ਬਿਹਤਰ ਮੌਸਮ ਦੀ ਸਥਿਤੀ ’ਚ ਚੋਣਾਂ ਕਰਾਈਆਂ ਜਾਣ

05/06/2024 2:53:03 PM

ਜਲਵਾਯੂ ਸਬੰਧੀ ਚਿੰਤਾ ਇੰਨੀ ਗੰਭੀਰ ਹੈ ਕਿ ਇਸ ਦੇ ਲਈ ਸਹੀ ਵਿਚਾਰਕ ਅਤੇ ਸਮੂਹਿਕ ਪ੍ਰਤੀਕਿਰਿਆ ਦੀ ਲੋੜ ਹੈ। ਲੋਕਤੰਤਰ ਦੇ ਹਿੱਤ ਵਿਚ ਇਸ ਸਵਾਲ ਨੂੰ ਹੱਲ ਕਰਨ ਲਈ ਸਾਰੇ ਹਿੱਤਧਾਰਕਾਂ ਨੂੰ ਇਕੱਠਿਆਂ ਹੋਣਾ ਚਾਹੀਦਾ ਅਤੇ ਕੋਈ ਰਾਹ ਕੱਢਣਾ ਚਾਹੀਦਾ ਹੈ।

ਅਸੀਂ ਆਮ ਚੋਣਾਂ ਦੇ ਦਰਮਿਆਨ ਹਾਂ। ਇਕ ਇਕ ਤੋਂ ਵੱਧ ਕਾਰਨਾਂ ਕਰਕੇ ਬੜਾ ਹੀ ਮਹੱਤਵਪੂਰਨ ਮੌਕਾ ਹੈ। ਭਾਰਤ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਇਸ ਵਾਰ 96.88 ਕਰੋੜ ਨਾਗਰਿਕ ਵੋਟ ਪਾਉਣ ਦੇ ਪਾਤਰ ਹਨ। ਹਰੇਕ ਵੋਟ, ਭਾਵੇਂ ਉਹ ਕਿਸੇ ਵੀ ਉਮੀਦਵਾਰ ਲਈ ਹੋਵੇ, ਲੋਕਤੰਤਰ ਲਈ ਇਕ ਮਹੱਤਵਪੂਰਨ ਵੋਟ ਹੈ।

ਦੁਨੀਆ ਭਰ ’ਚ ਵੱਡੀ ਗਿਣਤੀ ਵਿਚ ਲੋਕਤੰਤਰਾਂ ’ਚ ਚੋਣਾਂ ਹੋ ਰਹੀਆਂ ਹਨ ਅਤੇ ਉਨ੍ਹਾਂ ’ਚੋਂ ਹਰੇਕ ਦਾ ਨਤੀਜਾ ਵੱਖ-ਵੱਖ ਵਿਸ਼ਵ ਪੱਧਰੀ ਘਟਨਾਵਾਂ ਨੂੰ ਵੱਖ-ਵੱਖ ਢੰਗਾਂ ਨਾਲ ਪ੍ਰਭਾਵਿਤ ਕਰੇਗਾ ਪਰ ਇਹ ਭਾਰਤ ਦੀਆਂ ਚੋਣਾਂ ਹੀ ਹੋਣਗੀਆਂ ਜੋ ਲੋਕਤੰਤਰ ਨੂੰ ਮਜ਼ਬੂਤ ਬਣਾਉਣ ’ਚ ਸਭ ਤੋਂ ਵੱਧ ਯੋਗਦਾਨ ਪਾਉਣਗੀਆਂ।

