ਖੰਨਾ: ਪੁਲਸ ਦਾ ਬਦਮਾਸ਼ਾਂ ਨਾਲ ਹੋ ਗਿਆ ਮੁਕਾਬਲਾ, ਚੱਲੀਆਂ ਤਾੜ-ਤਾੜ ਗੋਲੀਆਂ

Saturday, Dec 27, 2025 - 11:49 PM (IST)

ਖੰਨਾ: ਪੁਲਸ ਦਾ ਬਦਮਾਸ਼ਾਂ ਨਾਲ ਹੋ ਗਿਆ ਮੁਕਾਬਲਾ, ਚੱਲੀਆਂ ਤਾੜ-ਤਾੜ ਗੋਲੀਆਂ

ਖੰਨਾ (ਬਿਪਨ ਭਾਰਦਵਾਜ) - ਖੰਨਾ ਦੇ ਦੋਰਾਹਾ ਇਲਾਕੇ ਵਿੱਚ ਪੁਲਸ ਅਤੇ ਅਪਰਾਧੀਆਂ ਦਰਮਿਆਨ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਸ ਨੇ ਜਵਾਬੀ ਕਾਰਵਾਈ ਕਰਦਿਆਂ ਇੱਕ ਦੋਸ਼ੀ ਦੀ ਲੱਤ ਵਿੱਚ ਗੋਲੀ ਮਾਰ ਕੇ ਉਸਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਦੋਸ਼ੀ ਦੀ ਪਛਾਣ ਇੰਦਰਜੀਤ ਸਿੰਘ ਬੁਈ ਵਜੋਂ ਹੋਈ ਹੈ। ਜ਼ਖ਼ਮੀ ਦੋਸ਼ੀ ਨੂੰ ਇਲਾਜ ਲਈ ਸਿਵਲ ਹਸਪਤਾਲ ਪਾਇਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ 24 ਦਸੰਬਰ ਦੀ ਰਾਤ ਨੂੰ ਦੋਰਾਹਾ ਦੇ ਪਿੰਡ ਰਾਜਗੜ੍ਹ ਵਿੱਚ ਪੰਚਾਇਤ ਮੈਂਬਰ ਮਨਪ੍ਰੀਤ ਸਿੰਘ ਗੋਲਡੀ 'ਤੇ ਗੋਲੀਬਾਰੀ ਕੀਤੀ ਗਈ ਸੀ, ਜਿਸ ਦੌਰਾਨ ਕਰੀਬ ਅੱਠ ਰਾਊਂਡ ਫਾਇਰ ਹੋਏ ਸਨ। ਇਸ ਮਾਮਲੇ ਵਿੱਚ ਪੁਲਸ ਨੇ ਇੰਦਰਜੀਤ ਸਿੰਘ ਬੁਈ ਅਤੇ ਉਸਦੇ ਸਾਥੀਆਂ ਖ਼ਿਲਾਫ਼ ਆਈ.ਪੀ.ਸੀ. ਦੀਆਂ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।

ਪੁਲਸ ਨੂੰ ਸੂਚਨਾ ਮਿਲੀ ਕਿ ਇੰਦਰਜੀਤ ਸਿੰਘ ਬੁਈ ਆਪਣੇ ਦੋ ਸਾਥੀਆਂ ਸਮੇਤ ਦੋਰਾਹਾ ਵਿੱਚ ਕੇ.ਐਫ.ਸੀ. ਦੇ ਪਿੱਛੇ ਸਥਿਤ ਇੱਕ ਸੁੰਨਸਾਨ ਕਲੋਨੀ ਵਿੱਚ ਲੁਕਿਆ ਹੋਇਆ ਹੈ। ਸੂਚਨਾ ਮਿਲਦੇ ਹੀ ਪੁਲਸ ਟੀਮ ਨੇ ਇਲਾਕੇ ਨੂੰ ਘੇਰ ਲਿਆ। ਪੁਲਸ ਗੱਡੀਆਂ ਦੇਖ ਕੇ ਦੋਸ਼ੀਆਂ ਨੇ ਇੱਕ ਘਰ ਦੀ ਕੰਧ ਟੱਪ ਕੇ ਭੱਜਣ ਦੀ ਕੋਸ਼ਿਸ਼ ਕੀਤੀ।

ਇਸ ਦੌਰਾਨ ਦੋਰਾਹਾ ਥਾਣੇ ਦੇ ਐਸ.ਐਚ.ਓ. ਆਕਾਸ਼ ਦੱਤ ਆਪਣੀ ਟੀਮ ਨਾਲ ਅੱਗੇ ਮੌਜੂਦ ਸਨ। ਪੁਲਸ ਨੂੰ ਦੇਖ ਕੇ ਦੋਸ਼ੀ ਇੰਦਰਜੀਤ ਸਿੰਘ ਬੁਈ ਨੇ ਆਪਣੀ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ ਵਿੱਚੋਂ ਦੋ ਗੋਲੀਆਂ ਪੁਲਸ ਦੀ ਗੱਡੀ ਉਪਰ ਲੱਗੀਆਂ। ਸਵੈ-ਰੱਖਿਆ ਵਿੱਚ ਪੁਲਸ ਨੇ ਜਵਾਬੀ ਫਾਇਰਿੰਗ ਕਰਦਿਆਂ ਦੋਸ਼ੀ ਦੀ ਲੱਤ ਵਿੱਚ ਗੋਲੀ ਮਾਰੀ ਅਤੇ ਉਸਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ।

ਮੌਕੇ ’ਤੇ ਪਹੁੰਚੇ ਐਸ.ਐਸ.ਪੀ. ਖੰਨਾ ਡਾ. ਜੋਤੀ ਯਾਦਵ ਬੈਂਸ ਨੇ ਦੱਸਿਆ ਕਿ ਇੰਦਰਜੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਕਈ ਗੰਭੀਰ ਮਾਮਲੇ ਦਰਜ ਹਨ। ਉਸ 'ਤੇ ਇਰਾਦਾ ਕਤਲ, ਡਕੈਤੀ ਅਤੇ ਗੋਲੀਬਾਰੀ ਵਰਗੇ ਦੋਸ਼ ਹਨ ਅਤੇ ਪੁਲਸ ਨੂੰ ਉਹ ਚਾਰ ਵੱਖ-ਵੱਖ ਮਾਮਲਿਆਂ ਵਿੱਚ ਲੋੜੀਂਦਾ ਸੀ। ਐਸ.ਐਸ.ਪੀ. ਨੇ ਕਿਹਾ ਕਿ ਮਾਮਲੇ ਵਿੱਚ ਦੋ ਹੋਰ ਦੋਸ਼ੀ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਪੁਲਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਪੁਲਸ ਪੂਰੀ ਤਰ੍ਹਾਂ ਚੌਕਸ ਹੈ ਅਤੇ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਅੱਗੇ ਵੀ ਜਾਰੀ ਰਹੇਗੀ।


author

Inder Prajapati

Content Editor

Related News