ਹਾਈ ਅਲਰਟ 'ਤੇ ਪੂਰਾ Chandigarh, ਰਾਤ ਨੂੰ ਘਰ ਨਹੀਂ ਜਾਣਗੇ ਥਾਣਾ ਇੰਚਾਰਜ, ਹੋਰ ਵੀ ਸਖ਼ਤ ਹੁਕਮ ਜਾਰੀ

Friday, Jan 17, 2025 - 11:20 AM (IST)

ਹਾਈ ਅਲਰਟ 'ਤੇ ਪੂਰਾ Chandigarh, ਰਾਤ ਨੂੰ ਘਰ ਨਹੀਂ ਜਾਣਗੇ ਥਾਣਾ ਇੰਚਾਰਜ, ਹੋਰ ਵੀ ਸਖ਼ਤ ਹੁਕਮ ਜਾਰੀ

ਚੰਡੀਗੜ੍ਹ (ਸੁਸ਼ੀਲ) : ਸਾਊਥ ਡਵੀਜ਼ਨ ਦੇ ਪੁਲਸ ਥਾਣੇ ’ਚ ਬੰਬ ਧਮਾਕਾ ਹੋਵੇਗਾ। ਅਟੈਕ ਰਾਤ 12 ਵਜੇ ਤੋਂ ਸਵੇਰੇ 4 ਵਜੇ ਦੇ ਵਿਚਕਾਰ ਕੀਤਾ ਜਾਵੇਗਾ। ਇਹ ਧਮਕੀ ਵਿਦੇਸ਼ ’ਚ ਬੈਠੇ ਅੱਤਵਾਦੀ ਸੰਗਠਨ ਬੱਬਰ ਖ਼ਾਲਸਾ ਦੇ ਅੱਤਵਾਦੀ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸ਼ੀਆ ਨੇ ਚੰਡੀਗੜ੍ਹ ਪੁਲਸ ਨੂੰ ਦਿੱਤੀ ਹੈ। ਸਾਊਥ ਡਵੀਜ਼ਨ ਥਾਣੇ ਬੰਬ ਨਾਲ ਉਡਾਉਣ ਸਬੰਧੀ ਆਈ. ਬੀ. ਨੇ ਵੀ ਚੰਡੀਗੜ੍ਹ ਪੁਲਸ ਨੂੰ ਅਲਰਟ ਕੀਤਾ ਹੈ। ਅੱਤਵਾਦੀ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸ਼ੀਆ ਚੰਡੀਗੜ੍ਹ ਦੇ ਸੈਕਟਰ-10 ਸਥਿਤ ਕੋਠੀ ’ਤੇ ਹੈਂਡ ਗ੍ਰਨੇਡ ਨਾਲ ਹਮਲਾ ਕਰਵਾ ਚੁੱਕਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਊਥ ਡਵੀਜ਼ਨ ਦੇ ਸਾਰੇ ਥਾਣਿਆਂ ਦੇ ਬਾਹਰ ਨਾਕੇਬੰਦੀ ਕਰ ਦਿੱਤੀ ਗਈ ਹੈ। ਥਾਣਿਆਂ ਦੇ ਬਾਹਰ ਲੱਗੇ ਨਾਕਿਆਂ ’ਤੇ ਪੁਲਸ ਸ਼ੱਕੀ ਵਿਅਕਤੀਆਂ ਨੂੰ ਰੁਕਣ ਨਹੀਂ ਦੇ ਰਹੀ। ਪੁਲਸ ਦੋਪਹੀਆ ਵਾਹਨ ਸਵਾਰਾਂ ’ਤੇ ਖ਼ਾਸ ਨਜ਼ਰ ਰੱਖ ਰਹੀ ਹੈ। ਅੱਤਵਾਦੀ ਨੇ 26 ਜਨਵਰੀ ਤੋਂ ਪਹਿਲਾਂ ਇਸ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਹੈ। ਉੱਚ ਅਧਿਕਾਰੀਆਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਾਰੇ ਥਾਣਾ ਇੰਚਾਰਜਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਸਾਊਥ ਡਵੀਜ਼ਨ ’ਚ ਸੈਕਟਰ-31, 34, 36, 39, 49 ਅਤੇ ਮਲੋਆ ਥਾਣਾ ਆਉਂਦੇ ਹਨ। ਇਨ੍ਹਾਂ ਥਾਣਿਆਂ ਦੇ ਗੇਟਾਂ ਕੋਲ ਸੜਕ ਦੇ ਦੋਵੇਂ ਪਾਸੇ ਬੈਰੀਕੇਡ ਲਗਾ ਕੇ ਨਾਕੇ ਲਗਾਏ ਗਏ ਹਨ। ਇਸ ਤੋਂ ਇਲਾਵਾ ਪੀ. ਸੀ. ਆਰ. ਅਤੇ ਥਾਣਾ ਇੰਚਾਰਜ ਦੀ ਗੱਡੀ ਤਾਇਨਾਤ ਕੀਤੀ ਜਾਵੇਗੀ। ਐੱਸ. ਐੱਸ. ਪੀ. ਕੰਵਰਦੀਪ ਕੌਰ ਨੇ ਰਾਤ 10 ਵਜੇ ਤੋਂ ਸਵੇਰੇ 7 ਵਜੇ ਤੱਕ ਸਾਊਥ ਡਵੀਜ਼ਨ ਦੇ ਸਾਰੇ ਨਾਕਿਆਂ ’ਤੇ 10-10 ਪੁਲਸ ਮੁਲਾਜ਼ਮ ਤਾਇਨਾਤ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਥਾਣੇ ਦੇ ਅੰਦਰ 10-10 ਪੁਲਸ ਮੁਲਾਜ਼ਮ ਚੌਕਸ ਰਹਿਣਗੇ। ਥਾਣਿਆਂ ਦੇ ਬਾਹਰ ਨਾਕੇ ’ਤੇ ਸਾਰੇ ਜਵਾਨ ਹਥਿਆਰਾਂ ਨਾਲ ਲੈਸ ਹੋਣਗੇ।