ਜ਼ਾਹਿਰ ਤੌਰ ’ਤੇ ਸਮੇਂ ਦੀ ਮੰਗ ਇਹ ਹੈ ਕਿ ਚੋਣਾਂ ਨੂੰ ਜਿੰਨਾ ਸੰਭਵ ਹੋ ਸਕੇ ਸਹਿਭਾਗੀ ਬਣਾਇਆ ਜਾਵੇ। ਵੋਟਰਾਂ ਤੱਕ ਪਹੁੰਚਣ ਅਤੇ ਦੂਰ-ਦੁਰਾਡੀਆਂ ਥਾਵਾਂ ’ਚ ਵੋਟਾਂ ਪਾਉਣ ਦਾ ਪ੍ਰਬੰਧ ਕਰਨ ਲਈ ਹਰ ਸੰਭਵ ਯਤਨ ਕਰਨ ਲਈ ਭਾਰਤ ਦੇ ਚੋਣ ਕਮਿਸ਼ਨ (ਈ. ਸੀ. ਆਈ.) ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ’ਚੋਂ ਕੁਝ ਥਾਵਾਂ ਤੱਕ ਪਹੁੰਚਣਾ ਬੜਾ ਔਖਾ ਹੈ। ਨਾਗਰਿਕ ਸਮਾਜ ਸੰਗਠਨਾਂ ਅਤੇ ਨਿਊਜ਼ ਮੀਡੀਆ ਨੇ ਵੀ ਵੋਟਿੰਗ ਦੇ ਅਧਿਕਾਰ ਅਤੇ ਫਰਜ਼ਾਂ ਬਾਰੇ ਜਾਗਰੂਕਤਾ ਵਧਾਉਣ ਲਈ ਮੁਹਿੰਮਾਂ ਚਲਾਈਆਂ ਹਨ।

ਵੋਟਰਾਂ ਨੇ ਵੀ ਉਸ ਸੱਦੇ ਦਾ ਜਵਾਬ ਦਿੱਤਾ ਅਤੇ ਪਹਿਲੇ 2 ਪੜਾਆਂ ’ਚ ਬੜੇ ਉਤਸ਼ਾਹ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਹੁਣ ਤੱਕ ਦਾ ਰੁਝਾਨ ਤਸੱਲੀਬਖਸ਼ ਰਿਹਾ ਹੈ ਪਰ, ਜਦੋਂ ਵੀ ਵੋਟਿੰਗ-ਫੀਸਦੀ ਦੇ ਅੰਕੜਿਆਂ ’ਤੇ ਚਰਚਾ ਹੁੰਦੀ ਹੈ, ਤਾਂ ਆਬਜ਼ਰਵਰ ਅਤੇ ਵਿਸ਼ਲੇਸ਼ਕ ਅਕਸਰ ਇਕ ਵੱਡੀ ਚੁਣੌਤੀ ਭਾਵ ਗਰਮੀ ਦੇ ਮੌਸਮ ਦਾ ਵਰਣਨ ਕਰਦੇ ਹਨ। ਜੇਕਰ ਗਰਮੀ ਦੇ ਬਾਵਜੂਦ ਵੋਟਰ ਵੱਡੀ ਗਿਣਤੀ ਵਿਚ ਬਾਹਰ ਆਏ ਹਨ, ਤਾਂ ਸਹੀ ਮੌਸਮ ’ਚ ਚੋਣਾਂ ਹੋਣ ’ਤੇ ਲੋਕਤੰਤਰੀ ਪ੍ਰਕਿਰਿਆ ’ਚ ਉਨ੍ਹਾਂ ਦੀ ਹਿੱਸੇਦਾਰੀ ਕਿਤੇ ਵੱਧ ਹੁੰਦੀ।

ਮੌਜੂਦਾ ਦ੍ਰਿਸ਼ ’ਚ ਮੌਸਮ ਇਕ ਨਾ-ਸਹਿਣਯੋਗ ਕਾਰਕ ਹੈ। ਚੋਣਾਂ ਨੂੰ ਇਸ ਤਰ੍ਹਾਂ ਨਿਰਧਾਰਿਤ ਕੀਤਾ ਜਾਣਾ ਚਾਹੀਦਾ ਹੈ ਕਿ 17ਵੀਂ ਲੋਕ ਸਭਾ ਦਾ ਕਾਰਜਕਾਲ ਖਤਮ ਹੋਣ (16 ਜੂਨ ਨੂੰ) ਤੋਂ ਪਹਿਲਾਂ ਨਤੀਜੇ ਆ ਜਾਣ। ਰਸਦ ਅਤੇ ਸੁਰੱਖਿਆ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ਵੋਟਿੰਗ ਨੂੰ ਕਈ ਹਫਤਿਆਂ ਤੱਕ ਫੈਲਾਉਣਾ ਹੋਵੇਗਾ।

