ਚੰਡੀਗੜ੍ਹ ਤੋਂ ਲਿਆਂਦੀ ਸ਼ਰਾਬ ਦੀਆਂ 143 ਪੇਟੀਆਂ ਬਰਾਮਦ
Friday, Jun 29, 2018 - 07:40 AM (IST)

ਜਲੰਧਰ, (ਗੁਲਸ਼ਨ, ਰਵਿੰਦਰ)- ਜੀ. ਐੱਸ. ਟੀ. ਅਤੇ ਐਕਸਾਈਜ਼ ਵਿਭਾਗ ਵਲੋਂ ਟੈਕਸ ਦੀ ਚੋਰੀ ਤੇ ਸ਼ਰਾਬ ਦੀ ਸਮੱਗਲਿੰਗ ਰੋਕਣ ਲਈ ਨਾਕਾਬੰਦੀ ਕੀਤੀ ਜਾ ਰਹੀ ਹੈ। ਇਸ ਸਿਲਸਿਲੇ ਵਿਚ ਜੀ. ਐੱਸ. ਟੀ. ਦੇ ਮੋਬਾਇਲ ਵਿੰਗ ਦੇ ਜੁਆਇੰਟ ਡਾਇਰੈਕਟਰ ਐੱਚ. ਪੀ. ਐੱਸ. ਘੋਤਰਾ, ਏ. ਈ. ਟੀ. ਸੀ. ਦਲਬੀਰ ਰਾਜ ਕੌਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਟੇਟ ਟੈਕਸ ਆਫੀਸਰ ਦਵਿੰਦਰ ਸਿੰਘ ਪੰਨੂ ਵਲੋਂ ਫਿਲੌਰ ਨੇੜੇ ਤੜਕੇ 3.30 'ਤੇ ਨਾਕਾ ਲਾਇਆ ਗਿਆ।
ਉਨ੍ਹਾਂ ਨਾਕੇ 'ਤੇ ਇਕ ਜੀਪ ਨੂੰ ਰੋਕਿਆ ਤੇ ਉਸ ਵਿਚ ਚੰਡੀਗੜ੍ਹ ਦੀਆਂ 143 ਪੇਟੀਆਂ ਸ਼ਰਾਬ ਦੀਆਂ ਬਰਾਮਦ ਹੋਈਆਂ। ਚੈਕਿੰਗ ਦੌਰਾਨ ਡਰਾਈਵਰ ਜੀਪ ਛੱਡ ਕੇ ਫਰਾਰ ਹੋ ਗਿਆ।
ਸੰਪਰਕ ਕਰਨ 'ਤੇ ਸ਼੍ਰੀ ਪੰਨੂ ਨੇ ਦੱਸਿਆ ਕਿ ਸ਼ਰਾਬ ਨੂੰ ਸਣੇ ਜੀਪ ਕਬਜ਼ੇ ਵਿਚ ਲੈ ਕੇ ਜਲੰਧਰ ਲਿਆਂਦਾ ਗਿਆ। ਹੁਣ ਇਸ ਨੂੰ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਹਵਾਲੇ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸ਼ਰਾਬ ਦੀ ਸਮੱਗਲਿੰਗ ਅਤੇ ਟੈਕਸ ਚੋਰੀ ਰੋਕਣ ਲਈ ਪੂਰੀ ਤਰ੍ਹਾਂ ਸਖਤੀ ਵਰਤੀ ਜਾ ਰਹੀ ਹੈ। ਇਸ ਮੌਕੇ ਇੰਸਪੈਕਟਰ ਕੁਲਵਿੰਦਰ ਸਿੰਘ, ਏ. ਐੱਸ. ਆਈ. ਭਜਨ ਸਿੰਘ, ਵਰਿੰਦਰ ਕੁਮਾਰ ਅਤੇ ਸੁਖਵਿੰਦਰ ਸਿੰਘ ਆਦਿ ਵੀ ਮੌਜੂਦ ਸਨ।