ਪੰਜਾਬੀ ਡਰਾਈਵਰ ਦੇ ਮੁਅੱਤਲ ਹੋਣ ਪਿੱਛੋਂ ਭਾਰਤੀ ਡਰਾਈਵਰਾਂ ਖਿਲਾਫ ਹੋ ਰਹੀਆਂ ਨਸਲੀ ਟਿੱਪਣੀਆਂ

Thursday, Aug 01, 2019 - 09:59 PM (IST)

ਪੰਜਾਬੀ ਡਰਾਈਵਰ ਦੇ ਮੁਅੱਤਲ ਹੋਣ ਪਿੱਛੋਂ ਭਾਰਤੀ ਡਰਾਈਵਰਾਂ ਖਿਲਾਫ ਹੋ ਰਹੀਆਂ ਨਸਲੀ ਟਿੱਪਣੀਆਂ

ਮੈਲਬਰਨ - ਇਕ ਪੰਜਾਬੀ ਟਰੱਕ ਚਾਲਕ ਨੂੰ ਉਸ ਦੇ“ਜ਼ੋਖ਼ਮ ਭਰੇ ਅਤੇ ਨਾ-ਸਵੀਕਾਰਯੋਗ ਵਿਵਹਾਰ ਲਈ ਕੰਮ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਡਰਾਈਵਰ ਨੇ ਟਰੱਕ ਚਲਾਉਂਦਿਆਂ ਆਪਣੇ ਰਿਕਾਰਡ ਕੀਤੇ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਸਾਂਝਾ ਕੀਤਾ ਸੀ। ਹਾਲਾਂਕਿ, ਸੋਸ਼ਲ ਮੀਡੀਆ 'ਤੇ ਇਸ ਘਟਨਾ ਅਤੇ ਟਰੱਕ ਚਾਲਕ ਦੀ ਨਿੰਦਾ ਹੋ ਰਹੀ ਹੈ ਪਰ ਇਸ ਵਰਤਾਰੇ ਦੇ ਚਲਦਿਆਂ ਇਕ ਫੇਸਬੁੱਕ ਪੇਜ 'ਤੇ ਕੀਤੀਆਂ ਕੁਝ ਨਸਲਭੇਦੀ ਟਿੱਪਣੀਆਂ 'ਤੇ ਭਾਰਤੀ ਭਾਈਚਾਰੇ ਵੱਲੋਂ ਚਿੰਤਾ ਦਾ ਇਜ਼ਹਾਰ ਕੀਤਾ ਗਿਆ ਹੈ।
ਇਕ ਚੈਨਲ ਵੱਲੋਂ ਪ੍ਰਕਾਸ਼ਿਤ ਵੀਡੀਓ ਫੁਟੇਜ 'ਚ ਦਿਖਾਇਆ ਗਿਆ ਹੈ ਕਿ ਇਕ ਭਾਰਤੀ ਟਰੱਕ-ਚਾਲਕ ਨੇ 'ਅਣਗਹਿਲੀ' ਭਰੇ ਤਰੀਕੇ ਨਾਲ ਟਰੱਕ ਚਲਾਉਂਦਿਆਂ ਆਪਣਾ ਖੁਦ ਦਾ ਫਿਲਮਾਂਕਣ ਕੀਤਾ ਹੈ।

ਸ਼ੋਸ਼ਲ ਮੀਡੀਆ ਦੇ ਜ਼ਰੀਏ ਉਸ ਵੱਲੋਂ ਸਾਂਝੀਆਂ ਕੀਤੀਆਂ ਕੁਝ ਵੀਡੀਓਜ਼ 'ਚ ਉਹ ਪੰਜਾਬੀ ਗਾਣੇ ਸੁਣ ਰਿਹਾ ਸੀ। ਵੀਡੀਓ 'ਚ ਇਕ ਹੋਰ ਮੌਕੇ 'ਤੇ, ਉਸ ਨੇ ਪੁਲਸ ਰੈਂਡਮ ਬਰਥ ਟੈਸਟਿੰਗ ਯੂਨਿਟ ਨੂੰ ਪਾਸ ਕਰਨ ਦੌਰਾਨ ਵੀ ਆਪਣੇ ਆਪ ਨੂੰ ਫਿਲਮਾਇਆ ਅਤੇ ਇਸ ਦੀ ਫੁਟੇਜ ਸੋਸ਼ਲ ਮੀਡੀਏ 'ਤੇ ਸਾਂਝੀ ਕੀਤੀ। ਇਹ ਖੁਲਾਸਾ ਹੋਇਆ ਹੈ ਕਿ ਇਹ ਪੰਜਾਬੀ ਡਰਾਈਵਰ ਉਸੇ ਟਰੱਕਾਂ ਦੀ ਕੰਪਨੀ, ਵੈੱਟਨਹੈਲਸ ਲਈ ਕੰਮ ਕਰਦਾ ਹੈ ਜੋ ਪਿਛਲੇ ਹਫ਼ਤੇ ਮੈਲਬਰਨ ਦੇ ਮੋਨਾਸ਼ ਫ੍ਰੀਵੇਅ 'ਤੇ ਇਕ ਹਾਦਸੇ ਲਈ ਜ਼ਿੰਮੇਵਾਰ ਟਰੱਕ ਦੀ ਮਾਲਕ ਹੈ। ਕੰਪਨੀ ਨੇ ਜਾਰੀ ਮੀਡੀਆ ਬਿਆਨ 'ਚ ਆਖਿਆ ਹੈ ਕਿ ਉਨ੍ਹਾਂ ਦੀ ਕੰਪਨੀ ਟਰੱਕ ਸਿਖਲਾਈ ਲਈ ਡਰਾਈਵਰਾਂ 'ਤੇ ਖਾਸ ਧਿਆਨ ਦਿੰਦੀ ਹੈ।