ਇਹ ਵੀ ਪੜ੍ਹੋ : ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ! ਜਾਣੋ ਕਿਉਂ ਜਾਰੀ ਹੋਏ ਹੁਕਮ
ਸਾਰੇ ਥਾਣਾ ਅਤੇ ਚੌਂਕੀ ਇੰਚਾਰਜ ਰਾਤ ਨੂੰ ਰਹਿਣਗੇ ਥਾਣਿਆਂ ’ਚ
ਅੱਤਵਾਦੀ ਸੰਗਠਨ ਬੱਬਰ ਖਾਲਸਾ ਨਾਲ ਜੁੜੇ ਅੱਤਵਾਦੀ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸ਼ੀਆ ਵੱਲੋਂ ਥਾਣਿਆਂ ’ਚ ਬੰਬ ਧਮਾਕੇ ਦੀ ਧਮਕੀ ਮਿਲਣ ਤੋਂ ਬਾਅਦ ਪੁਲਸ ਚੌਕਸ ਹੋ ਗਈ ਹੈ। ਡੀ. ਜੀ. ਪੀ. ਸੁਰਿੰਦਰ ਸਿੰਘ ਯਾਦਵ ਨੇ ਸਾਰੇ ਥਾਣਾ ਇੰਚਾਰਜਾਂ ਨੂੰ ਰਾਤ ਸਮੇਂ ਇਲਾਕੇ ’ਚ ਅਤੇ ਥਾਣੇ ’ਚ ਰਹਿਣ ਦੇ ਹੁਕਮ ਦਿੱਤੇ ਹਨ। ਕੋਈ ਵੀ ਥਾਣਾ ਜਾਂ ਚੌਂਕੀ ਇੰਚਾਰਜ ਰਾਤ ਨੂੰ ਆਪਣੇ ਘਰ ਨਹੀਂ ਜਾਵੇਗਾ। ਥਾਣਾ ਇੰਚਾਰਜ ਘਰ ਜਾ ਕੇ ਰਾਤ ਦਾ ਖਾਣਾ ਖਾ ਸਕਣਗੇ। ਇਸ ਤੋਂ ਇਲਾਵਾ ਸਵੇਰੇ ਘਰ ਜਾ ਕੇ ਖਾਣਾ ਖਾ ਕੇ ਵਾਪਸ ਥਾਣੇ ’ਚ ਰਿਪੋਰਟ ਕਰਨੀ ਹੋਵੇਗੀ।

