ਭਾਰੀ ਮਾਤਰਾ ’ਚ ਪਨੀਰ ਤੇ  ਨਕਲੀ ਮਿਲਕ ਪਾਊਡਰ ਬਰਾਮਦ

Thursday, Aug 30, 2018 - 03:16 AM (IST)

ਭਾਰੀ ਮਾਤਰਾ ’ਚ ਪਨੀਰ ਤੇ  ਨਕਲੀ ਮਿਲਕ ਪਾਊਡਰ ਬਰਾਮਦ

ਗੋਨਿਆਣਾ, (ਗੋਰਾ ਲਾਲ)- ਫੂਡ ਸੇਫਟੀ ਟੀਮ ਨੇ ਬੀਤੀ ਰਾਤ ਗੁਪਤ ਸੂਚਨਾ ਦੇ ਅਾਧਾਰ ’ਤੇ  ਨਜ਼ਦੀਕੀ ਪਿੰਡ ਭੋਖਡ਼ਾ ਵਿਖੇ ਇਕ ਚਿਲਿੰਗ ਸੈਂਟਰ ’ਚ ਛਾਪੇਮਾਰੀ ਕੀਤੀ ਗਈ। 
ਇਸ ਦੌਰਾਨ ਟੀਮ ਨੇ ਮੌਕੇ ’ਤੇ 310 ਕਿੱਲੋ ਪਨੀਰ, 150 ਕਿੱਲੋ  ਨਕਲੀ ਮਿਲਕ ਪਾਊਡਰ ਤੇ ਹੋਰ ਸਾਮਾਨ ਬਰਾਮਦ ਕੀਤਾ। ਉਕਤ ਖਾਧ ਪਦਾਰਥਾਂ ਦੇ ਸੈਂਪਲ ਭਰਨ ਤੋਂ ਬਾਅਦ ਉਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ।  ਇਸ ਤੋਂ ਇਲਾਵਾ ਟੀਮ ਨੇ ਦੇਸੀ ਘਿਉ, ਦਹੀ, ਪਨੀਰ, ਦੁੱਧ ਦੇ 6 ਸੈਂਪਲ ਭਰੇ ਅਤੇ ਖਰਡ਼ ਲੈਬ ਵਿਖੇ ਭੇਜ ਦਿੱਤੇ ਗਏ। 
ਜਾਣਕਾਰੀ ਦਿੰਦਿਆਂ ਸਹਾਇਕ ਫੂਡ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ  ਮਿਲੀ  ਕਿ ਗੋਨਿਆਣਾ ਰੋਡ  ’ਤੇ ਸਥਿਤ  ਇਕ  ਚਿਲਿੰਗ ਸੈਂਟਰ ’ਚ ਨਕਲੀ ਪਨੀਰ ਤਿਆਰ ਕੀਤਾ ਜਾ ਰਿਹਾ ਹੈ। ਸੂਚਨਾ ਦੇ ਆਧਾਰ ’ਤੇ  ਉਨ੍ਹਾਂ ਨੇ ਦੇਰ ਰਾਤ 11 ਵਜੇ ਦੇ ਕਰੀਬ ਉਕਤ ਸੈਂਟਰ ’ਚ ਛਾਪੇਮਾਰੀ ਕੀਤੀ। 
ਉਨ੍ਹਾਂ ਨੇ ਦੱਸਿਆ ਕਿ ਇਸ ਮੌਕੇ ਐੱਸ. ਡੀ. ਐੱਮ. ਰਾਮਪੂਰਾ, ਤਹਿਸੀਲ-ਦਾਰ ਗਿਦਡ਼ਬਾਹਾ, ਐੱਸ. ਡੀ. ਓ. ਬਠਿੰਡਾ ਅਤੇ ਸੰਦੀਪ ਸਿੰਘ ਸੰਧੂ ਫੂਡ ਸੇਫਟੀ ਅਧਿਕਾਰੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਮਿਲਾਵਟਖੋਰਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ। ਫੂਡ ਸੇਫਟੀ ਟੀਮ ਵੱਲੋਂ ਇਨ੍ਹਾਂ ਸੂਚੀਆਂ ਦੇ ਅਾਧਾਰ ’ਤੇ ਰੋਜ਼ਾਨਾ ਚੈਕਿੰਗ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। 
 ਵਿਭਾਗ ਦੇ ਮੁਸਤੈਦ ਹੋਣ ਨਾਲ ਮਿਲਾਵਟਖੋਰਾਂ ’ਚ ਹਡ਼ਕੰਪ
  ਵਿਭਾਗ ਵੱਲੋਂ ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਨਾਲ ਮਿਲਾਵਟਖੋਰਾਂ ’ਚ ਹਡ਼ਕੰਪ ਮਚਿਆ ਹੋਇਆ ਹੈ। ਬੀਤੇ ਦਿਨ ਵੀ ਵਿਭਾਗ ਨੇ ਕੁਝ ਜਗ੍ਹਾ ’ਤੇ ਛਾਪੇਮਾਰੀ ਕਰ ਕੇ ਸੈਂਪਲ ਭਰੇ ਸੀ। 
ਹਾਲਾਂਕਿ ਅਜਿਹੇ ਲੋਕਾਂ ਖਿਲਾਫ ਕਾਰਵਾਈ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਕੀਤੀ ਜਾਂਦੀ ਹੈ ਪਰ ਇਸ ਛਾਪੇਮਾਰੀ ਨਾਲ ਵੀ ਲੋਕਾਂ ਨੂੰ ਰਾਹਤ ਮਿਲਦੀ ਹੈ ਤੇ ਮਿਲਾਵਟੀ ਵਸਤੂਆਂ ਦੀ ਵਿਕਰੀ ਘੱਟ ਹੁੰਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਪੂਰਾ ਸਾਲ ਛਾਪੇਮਾਰੀ  ਤੇ  ਜਾਂਚ  ਜਾਰੀ  ਰੱਖਣੀ  ਚਾਹੀਦੀ  ਹੈ  ਤੇ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।


Related News