੜੀ ਜਲੰਧਰ ਨੇ ਜਾਣਕਾਰੀ ਦਿੱਤੀ ਕਿ ਸੁਪਰ ਅੇਸ ਅੇਮ ਨਾਲ ਝੋਨੇ ਦੀ ਕਟਾਈ ਤੋਂ ਬਾਅਦ ਸੁਪਰ ਸੀਡਰ ਮਸ਼ੀਨ ਨਾਲ ਝੋਨੇ ਦੇ ਖੱੜੇ ਮੱਢਾਂ 'ਚ ਕਣਕ ਦੀ ਬਿਜਾਈ ਸਹਿਜੇ ਹੀ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਮਸ਼ੀਨ ਰੋਟਾਵੇਟਰ, ਮਲਚਰ ਅਤੇ ਹੈਪੀ ਸੀਡਰ ਦਾ ਇਕੱਠਾ ਸੁਮੇਲ ਹੈ ਅਤੇ ਕਿਸਾਨ ਇਸ ਮਸ਼ੀਨ ਰਾਹੀਂ ਝੋਨੇ ਦੀ ਵਾਢੀ ਤੋਂ ਬਾਅਦ ਸਾਰੇ ਕੰਮ ਸਮੇਂ ਸਿਰ ਕਰਦੇ ਹੋਏ ਕਣਕ ਦੀ ਬਿਜਾਈ ਕਰ ਸਕਦੇ ਹਨ। ਇਸ ਮੌਕੇ 'ਤੇ ਇਲਾਕੇ ਦੇ ਕਿਸਾਨਾਂ ਨੂੰ ਸੁਪਰ ਸੀਡਰ ਤੋਂ ਇਲਾਵਾ ਹੈਪੀ ਸੀਡਰ , ਐੱਮ.ਬੀ.ਪਲਾਓ, ਮਲਚਰ ਆਦਿ ਮਸ਼ੀਨਾਂ ਬਾਰੇ ਵੀ ਦੱਸਿਆ ਗਿਆ ਹੈ।

ਡਾ. ਨਰੇਸ਼ ਕੁਮਾਰ ਗੁਲਾਟੀ ਖੇਤੀਬਾੜੀ ਅਫਸਰ ਨੇ ਦੱਸਿਆ ਹੈ ਕਿ ਇਸ ਪਰਾਲੀ ਨੂੰ ਮਸ਼ੀਨਾਂ ਰਾਹੀਂ ਖੇਤਾਂ 'ਚ ਦਬਾਉਣ ਨਾਲ ਜ਼ਮੀਨ ਦੀ ਸਿਹਤ ਸੁਧਾਰ ਅਤੇ ਉਪਜਾਉਪਣ 'ਚ ਚੌਖਾ ਵਾਧਾ ਹੁੰਦਾ ਅਤੇ ਜ਼ਮੀਨ ਪੋਲੀ ਰਹਿੰਦੀ ਹੈ। ਮੌਕੇ 'ਤੇ ਹਾਜਰ ਕਿਸਾਨਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਦਿਆ ਹੈ ਕਿ ਭਾਰੀਆਂ ਪੈਲੀਆਂ 'ਚ ਮਸ਼ੀਨਾਂ ਰਾਹੀਂ ਬਿਜਾਈ ਕਰਨ ਉਪਰੰਤ ਹੋਰ ਕਿਸੇ ਮਸ਼ੀਨ ਨੂੰ ਚਲਾਉਣ ਦੀ ਜਰੂਰਤ ਨਹੀਂ ਪੈਂਦੀ ਜਦਕਿ ਹਲਕੀਆਂ ਪੈਲੀਆਂ 'ਚ ਸੁਪਰ ਸੀਡਰ ਚਲਾਉਣ ਉਪਰੰਤ ਹਲਕਾ ਸੁਹਾਗਾ ਚਲਾਉਣ ਨਾਲ ਕਣਕ ਦਾ ਜੰਮ ਵਧੀਆ ਹੁੰਦਾ ਹੈ।

ਇਸ ਮੌਕੇ 'ਤੇ ਡਾ. ਲਖਬੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਫਿਲੌਰ ਨੇ ਜਾਣਕਾਰੀ ਦਿੱਤੀ ਕਿ ਇਸ ਮਸ਼ੀਨ ਨਾਲ ਸਿਰਫ 2000 ਤੋਂ 2500 ਰੁਪਏ ਪ੍ਰਤੀ ਏਕੜ ਦੇ ਖਰਚੇ ਨਾਲ ਕਣਕ ਦੀ ਬਿਜਾਈ ਕਰ ਸਕਦੇ ਹਾਂ ਪਰ ਜੇਕਰ ਕਿਸੇ ਹੋਰ ਖੇਤੀ ਦੇ ਤਰੀਕਿਆਂ ਨਾਲ ਪਰਾਲੀ ਨੂੰ ਖੇਤ 'ਚ ਦਬਾਉਣਾ ਹੋਵੇ ਅਤੇ ਕਣਕ ਦੀ ਕਾਸ਼ਤ ਕਰਨੀ ਹੋਵੇ ਤਾਂ 6500 ਰੁਪਏ ਤੱਕ ਦਾ ਖਰਚਾ ਵੀ ਕਿਸਾਨਾਂ ਨੂੰ ਝੱਲਣਾ ਪੈਂਦਾ ਹੈ। ਢੱਕ ਮਾਜਰਾ ਅਤੇ ਲਸਾੜਾ ਤੋਂ ਸ. ਬਲਜੀਤ ਸਿੰਘ, ਸ. ਮਨਜੀਤ ਸਿੰਘ, ਬੂਟਾ ਸਿੰਘ ਨੰਬਰਦਾਰ  ਨੇ ਸੁਪਰ ਸੀਡਰ ਮਸ਼ੀਨ ਦੀ ਮਦਦ ਨਾਲ ਤਕਰੀਬਨ 125 ਏਕੜ ਆਪਣੀ ਕਣਕ ਬੀਜਣ ਦਾ ਵਾਅਦਾ ਕੀਤਾ ਅਤੇ ਹੋਰ ਵੀ ਇਲਾਕੇ ਦੇ ਲੋੜਵੰਦ ਕਿਸਾਨਾਂ ਨੂੰ ਇਸ ਮਸ਼ੀਨ ਨਾਲ ਕਣਕ ਦੀ ਬਿਜਾਈ ਕਰਨ ਦਾ ਯਕੀਨ ਵੀ ਦਿਵਾਇਆ ਗਿਆ। ਇਸ ਮੌਕੇ ਸ਼੍ਰੀ ਰਮੇਸ਼ ਚੰਦਰ, ਸ਼੍ਰੀ ਸੁਖਪਾਲ ਸਿੰਘ ਵੀ ਮੌਜੂਦ ਸਨ।
ਮੁੱਖ ਖੇਤੀਬਾੜੀ ਅਫਸਰ
ਜਲੰਧਰ।


Iqbalkaur

Content Editor

Related News