ਇਹ ਵੀ ਪੜ੍ਹੋ : ਪਿੰਡਾਂ ਦੇ ਗੁਰੂਘਰਾਂ 'ਚ ਹੋ ਰਹੀ ਅਨਾਊਂਸਮੈਂਟ, ਪੰਜਾਬੀ ਘਰੋਂ ਨਿਕਲਣ ਤੋਂ ਡਰਨ ਲੱਗੇ, ਪੜ੍ਹੋ ਪੂਰੀ ਖ਼ਬਰ
ਐੱਨ. ਆਈ. ਏ. ਦੀ ਜਾਂਚ ’ਚ ਹੈਪੀ ਪਾਸ਼ੀਆ ਦੀ ਭੂਮਿਕਾ ਉਜਾਗਰ
ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਪਿਛਲੇ ਸਾਲ ਚੰਡੀਗੜ੍ਹ ਦੇ ਸੈਕਟਰ-10 ਵਿਚ ਹੋਏ ਹੈਂਡ ਗ੍ਰਨੇਡ ਧਮਾਕੇ ਦੇ ਮਾਮਲੇ ’ਚ ਹੈਪੀ ਪਾਸ਼ੀਆ ’ਤੇ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। 11 ਸਤੰਬਰ 2024 ਨੂੰ ਸੈਕਟਰ-10 ਦੀ ਕੋਠੀ ਨੰਬਰ 575 ਵਿਚ ਹੈਂਡ ਗ੍ਰਨੇਡ ਨਾਲ ਧਮਾਕਾ ਹੋਇਆ ਸੀ। ਇਸ ਘਟਨਾ ਤੋਂ ਬਾਅਦ ਹੈਪੀ ਪਾਸ਼ੀਆ ਨੇ ਸੋਸ਼ਲ ਮੀਡੀਆ ’ਤੇ ਇਸ ਦੀ ਜ਼ਿੰਮੇਵਾਰੀ ਲਈ ਸੀ। ਇਹ ਅੱਤਵਾਦੀ ਮੂਲ ਰੂਪ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਪਿੰਡ ਪਾਸ਼ੀਆ ਦਾ ਵਸਨੀਕ ਹੈ ਅਤੇ ਮੌਜੂਦਾ ਸਮੇਂ ’ਚ ਅਮਰੀਕਾ ਵਿਚ ਰਹਿ ਰਿਹਾ ਹੈ।
ਪੰਜਾਬ ’ਚ ਪੁਲਸ ਥਾਣਿਆਂ ’ਚ ਧਮਾਕੇ ਤੋਂ ਬਾਅਦ ਥਾਣਿਆਂ ਦੇ ਗੇਟਾਂ ’ਤੇ ਬਣਾਈ ਸੀ ਪੋਸਟ
ਹੈਪੀ ਪਾਸ਼ੀਆ ਨੇ ਪੰਜਾਬ ਦੇ ਵੱਖ-ਵੱਖ ਪੁਲਸ ਥਾਣਿਆਂ ’ਚ ਬੰਬ ਧਮਾਕੇ ਕਰਵਾਏ ਸਨ। ਇਸ ਤੋਂ ਬਾਅਦ ਚੰਡੀਗੜ੍ਹ ਪੁਲਸ ਨੇ ਹਰ ਥਾਣੇ ਦੇ ਗੇਟ ’ਤੇ ਸਪੈਸ਼ਲ ਸੰਤਰੀ ਪੋਸਟ ਬਣਵਾਈ ਸੀ। ਇਸ ਤੋਂ ਇਲਾਵਾ ਰੇਤ ਦੀਆਂ ਬੋਰੀਆਂ ਵੀ ਰੱਖੀਆਂ ਸਨ। ਉਸ ਸਮੇਂ ਵੀ ਪੁਲਸ ਨੂੰ ਬੰਬ ਧਮਾਕੇ ਹੋਣ ਸਬੰਧੀ ਅਲਰਟ ਮਿਲਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


 


author

Babita

Content Editor

Related News