ਸੋਸ਼ਲ ਮੀਡੀਆ ਜ਼ਰੀਏ ਭਾਲ ਕਰਕੇ 3600 ਯੂਰੋ ਕਰੰਸੀ ਤੇ ਜ਼ਰੂਰੀ ਕਾਗਜ਼ਾਤ ਵਾਪਸ ਕੀਤੇ (ਵੀਡੀਓ)

06/24/2018 6:57:49 PM

ਹੁਸ਼ਿਆਰਪੁਰ (ਅਮਰਿੰਦਰ)— ਅਜੋਕੇ ਸਮੇਂ 'ਚ ਸਮਾਜ ਵਿਚ ਕੁਝ ਚੰਗੇ ਅਤੇ ਈਮਾਨਦਾਰ ਵਿਅਕਤੀ ਵੀ ਹਨ, ਜਿਨ੍ਹਾਂ ਦੀ ਬਦੌਲਤ ਸਮਾਜ ਅੱਗੇ ਵੱਧ ਰਿਹਾ ਹੈ। ਈਮਾਨਦਾਰੀ ਦੀ ਮਿਸਾਲ ਪੇਸ਼ ਕਰਦੇ ਹੋਏ ਪ੍ਰਮੁੱਖ ਸਮਾਜ ਸੇਵੀ ਸ਼ਾਮ ਨਰੂਲਾ ਨੇ ਸ਼ਹਿਰ ਦੇ ਨਾਲ ਲਗਦੇ ਪਿੰਡ ਬਜਵਾੜਾ ਦੇ ਹਰਭਜਨ ਸਿੰਘ ਦਾ ਗੁਆਚਾ ਹੋਇਆ ਪਰਸ ਵਾਪਸ ਕੀਤਾ। ਪਰਸ 'ਚ ਨਾ ਸਿਰਫ 3600 ਯੂਰੋ ਸਨ ਸਗੋਂ ਜ਼ਰੂਰੀ ਕਾਗਜ਼ਾਤ ਵੀ ਸਨ। ਵਰਨਣਯੋਗ ਹੈ ਕਿ ਸਾਲ 2010 ਵਿਚ ਘੰਟਾਘਰ ਚੌਕ 'ਚ ਇਕ ਸਕੂਟਰ ਦੀ ਡਿੱਕੀ 'ਚੋਂ ਉੱਡਾਏ ਲੱਖਾਂ ਰੁਪਏ ਤੋਂ ਇਲਾਵਾ ਪਿਛਲੇ ਸਾਲ ਦੁਬਈ ਤੋਂ ਪਰਤੇ ਇਕ ਵਿਅਕਤੀ ਦਾ ਕਰੀਬ 6.50 ਲੱਖ ਰੁਪਏ ਵਾਪਸ ਕਰਕੇ ਸ਼ਾਮ ਨਰੂਲਾ ਪਹਿਲਾਂ ਹੀ ਉਦਾਹਰਣ ਪੇਸ਼ ਕਰ ਚੁੱਕੇ ਹਨ। 
ਕੀ ਹੈ ਮਾਮਲਾ
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਸ਼ਾਮ ਸ਼ਹਿਰ ਦੇ ਬੱਸ ਸਟੈਂਡ ਦੇ ਨਾਲ ਲਗਦੇ ਪੀਰ ਮੱਦੀਸ਼ਾਹ ਬਾਜ਼ਾਰ 'ਚ ਇਕ ਵਿਅਕਤੀ ਦਾ ਅਚਾਨਕ ਪਰਸ ਗਾਇਬ ਹੋ ਗਿਆ ਜੋ ਕਿ ਬਾਜ਼ਾਰ ਦੇ ਸੰਜੇ ਬੈਲਟ ਦੇ ਮਾਲਕ ਸੰਜੀਵ ਨੂੰ ਮਿਲਿਆ। ਸੰਜੀਵ ਨੇ ਉਸ ਪਰਸ ਨੂੰ ਸਮਾਜ ਸੇਵੀ ਸ਼ਾਮ ਨਰੂਲਾ ਨੂੰ ਸੌਂਪ ਦਿੱਤਾ, ਜਿਸ ਵਿਚ 3600 ਯੂਰੋ (ਕਰੀਬ 2.50 ਲੱਖ ਦੀ ਭਾਰਤੀ ਕਰੰਸੀ) ਸੀ। 
ਇੰਟਰਨੈੱਟ ਜ਼ਰੀਏ ਹੋਈ ਭਾਲ ਸ਼ੁਰੂ
ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਸ਼ਾਮ ਨਰੂਲਾ ਨੇ ਇੰਟਰਨੈੱਟ ਦੇ ਜ਼ਰੀਏ ਹਰਭਜਨ ਸਿੰਘ ਦੀ ਭਾਲ ਕਰ ਲਈ। ਉਨ੍ਹਾਂ ਦੱਸਿਆ ਕਿ ਯੂਰੋ ਕਰੰਸੀ ਹੋਣ ਅਤੇ ਕਾਰਡ 'ਤੇ ਡੀ (ਡੱਚ) ਲਿਖੇ ਹੋਣ ਕਾਰਨ ਤੈਅ ਸੀ ਕਿ ਹਰਭਜਨ ਜਰਮਨ ਵਿਚ ਰਹਿੰਦਾ ਹੋਵੇਗਾ। ਜਦੋਂ ਇੰਟਰਨੈੱਟ ਜ਼ਰੀਏ ਹਰਭਜਨ ਸਿੰਘ ਦਾ ਨਾਂ ਸਚਰ ਕੀਤਾ ਤਾਂ ਇਸ ਵਿਚੋਂ ਇਕ ਨਾਂ ਬਜਵਾੜਾ ਦਾ ਨਿੱਕਲਿਆ। ਉਨ੍ਹਾਂ ਨੇ ਅਰੋੜਾ ਕਲੋਨੀ 'ਚ ਰਹਿਣ ਵਾਲੀ ਰਿਸ਼ਤੇਦਾਰ ਸੁਸ਼ਮਾ ਰਾਣੀ ਨੂੰ ਇਹ ਜ਼ਿੰਮੇਂਵਾਰੀ ਸੌਂਪੀ, ਜਿਸ ਨੂੰ ਪਤਾ ਲੱਗਾ ਕਿ ਬਜਵਾੜਾ ਦੇ ਰਹਿਣ ਵਾਲੇ ਹਰਭਜਨ ਦਾ ਹੀ ਪਰਸ ਗੁੰਮ ਹੋਇਆ ਹੈ। ਸ਼ਨੀਵਾਰ ਉਕਤ ਪਰਸ ਕਰੰਸੀ ਅਤੇ ਲੋੜੀਂਦੇ ਕਾਗਜ਼ਤਾਂ ਸਮੇਤ ਹਰਭਜਨ ਸਿੰਘ ਨੂੰ ਵਾਪਸ ਕਰਦੇ ਹੋਏ ਈਮਾਨਦਾਰੀ ਦੀ ਮਿਸਾਲ ਕਾਇਮ ਕੀਤੀ। 
ਸ਼ੁੱਕਰਵਾਰ ਨੂੰ ਹੀ ਵਾਪਸ ਆਇਆ ਸੀ ਜਰਮਨੀ ਤੋਂ 
ਬਜਵਾੜਾ ਪਿੰਡ 'ਚ ਹਰਭਜਨ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਾਲਾਂ ਤੋਂ ਜਰਮਨੀ 'ਚ ਰਹਿੰਦਾ ਹੈ। ਉਹ ਸ਼ੁੱਕਰਵਾਰ ਨੂੰ ਹੀ ਜਰਮਨੀ ਤੋਂ ਪਿੰਡ ਆਉਣ 'ਤੇ ਸ਼ਾਮ ਦੇ ਸਮੇਂ ਯੂਰੋ ਕਰੰਸੀ ਬਦਲਵਾਉਣ ਲਈ ਪੀਰ ਮੱਦੀ ਸ਼ਾਹ ਬਾਜ਼ਾਰ ਗਿਆ ਸੀ। ਜਦੋਂ ਮਨੀ ਐਕਸਚੇਂਜਰ ਦੇ ਕੋਲ ਪਹੁੰਚਿਆਂ ਤਾਂ ਉਸ ਨੇ ਦੇਖਿਆ ਕਿ ਉਸ ਦਾ ਪਰਸ ਗਾਇਬ ਸੀ। ਭਗਵਾਨ ਅਤੇ ਸ਼ਾਮ ਲਾਲ ਦਾ ਧੰਨਵਾਦ ਕਰਦੇ ਹੋਏ ਉਸ ਨੇ ਕਿਹਾ ਕਿ ਦੁਨੀਆ 'ਚ ਸ਼ਾਮ ਨਰੂਲਾ ਵਰਗੇ ਵੀ ਈਮਾਨਦਾਰੀ ਆਦਮੀ ਹਨ, ਜਿਸ ਦੇ ਕਾਰਨ ਉਸ ਨੂੰ ਉਸ ਦਾ ਖੋਹਿਆ ਹੋਇਆ ਪਰਸ ਮਿਲਿਆ।


Related News