ਇੰਗਲੈਂਡ ਭੇਜਣ ਦਾ ਸੁਫ਼ਨਾ ਦਿਖਾ ਖੇਡੀ ਚਾਲ, ਮਾਰੀ 23 ਲੱਖ ਰੁਪਏ ਦੀ ਠੱਗੀ
Saturday, Sep 05, 2020 - 06:28 PM (IST)

ਫਿਰੋਜ਼ਪੁਰ (ਆਨੰਦ) : ਇਕ ਵਿਅਕਤੀ ਦੀ ਨੂੰਹ, ਪੋਤਰੇ ਅਤੇ ਭਤੀਜੇ ਨੂੰ ਇੰਗਲੈਂਡ ਦੇਣ ਦਾ ਝਾਂਸਾ ਦੇ ਕੇ 23 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਪਿੰਡ ਝਤਰਾ ਦੀ ਹੈ। ਇਸ ਮਾਮਲੇ ਦੇ ਸਬੰਧ ਵਿਚ ਥਾਣਾ ਸਦਰ ਜ਼ੀਰਾ ਦੀ ਪੁਲਸ ਨੇ ਦੋ ਔਰਤਾਂ ਸਮੇਤ ਦੋ ਵਿਅਕਤੀਆਂ ਖ਼ਿਲਾਫ਼ 420, 406, 506, 120-ਬੀ ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਇਕ ਦਰਖਾਸਤ ਨੰਬਰ 3484 ਪੀ. ਸੀ. ਮਿਤੀ 4 ਅਕਤੂਬਰ 2019 ਵੱਲੋਂ ਸਵਰਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਝਤਰਾ ਵੱਲੋਂ ਮਿਲੀ ਸੀ ਕਿ ਦੋਸ਼ੀਆਨ ਗੁਰਵਿੰਦਰ ਸਿੰਘ ਬਾਠ ਪੁੱਤਰ ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਅਵਤਾਰ ਸਿੰਘ, ਸਰਬਜੀਤ ਕੌਰ ਪਤਨੀ ਅਵਤਾਰ ਸਿੰਘ ਅਤੇ ਜਸਵੀਰ ਕੌਰ ਪਤਨੀ ਜਗਜੀਤ ਸਿੰਘ ਵਾਸੀ ਪਿੰਡ ਝੰਗੋ ਮਾਝਰਾ ਤਹਿਸੀਲ ਮਲੇਰ ਕੋਟਲਾ ਨੇ ਉਸ ਦੀ ਨੂੰਹ ਸਰਬਜੀਤ ਕੌਰ ਪਤਨੀ ਅਮਨਦੀਪ ਸਿੰਘ, ਪੋਤਰੇ ਜਸ਼ਨਪ੍ਰੀਤ ਸਿੰਘ ਪੁੱਤਰ ਅਮਨਦੀਪ ਸਿੰਘ, ਭਤੀਜੇ ਸੰਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਝਤਰੇ ਨੂੰ ਇੰਗਲੈਂਡ ਭੇਜਣ ਦਾ ਝਾਂਸਾ ਦੇ 23 ਲੱਖ ਰੁਪਏ ਦੀ ਠੱਗੀ ਮਾਰੀ ਹੈ ਅਤੇ ਬਾਹਰ ਨਹੀਂ ਭੇਜਿਆ।
ਇਹ ਵੀ ਪੜ੍ਹੋ : ਦੁਬਈ ਤੋਂ ਅੰਮ੍ਰਿਤਸਰ ਪੁੱਜੀ ਉਡਾਣ 'ਚ ਤਲਾਸ਼ੀ ਦੌਰਾਨ ਹੋਇਆ ਵੱਡਾ ਖੁਲਾਸਾ, ਸੁਰੱਖਿਆ ਏਜੰਸੀਆਂ ਵੀ ਹੈਰਾਨ
ਸਵਰਨ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਨ੍ਹਾਂ ਸਾਰਿਆਂ ਦੇ ਪਾਸਪੋਰਟ ਅਤੇ ਕਾਗਜ਼ ਪੱਤਰ ਖੁਰਦ-ਬੁਰਦ ਕਰ ਦਿੱਤੇ ਹਨ ਅਤੇ ਪਰਮਜੀਤ ਕੌਰ ਪਤਨੀ ਗੁਰਜੰਟ ਸਿੰਘ ਵਾਸੀ ਭਿੰਡਰ ਕਲਾਂ, ਗੁਰਨੂਰ ਸਿੰਘ ਪੁੱਤਰ ਗੁਰਜੰਟ ਸਿੰਘ, ਲਵਪ੍ਰੀਤ ਸਿੰਘ ਪੁੱਤਰ ਕੁਲਵੀਰ ਸਿੰਘ ਵਾਸੀ ਸਰਹਾਲੀ ਜੋ ਕਿ ਉਸ ਦੇ ਰਿਸ਼ਤੇਦਾਰ ਹਨ, ਇਨ੍ਹਾਂ ਦੇ ਵੀ ਪਾਸਪੋਰਟ ਅਤੇ ਸਾਰੇ ਕਾਗਜ਼ ਪੱਤਰ ਉਕਤ ਮੁਲਜ਼ਮਾਂ ਨੇ ਖੁਰਦ-ਬੁਰਦ ਕਰ ਦਿੱਤੇ। ਸਵਰਨ ਸਿੰਘ ਨੇ ਦੱਸਿਆ ਕਿ ਪੈਸੇ ਵਾਪਸ ਮੰਗਣ 'ਤੇ ਉਨ੍ਹਾਂ ਨੂੰ ਪਿਸਤੌਲ ਦਿਖਾ ਕੇ ਧਮਕੀਆਂ ਦਿੰਦੇ ਹਨ ਕਿ ਜੇਕਰ ਰੌਲਾ ਪਾਇਆ ਤਾਂ ਜਾਨੋਂ ਮਾਰ ਦੇਵਾਂਗੇ। ਜਾਂਚ ਕਰਤਾ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਫਿਲਹਾਲ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਨੌਜਵਾਨ ਨੂੰ ਗੋਲੀ ਮਾਰ ਕੇ ਖੋਹੀ ਵਰਨਾ ਕਾਰ, ਪੁਲਸ ਨੇ ਜਾਰੀ ਕੀਤਾ ਅਲਰਟ