ਖਾਲੀ ਪਲਾਟ ''ਚ ਭਰੂਣ ਸੁੱਟੇ ਜਾਣ ਕਾਰਨ ਫੈਲੀ ਦੁਰਗੰਧ

07/08/2017 12:10:21 AM

ਰੂਪਨਗਰ, (ਕੈਲਾਸ਼)— ਬੇਲਾ ਚੌਕ ਸਥਿਤ ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਕੁਨੈਕਟ ਦਫਤਰ ਦੇ ਵਿਚਕਾਰ ਖਾਲੀ ਪਏ ਪਲਾਟ 'ਚ ਬੀਤੀ ਰਾਤ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਲਿਫਾਫੇ 'ਚ ਪਾ ਕੇ ਭਰੂਣ ਨੂੰ ਸੁੱਟਣ ਦੇ ਕਾਰਨ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਨੇ ਡੂੰਘਾ ਰੋਸ ਪ੍ਰਗਟ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਕੌਂਸਲਰ ਜਸਵਿੰਦਰ ਕੌਰ ਵਾਲੀਆ ਦੇ ਪਤੀ ਸੰਤੋਖ ਸਿੰਘ ਵਾਲੀਆ ਨੇ ਦੱਸਿਆ ਕਿ ਬੀਤੀ ਰਾਤ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਕਤ ਖਾਲੀ ਪਲਾਟ 'ਚ ਇਕ ਲਿਫਾਫੇ 'ਚ ਖੂਨ ਨਾਲ ਲੱਥਪੱਥ ਹੋਇਆ ਭਰੂਣ ਸੁੱਟਿਆ ਗਿਆ ਸੀ।  ਵਾਲੀਆ ਨੇ ਦੱਸਿਆ ਕਿ ਇਸ ਸਬੰਧੀ ਸੂਚਨਾ ਉਨ੍ਹਾਂ ਨਗਰ ਕੌਂਸਲ ਦੇ ਸਫਾਈ ਸੇਵਕਾਂ ਨੂੰ ਦਿੱਤੀ, ਜਿਨ੍ਹਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਫਰਨਾਇਲ ਸੁੱਟ ਕੇ ਭਰੂਣ ਨੂੰ ਉੱਥੇ ਦਬਾ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਕਈ ਵਾਰ ਸਾਹਮਣੇ ਆ ਚੁੱਕੇ ਹਨ। 
ਅੱਜ ਦੀ ਇਸ ਦਰਿੰਦਗੀ ਦੀ ਘਟਨਾ ਦੇ ਕਾਰਨ ਲੋਕਾਂ 'ਚ ਵੱਖ-ਵੱਖ ਚਰਚਾ ਦਾ ਬਾਜ਼ਾਰ ਵੀ ਗਰਮ ਰਿਹਾ। ਲੋਕਾਂ ਦਾ ਕਹਿਣਾ ਸੀ ਕਿ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਇਨਸਾਨੀ ਭਰੂਣ ਨੂੰ ਖਾਲੀ ਪਲਾਟ 'ਚ ਹੀ ਸੁੱਟ ਕੇ ਦਬਾ ਦਿੱਤਾ ਜਾਂਦਾ ਹੈ। ਇਸ ਸਬੰਧੀ ਪੁਲਿਸ ਨੂੰ ਵੀ ਸੂਚਨਾ ਦੇਣਾ ਜ਼ਰੂਰੀ ਨਹੀਂ ਸਮਝਿਆ ਗਿਆ।
ਉਕਤ ਪਲਾਟ ਦਾ ਮਾਲਕ ਬਲਵੰਤ ਸਿੰਘ ਮੋਹਾਲੀ 'ਚ ਰਹਿੰਦਾ ਹੈ ਅਤੇ ਪਲਾਟ ਦੀ ਦੇਖ-ਭਾਲ ਨਾ ਹੋਣ ਕਾਰਨ ਲੋਕ ਇਸ ਦੀ ਦੁਰਵਰਤੋਂ ਕਰ ਰਹੇ ਹਨ ਜਦੋਂ ਕਿ ਇਸ ਮੌਕੇ ਸੰਤੋਖ ਸਿੰਘ ਵਾਲੀਆ ਨੇ ਦੱਸਿਆ ਕਿ ਉਨ੍ਹਾਂ ਨੇ ਪਲਾਟ 'ਚ ਆਉਣ-ਜਾਣ ਦਾ ਰਸਤਾ ਬੰਦ ਕਰਨ ਲਈ ਕੰਡਿਆਲੀ ਤਾਰ ਵੀ ਲਾਈ ਸੀ ਪਰ ਲੋਕਾਂ ਨੇ ਉਸ ਨੂੰ ਕੁਝ ਦੇਰ ਬਾਅਦ ਹੀ ਤੋੜ ਦਿੱਤਾ। ਇਸ ਮੌਕੇ ਜਗਤਾਰ ਸਿੰਘ ਉਰਫ ਸੋਨੂੰ ਵੀ ਮੌਜੂਦ ਸਨ।
ਕੀ ਕਹਿਣਾ ਹੈ ਨਗਰ ਕੌਂਸਲ ਦੇ ਈ. ਓ. ਦਾ- ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਈ. ਓ. ਭੂਸ਼ਣ ਜੈਨ ਅਤੇ ਸੈਨੇਟਰੀ ਇੰਸਪੈਕਟਰ ਦਿਆਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਮਾਮਲਾ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ। ਜਦੋਂ ਕਿ ਦੂਜੇ ਪਾਸੇ ਦਿਆਲ ਸਿੰਘ ਨੇ ਦੱਸਿਆ ਕਿ ਕਿਸੇ ਵਿਅਕਤੀ ਵੱਲੋਂ ਉਕਤ ਪਲਾਟ 'ਚ ਫੈਲੀ ਦੁਰਗੰਧ ਦੇ ਕਾਰਨ ਉਨ੍ਹਾਂ ਨੂੰ ਫੋਨ ਆਇਆ ਸੀ ਅਤੇ ਉਨ੍ਹਾਂ ਨੇ ਆਪਣੇ ਸਫਾਈ ਸੇਵਕ ਭੇਜ ਦਿੱਤੇ ਸਨ ਪਰ ਉਕਤ ਮਾਮਲੇ ਬਾਰੇ ਕਿਸੇ ਨੇ ਕੋਈ ਜਾਣਕਾਰੀ ਨਹੀਂ ਦਿੱਤੀ।


Related News