ਉਨ੍ਹਾਂ ਕਿਹਾ ਕਿ ਇਹ ਸਪਸ਼ੱਟ ਨਹੀਂ ਹੋ ਸਕਿਆ ਕਿ ਘਟਨਾ ਮੌਕੇ ਇਹ ਡਰਾਈਵਰ ਉਨ੍ਹਾਂ ਦਾ ਹੀ ਟਰੱਕ ਚਲਾ ਰਿਹਾ ਸੀ ਤਾਂ ਇਸ ਸਬੰਧੀ ਬਣਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਤੁਰੰਤ ਪ੍ਰਭਾਵ ਤੋਂ ਇਸ ਡਰਾਈਵਰ ਨੂੰ ਕੰਮ ਕਰਨ ਤੋਂ ਰੋਕ ਦਿੱਤਾ ਗਿਆ ਹੈ। ਇਕ ਚੈਨਲ ਵੱਲੋਂ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਸਾਂਝੀ ਕਰਨ ਪਿੱਛੋਂ ਇਸ 'ਤੇ 3000 ਤੋਂ ਵੀ ਜ਼ਿਆਦਾ ਕੁਮੈਂਟ ਵੇਖਣ ਨੂੰ ਮਿਲੇ ਹਨ। ਪੰਜਾਬੀ ਭਾਈਚਾਰੇ ਦੇ ਇਕ ਨੁਮਾਇੰਦੇ ਅਤੇ 15-ਸਾਲਾਂ ਤੋਂ ਟਰੱਕਾਂ ਦੇ ਕਾਰੋਬਾਰ ਨਾਲ ਜੁੜੇ ਅਮਰ ਸਿੰਘ ਨੇ ਇਸ ਵਰਤਾਰੇ ਨੂੰ ਨਿਰਾਸ਼ਾਪੂਰਨ ਦੱਸਿਆ ਹੈ। ਸਾਡੇ ਭਾਈਚਾਰੇ ਦੇ ਲੋਕ ਵੀ ਇਸ ਡਰਾਈਵਰ ਦੀ ਅਣਗਹਿਲੀ ਦੀ ਨਿੰਦਾ ਕਰ ਰਹੇ ਹਨ। ਗਲਤ ਨੂੰ ਗਲਤ ਆਖ ਰਹੇ ਹਨ ਪਰ ਇਕ ਚੈਨਲ ਦੇ ਸੋਸ਼ਲ ਮੀਡੀਆ ਪੇਜ ਜ਼ਰੀਏ ਕੁਝ ਲੋਕ ਇਸ ਗੱਲ ਦੀ ਆੜ 'ਚ ਸਾਡੇ ਭਾਈਚਾਰੇ ਦੇ ਸਾਰੇ ਡਰਾਈਵਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਮੀਡੀਆ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਅਸੱਭਿਅਕ ਅਤੇ ਨਸਲਭੇਦੀ ਟਿੱਪਣੀਆਂ ਨੂੰ ਡਿਲੀਟ ਕਰਨ ਕਿਉਂਕਿ ਇਹੋ ਜਿਹੀਆਂ ਗੱਲਾਂ ਭਾਈਚਾਰਿਆਂ 'ਚ ਫਿੱਕ ਪਾਉਣ ਅਤੇ ਨਫਰਤ ਫੈਲਾਉਣ ਦਾ ਕੰਮ ਕਰਦੀਆਂ ਹਨ।


author

Khushdeep Jassi

Content Editor

Related News