ਪਾਵਰਕਾਮ ਵੱਲੋਂ ਤਰੱਕੀਆਂ ''ਚ ਦੇਰੀ ਕਾਰਨ ਇੰਜੀਨੀਅਰਜ਼ ''ਚ ਰੋਸ
Friday, Oct 20, 2017 - 12:43 PM (IST)
ਨੂਰਪੁਰਬੇਦੀ (ਸ਼ਰਮਾ/ ਅਵਿਨਾਸ਼/ ਤਰਨਜੀਤ) - ਕੌਂਸਲ ਆਫ ਜੂਨੀਅਰ ਇੰਜੀਨੀਅਰਜ਼ ਪੰਜਾਬ ਰਾਜ ਬਿਜਲੀ ਬੋਰਡ ਨੇ ਪਾਵਰਕਾਮ ਵਿਚ ਜੂਨੀਅਰ ਇੰਜੀਨੀਅਰਜ਼ ਦੀਆਂ ਬਤੌਰ ਵਧੀਕ ਸਹਾਇਕ ਇੰਜੀਨੀਅਰਜ਼ (ਜੇ.ਈ 1) ਅਤੇ ਸਹਾਇਕ ਇੰਜੀਨੀਅਰਜ਼ ਦੀਆਂ ਤਰੱਕੀਆਂ ਵਿਚ ਹੋ ਰਹੀ ਬੇਲੋੜੀ ਦੇਰੀ ਦਾ ਸਖਤ ਨੋਟਿਸ ਲਿਆ ਹੈ। ਜੇ.ਈ. ਕੌਂਸਲ ਰੋਪੜ ਸਰਕਲ ਦੇ ਪ੍ਰਧਾਨ ਇੰਜ. ਭਾਗ ਸਿੰਘ ਅਤੇ ਜਨਰਲ ਸਕੱਤਰ ਇੰਜ. ਕੁਮਾਰ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਪਾਵਰਕਾਮ ਅਤੇ ਟਰਾਂਸਕੋ ਕੰਪਨੀਆਂ ਵੱਲੋਂ ਬਿਨਾਂ ਆਪਸੀ ਸਹਿਮਤੀ ਬਣਾਏ ਕਈ ਕੇਡਰਾਂ ਦੀ ਰੀਸਟਰੱਕਚਰਿੰਗ ਕਰ ਦਿੱਤੀ ਗਈ ਹੈ, ਜੋ ਤਿੰਨ ਧਿਰੀ ਸਮਝੌਤੇ ਦੀ ਉਲੰਘਣਾ ਹੈ।
ਸਿੱਟੇ ਵੱਜੋਂ ਪਾਵਰਕਾਮ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਤਰੱਕੀਆਂ ਵਿਚ ਰੁਕਾਵਟ ਖੜ੍ਹੀ ਹੋ ਗਈ ਹੈ, ਜਿਸ ਕਰਕੇ ਨੇੜਲੇ ਭਵਿੱਖ ਵਿਚ ਕਈ ਮੁਲਾਜ਼ਮ ਅਤੇ ਅਧਿਕਾਰੀ ਬਿਨਾਂ ਤਰੱਕੀ ਪ੍ਰਾਪਤ ਕੀਤੇ ਸੇਵਾ ਮੁਕਤ ਹੋ ਜਾਣਗੇ। ਇਨ੍ਹਾਂ ਹਾਲਾਤ ਕਰਕੇ ਜੂਨੀਅਰ ਇੰਜੀਨੀਅਰਜ਼ ਕੇਡਰ ਵਿਚ ਰੋਸ ਹੈ।
ਜੇਕਰ ਤਰੱਕੀਆਂ ਜਲਦ ਨਾ ਕੀਤੀਆਂ ਗਈਆਂ ਤਾਂ ਮਜਬੂਰਨ ਜੇ.ਈ. ਕੌਂਸਲ ਨੂੰ ਸੰਘਰਸ਼ ਦੀ ਰਾਹ 'ਤੇ ਜਾਣਾ ਪੈ ਸਕਦਾ ਹੈ। ਸਰਕਲ ਆਗੂਆਂ ਨੇ ਦੱਸਿਆ ਕਿ ਪਾਵਰਕਾਮ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਦੀਵਾਲੀ ਮੌਕੇ ਜੂਨੀਅਰ ਇੰਜੀਨੀਅਰਜ਼ ਕੇਡਰ ਨੂੰ ਤਰੱਕੀਆਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ।
