ਇਮੀਗ੍ਰੇਸ਼ਨ ਕੰਪਨੀ ਦੇ ਡਾਇਰੈਕਟਰ ਸੰਧੂ ’ਤੇ ਕੇਸ ਦਰਜ

Monday, Jul 30, 2018 - 06:39 AM (IST)

ਇਮੀਗ੍ਰੇਸ਼ਨ ਕੰਪਨੀ ਦੇ ਡਾਇਰੈਕਟਰ ਸੰਧੂ ’ਤੇ ਕੇਸ ਦਰਜ

ਚੰਡੀਗਡ਼੍ਹ, (ਸੁਸ਼ੀਲ)- ਵਿਦੇਸ਼ ਮੰਤਰਾਲੇ ਦੇ ਹੁਕਮਾਂ ’ਤੇ ਇਮੀਗ੍ਰੇਸ਼ਨ ਕੰਪਨੀ ਡਬਲਿਊ. ਡਬਲਿਊ. ਆਈ. ਸੀ. ਐੱਸ. ਦੇ ਡਾਇਰੈਕਟਰ ਕਰਨਲ ਬੀ. ਐੱਸ. ਸੰਧੂ ’ਤੇ ਪੁਲਸ ਨੇ ਇਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ। ਡਾਇਰੈਕਟਰ ਵਲੋਂ ਸੈਕਟਰ-22 ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕੀਤਾ ਜਾ ਰਿਹਾ ਸੀ। ਕੇਸ ਸੈਕਟਰ-49 ਨਿਵਾਸੀ ਸਮਾਜ ਸੇਵੀ ਪ੍ਰਦੀਪ ਸ਼ਰਮਾ ਦੀ ਸ਼ਿਕਾਇਤ ’ਤੇ ਦਰਜ ਹੋਇਆ ਹੈ।  
ਸੈਕਟਰ-17 ਥਾਣਾ ਪੁਲਸ ਨੇ ਸੰਧੂ ’ਤੇ ਇਮੀਗ੍ਰੇਸ਼ਨ ਐਕਟ-1983 ਦੀ ਧਾਰਾ 10 ਤੇ 24 ਤਹਿਤ ਕੇਸ ਦਰਜ ਕੀਤਾ ਹੈ। ਸੈਕਟਰ-49 ਸਥਿਤ ਪੀ. ਐੱਨ. ਬੀ.  ਹਾਊਸਿੰਗ ਸੁਸਾਇਟੀ ਨਿਵਾਸੀ ਸਮਾਜ ਸੇਵੀ ਪ੍ਰਦੀਪ ਸ਼ਰਮਾ ਨੇ ਕੁਝ ਸਮਾਂ ਪਹਿਲਾਂ ਵਿਦੇਸ਼ ਮੰਤਰਾਲੇ ਨੂੰ ਸ਼ਿਕਾਇਤ ਦਿੱਤੀ ਸੀ ਕਿ ਡਬਲਿਊ. ਡਬਲਿਊ. ਆਈ. ਸੀ. ਐੱਸ. ਦੇ ਡਾਇਰੈਕਟਰ ਕਰਨਲ ਬੀ. ਐੱਸ. ਸੰਧੂ ਲੋਕਾਂ ਨੂੰ ਵਿਦੇਸ਼ ਭੇਜਣ ਦਾ ਗੈਰ-ਕਾਨੂੰਨੀ ਰੂਪ ਨਾਲ ਕੰਮ ਕਰ ਰਿਹਾ ਹੈ। ਉਸ ਨੇ ਦਫ਼ਤਰ ਸੈਕਟਰ-22 ਸਥਿਤ ਸ਼ੋਰੂਮ ਨੰਬਰ-2415-16 ਵਿਚ ਖੋਲ੍ਹਿਆ ਹੋਇਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਸੰਧੂ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗਦਾ ਵੀ ਹੈ। ਉਸ ਦੇ ਕੋਲ ਇਮੀਗ੍ਰੇਸ਼ਨ ਕੰਪਨੀ ਚਲਾਉਣ ਦੀ ਇਜਾਜ਼ਤ ਵੀ ਨਹੀਂ ਹੈ। ਪ੍ਰਦੀਪ ਸ਼ਰਮਾ ਦੀ ਸ਼ਿਕਾਇਤ ਨੂੰ ਵਿਦੇਸ਼ ਮੰਤਰਾਲੇ ਨੇ ਗੰਭੀਰਤਾ ਨਾਲ ਲਿਆ ਤੇ ਗੈਰ-ਕਾਨੂੰਨੀ ਤੌਰ ’ਤੇ ਇਮੀਗ੍ਰੇਸ਼ਨ ਕੰਪਨੀ ਚਲਾਉਣ ਵਾਲੇ ਡਾਇਰੈਕਟਰ ’ਤੇ ਕੇਸ ਦਰਜ ਕਰਨ ਦੇ ਚੰਡੀਗਡ਼੍ਹ ਪੁਲਸ ਨੂੰ ਹੁਕਮ  ਦਿੱਤੇ। ਸੈਕਟਰ-17 ਥਾਣਾ ਇੰਚਾਰਜ ਮਨਿੰਦਰ ਸਿੰਘ ਨੇ ਦੱਸਿਆ ਕਿ ਸੰਧੂ ’ਤੇ ਕੇਸ ਦਰਜ ਕਰਨ ਲਈ ਵਿਦੇਸ਼ ਮੰਤਰਾਲੇ ਵਲੋਂ ਹੁਕਮ ਆਏ ਸਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
 


Related News