ਜ਼ਿਲੇ ਪੱਧਰੀ ਮੇਲੇ ''ਚ 160 ਉਦਮੀਆਂ ਨੂੰ ਮਿਲਿਆ ਰੋਜ਼ਗਾਰ

Thursday, Mar 01, 2018 - 12:15 PM (IST)

ਜ਼ਿਲੇ ਪੱਧਰੀ ਮੇਲੇ ''ਚ 160 ਉਦਮੀਆਂ ਨੂੰ ਮਿਲਿਆ ਰੋਜ਼ਗਾਰ

ਨਵਾਂਸ਼ਹਿਰ (ਮਨੋਰੰਜਨ, ਤ੍ਰਿਪਾਠੀ)— ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਜ਼ਿਲੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਲਾਏ ਗਏ ਜ਼ਿਲਾ ਪੱਧਰੀ ਰੋਜ਼ਗਾਰ ਮੇਲੇ ਦੌਰਾਨ ਪੁੱਜੇ 225 ਉਦਮੀਆਂ 'ਚੋਂ 160 ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ।
ਜ਼ਿਲਾ ਰੋਜ਼ਗਾਰ ਸਿਖਲਾਈ ਤੇ ਉਤਪਤੀ ਅਫਸਰ ਬਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੇਲੇ ਦੌਰਾਨ 42 ਨੌਜਵਾਨਾਂ ਦੀ ਸਲੂਜਾ ਇੰਜੀਨੀਅਰਿੰਗ ਲਿਮਟਿਡ ਰਾਹੋਂ (ਸੈਲ) ਵਿਚ ਪਲੇਸਮੈਂਟ ਕਰਵਾਉਣ ਲਈ ਪ੍ਰਕਿਰਿਆ ਸ਼ੁਰੂ ਕਰਵਾਈ ਗਈ, ਇਨ੍ਹਾਂ 'ਚੋਂ 30 ਲਾਭਪਾਤਰੀ ਪੰਜਾਬ ਹੁਨਰ ਵਿਕਾਸ ਮਿਸ਼ਨ ਨਾਲ ਸਬੰਧਤ ਹਨ। ਇਸੇ ਤਰ੍ਹਾਂ ਹੁਨਰ ਸਿਖਲਾਈ ਲਈ ਇਨ੍ਹਾਂ 'ਚੋਂ 85 ਲਾਭਪਾਤਰੀਆਂ ਦੀ ਚੋਣ ਕੀਤੀ ਗਈ। ਕਾਮਨ ਸਰਵਿਸ ਸੈਂਟਰਾਂ ਵਾਸਤੇ 15 ਉਮੀਦਵਾਰਾਂ ਨੇ ਦਿਲਚਸਪੀ ਦਿਖਾਈ, ਜਿਸ 'ਚੋਂ 4 ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਿਖਿਆਰਥੀ ਹਨ। ਇਸ ਤੋਂ ਇਲਾਵਾ 18 ਲਾਭਪਾਤਰੀਆਂ ਨੇ ਐੱਸ. ਸੀ./ਬੈਕਫਿਨਕੋ/ਜ਼ਿਲਾ ਉੁਦਯੋਗ ਕੇਂਦਰਾਂ ਦੀਆਂ ਕਰਜ਼ਾ ਯੋਜਨਾਵਾਂ ਰਾਹੀਂ ਸਵੈ-ਰੋਜ਼ਗਾਰ ਸਥਾਪਤ ਕਰਨ ਦੀ ਇੱਛਾ ਦਿਖਾਈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਸਾਰੇ ਉਦਮੀਆਂ ਦੀ ਸਬੰਧਤ ਸਕੀਮਾਂ ਤਹਿਤ ਰਜਿਸਟ੍ਰੇਸ਼ਨ ਕਰਵਾ ਕੇ ਸਬੰਧਤ ਵਿਭਾਗਾਂ ਨੂੰ ਰੋਜ਼ਗਾਰ ਸਥਾਪਤੀ ਲਈ ਅਗਲੀ ਕਾਰਵਾਈ ਜਲਦ ਨਿਪਟਾਉਣ ਲਈ ਆਖਿਆ ਗਿਆ ਹੈ। ਅਗਲਾ ਰੋਜ਼ਗਾਰ ਮੇਲਾ 7 ਮਾਰਚ ਨੂੰ ਲਾਇਆ ਜਾਵੇਗਾ। 
ਇਸ ਮੌਕੇ ਰੋਜ਼ਗਾਰ ਅਫਸਰ ਬਲਬੀਰ ਸਿੰਘ ਅਤੇ ਸੀਨੀਅਰ ਸਹਾਇਕ ਗੁਰਵਿੰਦਰ ਸਿੰਘ ਨੇ ਹਾਜ਼ਰ ਹੋਏ ਉਦਮੀਆਂ ਨੂੰ ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਅਤੇ ਹੁਨਰੀ ਸਿੱਖਿਆ ਲੈ ਕੇ ਸਵੈ-ਰੋਜ਼ਗਾਰ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਰੋਜ਼ਗਾਰ ਪ੍ਰਾਪਤੀ ਲਈ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਐੱਸ. ਐੱਚ. ਓ. ਸ਼ਹਿਬਾਜ਼ ਸਿੰਘ ਅਤੇ ਉਨ੍ਹਾਂ ਦਾ ਸਟਾਫ ਵਿਸ਼ੇਸ਼ ਤੌਰ 'ਤੇ ਹਾਜ਼ਰ ਰਿਹਾ।


Related News