ਇਨ੍ਹਾਂ 2 ਤੱਥਾਂ ਨੂੰ ਦੇਖਦੇ ਹੋਏ ਸਾਨੂੰ ਜੋ ਮਿਲਿਆ ਹੈ ਉਹ ਇਕ ਚੋਣ ਪ੍ਰੋਗਰਾਮ ਹੈ ਜੋ ਅਪ੍ਰੈਲ ਤੋਂ ਸ਼ੁਰੂ ਹੁੰਦਾ ਹੈ ਅਤੇ ਜੂਨ ਵਿਚ ਖਤਮ ਹੁੰਦਾ ਹੈ। ਠੀਕ ਉਹੀ ਸਮਾਂ ਜਦੋਂ ਭਾਰਤ ਦੇ ਵਧੇਰੇ ਹਿੱਸੇ ਸਖਤ ਗਰਮੀ ਦੇ ਪੱਧਰ ਨਾਲ ਪੀੜਤ ਹੁੰਦੇ ਹਨ। ਇਥੇ ਇਹ ਧਿਆਨ ਦਿੱਤਾ ਜਾਣਾ ਚਾਹੀਦਾ ਸੀ ਕਿ ਈ. ਸੀ. ਆਈ. ਚੋਣਾਂ ਦਾ ਪ੍ਰੋਗਰਾਮ ਤੈਅ ਕਰਦੇ ਸਮੇਂ ਮੌਸਮ ਦੇ ਕਾਰਕ ਨੂੰ ਧਿਆਨ ਵਿਚ ਰੱਖੇ ਪਰ ਉਸ ਨੂੰ 16 ਜੂਨ ਦੀ ਅੰਤਿਮ ਸਮਾਂ-ਹੱਦ ਦਾ ਪਾਲਣ ਕਰਨਾ ਪਿਆ।

ਜਿਉਂ ਹੀ ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਨੇ ਅਪ੍ਰੈਲ ਦੌਰਾਨ ਕਈ ਜ਼ਿਲਿਆਂ ’ਚ ਲੂ ਦੀ ਚਿਤਾਵਨੀ ਜਾਰੀ ਕੀਤੀ, ਈ. ਸੀ. ਆਈ. ਨੇ ਤੇਜ਼ ਕਾਰਵਾਈ ਕੀਤੀ। ਇਸ ਨੇ ਈ. ਸੀ. ਆਈ., ਆਈ. ਐੱਮ. ਡੀ., ਐੱਨ. ਡੀ. ਐੱਮ. ਏ. ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ (ਐੱਮ. ਓ. ਐੱਚ. ਐੱਫ. ਡਬਲਿਊ.) ਦੇ ਅਧਿਕਾਰੀਆਂ ਨੂੰ ਸ਼ਾਮਲ ਕਰਦੇ ਹੋਏ ਇਕ ਟਾਸਕ ਫੋਰਸ ਗਠਿਤ ਕਰਨ ਦਾ ਫੈਸਲਾ ਲਿਆ, ਜੋ ਕਿਸੇ ਵੀ ਸਬੰਧਤ ਵਿਕਾਸ ਅਤੇ ਢੁੱਕਵੇਂ ਉਪਾਆਂ ਲਈ ਹਰੇਕ ਵੋਟਿੰਗ ਪੜਾਅ ਤੋਂ 5 ਦਿਨ ਪਹਿਲਾਂ ਗਰਮੀ ਦੀ ਲਹਿਰ ਅਤੇ ਹੁੰਮਸ ਦੇ ਪ੍ਰਭਾਵ ਦੀ ਸਮੀਖਿਆ ਕਰੇਗੀ।

ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੂੰ ਚੋਣ ਸੰਚਾਲਨ ਨੂੰ ਪ੍ਰਭਾਵਿਤ ਕਰਨ ਵਾਲੀ ਗਰਮੀ ਦੀ ਲਹਿਰ ਦੀ ਸਥਿਤੀ ਦੀ ਤਿਆਰੀ ਕਰਨ ਅਤੇ ਸਹਾਇਤਾ ਮੁਹੱਈਆ ਕਰਨ ਲਈ ਸੂਬੇ ਵਿਚ ਸਿਹਤ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕਰਨ ਦਾ ਹੁਕਮ ਦਿੱਤਾ ਗਿਆ ਸੀ। ਚੋਣ ਕਮਿਸ਼ਨ ਨੇ ਸੂਬਾ ਪੱਧਰੀ ਅਧਿਕਾਰੀਆਂ ਨੂੰ ਪੋਲਿੰਗ ਕੇਂਦਰਾਂ ’ਤੇ ਛਾਂ, ਪੀਣ ਦਾ ਪਾਣੀ ਅਤੇ ਪੱਖਿਆਂ ਦਾ ਪ੍ਰਬੰਧ ਕਰਨ ਲਈ ਵੀ ਕਿਹਾ।

ਉਤਸਵ ਤਜਵੀਜ਼ : ਮੈਨੂੰ ਯਕੀਨ ਹੈ ਕਿ ਇਹ ਉਪਾਅ ਵੋਟਰਾਂ ਨੂੰ ਕੁਝ ਹੱਦ ਤੱਕ ਰਾਹਤ ਮੁਹੱਈਆ ਕਰਨਗੇ। ਫਿਰ ਵੀ ਉਹ ਚੋਣ ਪ੍ਰਕਿਰਿਆ ਦੇ ਸਿਰਫ ਇਕ ਪਹਿਲੂ ਨੂੰ ਕਵਰ ਕਰਦੇ ਹਨ। ਉਮੀਦਵਾਰਾਂ, ਸਿਆਸੀ ਨੇਤਾਵਾਂ ਅਤੇ ਪਾਰਟੀ ਵਰਕਰਾਂ ਨੂੰ ਬਾਹਰ, ਗਰਮੀ ਅਤੇ ਘੱਟੇ-ਮਿੱਟੀ ’ਚ ਪ੍ਰਚਾਰ ਕਰਨਾ ਪੈਂਦਾ ਹੈ। ਜਨਤਕ ਰੈਲੀਆਂ ’ਚ ਮਹਾਰਥੀ ਨੇਤਾਵਾਂ ਦੇ ਬੇਹੋਸ਼ ਹੋਣ ਦੀਆਂ ਖਬਰਾਂ ਹੈਰਾਨ ਕਰਨ ਵਾਲੀਆਂ ਸਨ ਪਰ ਹੈਰਾਨੀਜਨਕ ਨਹੀਂ।

ਪੋਲਿੰਗ ਕੇਂਦਰ ’ਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ ਪਰ ਜਿਹੜੇ ਵੋਟਰਾਂ ਨੂੰ ਦਿਹਾਤੀ ਇਲਾਕਿਆਂ ’ਚ ਤੇਜ਼ ਧੁੱਪ ’ਚ ਕਾਫੀ ਦੂਰੀ ਤੈਅ ਕਰਨੀ ਪੈ ਸਕਦੀ ਹੈ, ਉਹ ਬਾਹਰ ਨਿਕਲਣਾ ਪਸੰਦ ਨਹੀਂ ਕਰਨਗੇ।

ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਇਹ ਦ੍ਰਿਸ਼ ਅਪਵਾਦ ਤੋਂ ਵੱਧ ਇਕ ਆਦਰਸ਼ ਹਨ। ਭਾਰਤੀ ਗਰਮੀਆਂ ਲਈ ਮੌਸਮ ਦੀ ਇਹ ਸਥਿਤੀ ਬਿਲਕੁਲ ਵੀ ਸਹੀ ਨਹੀਂ ਹੈ। ਉੱਤਰੀ ਮੈਦਾਨੀ ਇਲਾਕਿਆਂ ਅਤੇ ਦੱਖਣੀ ਪ੍ਰਾਇਦੀਪੀ ਅਤੇ ਸਮੁੰਦਰੀ ਕੰਢੇ ਵਾਲੇ ਇਲਾਕਿਆਂ ’ਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਵਧ ਜਾਂਦਾ ਹੈ, ਇਥੋਂ ਤੱਕ ਕਿ ਕੁਝ ਥਾਵਾਂ ’ਤੇ 45 ਡਿਗਰੀ ਸੈਲਸੀਅਸ ਤੋਂ ਵੀ ਉੱਪਰ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਭਵਿੱਖ ਵਿਚ ਮਈ-ਜੂਨ ’ਚ ਜਦੋਂ ਵੀ ਵੋਟਾਂ ਹੋਣਗੀਆਂ, ਉਦੋਂ ਵੀ ਇਸੇ ਤਰ੍ਹਾਂ ਦੇ ਗਰਮ ਮੌਸਮ ਸਬੰਧੀ ਸਮੱਸਿਆਵਾਂ ਹੋਣਗੀਆਂ। ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ਕਾਰਨ ਸਥਿਤੀਆਂ, ਜੇਕਰ ਕੁਝ ਵੀ ਹੋਣ, ਸਿਰਫ ਭੈੜੀਆਂ ਹੋ ਸਕਦੀਆਂ ਹਨ।

ਇਸ ਲਈ, ਸਾਨੂੰ ਵੋਟਰਾਂ, ਪ੍ਰਚਾਰਕਾਂ ਅਤੇ ਚੋਣ ਸੰਚਾਲਨ ਦੇ ਇੰਚਾਰਜ ਅਧਿਕਾਰੀਆਂ ਨੂੰ ਨਹੀਂ ਭੁੱਲਣਾ ਚਾਹੀਦਾ।

ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਮ ਚੋਣਾਂ ਲਈ ਮੌਸਮ ਅਨੁਸਾਰ ਢੁੱਕਵੀਂ ਸਮਾਂ-ਸਾਰਣੀ ਤਜਵੀਜ਼ਤ ਕਰੀਏ। ਮੈਂ ਇਥੇ ਸਪੱਸ਼ਟ ਕਰ ਦੇਵਾਂ ਕਿ ਇਹ ਵਿਸ਼ਾ ਇਕੱਠੀਆਂ ਚੋਣਾਂ ’ਤੇ ਮੇਰੀ ਪ੍ਰਧਾਨਗੀ ਵਾਲੀ ਉੱਚ ਪੱਧਰੀ ਕਮੇਟੀ ਦੇ ਸੰਦਰਭ ਦੀਆਂ ਸ਼ਰਤਾਂ ਦਾ ਹਿੱਸਾ ਨਹੀਂ ਸੀ। ਚੋਣ ਸਮਾਂ-ਸਾਰਣੀ ਬਾਰੇ ਮੇਰਾ ਸੁਝਾਅ ਕਮੇਟੀ ਦੀਆਂ ਸਿਫਾਰਿਸ਼ਾਂ ਤੋਂ ਵੱਖ ਹੈ ਅਤੇ ਨਿੱਜੀ ਸਮਰੱਥਾ ਵਿਚ ਦਿੱਤਾ ਗਿਆ ਹੈ।

ਰਾਮ ਨਾਥ ਕੋਵਿੰਦ (ਸਾਬਕਾ ਰਾਸ਼ਟਰਪਤੀ)


Rakesh

Content Editor

Related News