ਗੁਰਦਾਸਪੁਰ ’ਚ ਵੱਡੀ ਵਾਰਦਾਤ, ਸਾਬਕਾ ਫੌਜੀ ਨੂੰ ਕਤਲ ਕਰਨ ਤੋਂ ਬਾਅਦ ਘਰ ਨੇੜੇ ਸੁੱਟੀ ਲਾਸ਼
Sunday, May 22, 2022 - 12:58 PM (IST)
 
            
            ਬਟਾਲਾ(ਜ.ਬ., ਯੋਗੀ, ਅਸ਼ਵਨੀ): ਸਾਬਕਾ ਫੌਜੀ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਘਰ ਨੇੜੇ ਸੜਕ ਕਿਨਾਰੇ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਮਨਦੀਪ ਸਿੰਘ (35) ਪੁੱਤਰ ਬਾਵਾ ਸਿੰਘ ਵਾਸੀ ਪਿੰਡ ਭੰਗਵਾਂ ਦੇ ਭਰਾ ਅਮਰੀਕ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਮਨਦੀਪ ਸਿੰਘ ਫੌਜ ਵਿਚ ਨੌਕਰੀ ਕਰਦਾ ਸੀ ਅਤੇ ਰਿਟਾਇਰ ਹੋ ਚੁੱਕਿਆ ਸੀ। ਰਿਟਾਇਰ ਹੋਣ ਤੋਂ ਬਾਅਦ ਉਹ ਚੰਡੀਗੜ੍ਹ ਵਿਖੇ ਪ੍ਰਾਈਵੇਟ ਨੋਕਰੀ ਕਰਨ ਲੱਗ ਗਿਆ ਸੀ। ਅਮਰੀਕ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਵੱਲੋਂ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਕਿ ਸੜਕ ਕਿਨਾਰੇ ਕਿਸੇ ਨੌਜਵਾਨ ਦੀ ਲਾਸ਼ ਪਈ ਹੋਈ ਹੈ। ਉਨ੍ਹਾਂ ਵੱਲੋਂ ਜਦੋਂ ਮੌਕੇ ’ਤੇ ਜਾ ਕੇ ਦੇਖਿਆ ਗਿਆ ਤਾਂ ਉਹ ਲਾਸ਼ ਉਸ ਦੇ ਭਰਾ ਮਨਦੀਪ ਸਿੰਘ ਦੀ ਸੀ। ਅਮਰੀਕ ਸਿੰਘ ਨੇ ਪੁਲਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਮਨਦੀਪ ਦਾ ਕਿਸੇ ਨੇ ਕਤਲ ਕਰਕੇ ,ਉਸਦੀ ਲਾਸ਼ ਨੂੰ ਘਰ ਨੇੜੇ ਸੜਕ ਕਿਨਾਰੇ ਸੁੱਟਿਆ ਹੈ। ਉਨ੍ਹਾਂ ਪੁਲਸ ਅਧਿਕਾਰੀਆਂ ਦੇ ਕੋਲੋਂ ਮੰਗ ਕੀਤੀ ਕਿ ਮਨਦੀਪ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ।
ਇਹ ਵੀ ਪੜ੍ਹੋ- ਜਲੰਧਰ: ਰੇਡ ਕਰਨ ਗਈ ਪੁਲਸ ਨੂੰ ਦੇਖ ਕੇ ਭੱਜਿਆ ਮੁਲਜ਼ਮ ਦਾ ਪਿਤਾ, ਕਾਬੂ ਕਰਨ 'ਤੇ ਮਿਲੀ ਹੈਰੋਇਨ
ਜਾਣਕਾਰੀ ਮੁਤਾਬਕ ਘਟਨਾ ਦੀ ਸੂਚਨਾ ਮਿਲਦਿਆਂ ਹੀ ਡਾੱਗ ਸਕੂਐਡ ਦੀ ਟੀਮ ਦੇ ਏ.ਐੱਸ.ਆਈ ਗੁਰਨਾਮ ਸਿੰਘ ਅਤੇ ਏ.ਐੱਸ.ਆਈ ਜਵਾਹਰ ਲਾਲ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਨਾਲ ਪੈਂਦੇ ਥਾਵਾਂ ਦੀ ਜਾਂਚ ਕੀਤੀ। ਉਧਰ ਦੂਜੇ ਪਾਸੇ ਫਿੰਗਰ ਪ੍ਰਿੰਟ ਐਕਸਪਰਟ ਦੀਆਂ ਟੀਮਾਂ ਜਿਸ ਵਿਚ ਏ. ਐੱਸ. ਆਈ ਹਰਪ੍ਰੀਤ ਸਿੰਘ ਤੇ ਸ਼ਮਸ਼ੇਰ ਸਿੰਘ ਵੱਲੋਂ ਲਾਸ਼ ਦੇ ਆਸਪਾਸ ਤੋਂ ਫਿੰਗਰ ਪ੍ਰਿੰਟਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਬਣਦੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਪੁਲਸ ਥਾਣਾ ਕਾਦੀਆਂ ਦੇ ਐੱਸ.ਐੱਚ.ਓ ਸੁਖਰਾਜ ਸਿੰਘ ਅਤੇ ਡੀ.ਐੱਸ.ਪੀ ਕਾਦੀਆਂ ਜਤਿੰਦਰਪਾਲ ਸਿੰਘ ਵੱਲੋਂ ਪੁਲਸ ਫੋਰਸ ਸਮੇਤ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਦੇ ਭਰਾ ਅਮਰੀਕ ਸਿੰਘ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤਿਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਫਿਲਹਾਲ ਅਗੇਲਰੀ ਬਣਦੀ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤੀ ਹੈ।
ਇਹ ਵੀ ਪੜ੍ਹੋ- ਨਸ਼ਾ ਸਮੱਗਲਰ ਨੂੰ ਛੱਡਣ ਦੀ ਸਿਫ਼ਾਰਸ਼ ਕਰਨੀ ਨਾਮੀ ਆਗੂ ਨੂੰ ਪਈ ਮਹਿੰਗੀ, ਪੁਲਸ ਅਧਿਕਾਰੀ ਨੇ ਸਿਖਾਇਆ ਸਬਕ
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            